ਕੈਲੇਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, 5 ਮੌਤਾਂ
ਕੈਲੇਫੋਰਨੀਆ ਦੀ ਲੌਸ ਐਂਜਲਸ ਕਾਊਂਟੀ ਵਿਚ ਅੱਗ ਦੇ ਭਾਂਬੜ ਉਠ ਰਹੇ ਹਨ ਅਤੇ ਤੇਜ਼ ਹਵਾਵਾਂ ਕਾਰਨ ਤਿੰਨ ਥਾਵਾਂ ’ਤੇ ਜੰਗਲਾਂ ਦੀ ਅੱਗ ਨੂੰ ਪੂਰੀ ਤਰ੍ਹਾਂ ਬੇਕਾਬੂ ਐਲਾਨ ਦਿਤਾ ਗਿਆ ਹੈ।
By : Upjit Singh
ਲੌਸ ਐਂਜਲਸ : ਕੈਲੇਫੋਰਨੀਆ ਦੀ ਲੌਸ ਐਂਜਲਸ ਕਾਊਂਟੀ ਵਿਚ ਅੱਗ ਦੇ ਭਾਂਬੜ ਉਠ ਰਹੇ ਹਨ ਅਤੇ ਤੇਜ਼ ਹਵਾਵਾਂ ਕਾਰਨ ਤਿੰਨ ਥਾਵਾਂ ’ਤੇ ਜੰਗਲਾਂ ਦੀ ਅੱਗ ਨੂੰ ਪੂਰੀ ਤਰ੍ਹਾਂ ਬੇਕਾਬੂ ਐਲਾਨ ਦਿਤਾ ਗਿਆ ਹੈ। ਇਕ ਹਜ਼ਾਰ ਤੋਂ ਵੱਧ ਇਮਾਰਤਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ ਅਤੇ ਤਾਜ਼ਾ ਹੁਕਮਾਂ ਤਹਿਤ ਇਕ ਲੱਖ ਲੋਕਾਂ ਨੂੰ ਇਲਾਕਾ ਛੱਡਣ ਦੀ ਹਦਾਇਤ ਦਿਤੀ ਗਈ ਹੈ। ਹਾਲੀਵੁੱਡ ਹਸਤੀਆਂ ਦੇ ਇਲਾਕੇ ਵਿਚ ਹੁਣ ਤੱਕ ਪੰਜ ਮੌਤਾਂ ਹੋਣ ਦੀ ਰਿਪੋਰਟ ਹੈ ਅਤੇ 50 ਅਰਬ ਡਾਲਰ ਤੋਂ ਵੱਧ ਨੁਕਸਾਨ ਹੋ ਚੁੱਕਾ ਹੈ।
2 ਹਜ਼ਾਰ ਇਮਾਰਤਾਂ ਸੜ ਕੇ ਸੁਆਹ, ਹਜ਼ਾਰਾਂ ਲੋਕ ਹੋਏ ਬੇਘਰ
ਹਾਲਾਤ ਦੇ ਨਜ਼ਾਕਤ ਨੂੰ ਵੇਖਦਿਆਂ ਨੈਸ਼ਨਲ ਗਾਰਡਜ਼ ਤੈਨਾਤ ਕੀਤੇ ਜਾ ਚੁੱਕੇ ਹਨ ਅਤੇ ਫੌਜ ਨੂੰ ਵੀ ਤਿਆਰ ਤਿਆਰ ਰਹਿਣ ਦੇ ਹੁਕਮ ਦੇ ਦਿਤੇ ਗਏ। ਮੰਗਲਵਾਰ ਨੂੰ ਤਿੰਨ ਨਵੀਆਂ ਥਾਵਾਂ ਪੈਲੀਸੇਡਜ਼, ਈਟਨ ਅਤੇ ਹਰਸਟ ਵਿਖੇ ਅੱਗ ਭੜਕ ਉਠੀ ਅਤੇ ਹਜ਼ਾਰਾਂ ਹੋਰਨਾਂ ਦੀ ਜਾਨ ਖ਼ਤਰਾ ਮੰਡਰਾਉਣ ਲੱਗਾ। ਲੌਸ ਐਂਜਲਸ ਫਾਇਰ ਡਿਪਾਰਟਮੈਂਟ ਵੱਲੋਂ ਹਾਲੀਵੁੱਡ ਬੁਲੇਵਾਰਡ ਤੋਂ ਦੱਖਣ ਵੱਲ, ਮਲਹੌਲੈਂਡ ਡਰਾਈਵ ਤੋਂ ਉੱਤਰ ਵੱਲ, 101 ਫਰੀਵੇਅ ਤੋਂ ਪੂਰਬ ਵੱਲ ਅਤੇ ਲੌਰਲ ਕੈਨੀਅਨ ਬੁਲੇਵਾਰਡ ਤੋਂ ਪੱਛਮ ਵੱਲ ਇਲਾਕਾ ਖਾਲੀ ਕਰਨ ਦੇ ਹੁਕਮ ਦਿਤੇ ਗਏ ਹਨ। ਦੂਜੇ ਪਾਸੇ ਮੈਂਡੀ ਮੂਰ, ਕੈਰੀ ਐਲਿਸ ਅਤੇ ਪੈਰਿਸ ਹਿਲਟਨ ਵਰਗੀਆਂ ਨਾਮੀ ਸ਼ਖਸੀਅਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਸੜ ਕੇ ਸੁਆਹ ਹੋ ਚੁੱਕੇ ਹਨ। ਬਿਲੀ ਕ੍ਰਿਸਟਲ ਅਤੇ ਉਨ੍ਹਾਂ ਦੀ ਪਤਨੀ ਜੈਨਿਸ ਨੂੰ ਆਪਣਾ 45 ਸਾਲ ਪੁਰਾਣਾ ਮਕਾਨ ਗਵਾਉਣਾ ਪਿਆ।
ਤੇਜ਼ ਹਵਾਵਾਂ ਕਾਰਨ ਤਿੰਨ ਥਾਵਾਂ ’ਤੇ ਬੇਕਾਬੂ ਹੋਈ ਅੱਗ
ਇਸੇ ਦੌਰਾਨ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਤਬਾਹੀ ਦਾ ਦੋਸ਼ ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦੇ ਸਿਰ ਮੜ੍ਹ ਦਿਤਾ ਗਿਆ ਅਤੇ ਜਦੋਂ ਪੱਤਰਕਾਰਾਂ ਨੇ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਲੌਸ ਐਂਜਲਸ ਦੀ ਮੇਅਰ ਕੈਰਨ ਬੈਸ ਘਾਨਾ ਦੌਰੇ ’ਤੇ ਗਏ ਹੋਏ ਸਨ ਅਤੇ ਤਬਾਹਕੁੰਨ ਅੱਗ ਬਾਰੇ ਪਤਾ ਲੱਗਣ ’ਤੇ ਦੌਰਾ ਵਿਚਾਲੇ ਛੱਡ ਕੇ ਪਰਤ ਆਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਗ ਦਾ ਤੂਫ਼ਾਨ ਭਾਰੀ ਨੁਕਸਾਨ ਕਰ ਰਿਹਾ ਹੈ। ਇਸੇ ਦੌਰਾਨ ਫਾਇਰ ਚੀਫ ਕ੍ਰਿਸਟੀਨ ਕ੍ਰੌਲੀ ਨੇ ਕਿਹਾ ਕਿ ਤੇਜ਼ ਹਵਾਵਾਂ ਕਾਰਨ ਅੱਗ ਬੁਝਾਉਣ ਦੇ ਯਤਨ ਨਾਕਾਮ ਸਾਬਤ ਹੋ ਰਹੇ ਹਨ ਪਰ ਫਾਇਰ ਫਾਈਟਰਜ਼ ਨੇ ਹੌਸਲਾ ਨਹੀਂ ਹਾਰਿਆ ਅਤੇ ਪੂਰੇ ਦਮਖਮ ਨਾਲ ਡਟੇ ਹੋਏ ਹਨ। ਹੈਲੀਕਾਪਟਰ ਰਾਹੀਂ ਖਿੱਚੀਆਂ ਤਸਵੀਰਾਂ ਵਿਚ ਤਬਾਹੀ ਦਾ ਮੰਜ਼ਰ ਸਾਫ਼ ਦੇਖਿਆ ਜਾ ਸਕਦਾ।
ਪੈਰਿਸ ਹਿਲਟਨ ਅਤੇ ਮੈਂਡੀ ਮੂਰ ਵਰਗੀਆਂ ਹਸਤੀਆਂ ਦੇ ਘਰ ਵੀ ਸੜੇ
ਈਟਨ ਵਾਲੇ ਪਾਸੇ ਅੱਗ ਦਾ ਘੇਰੇ 11 ਹਜ਼ਾਰ ਏਕੜ ਤੱਕ ਫੈਲ ਗਿਆ ਅਤੇ ਵੱਡੇ ਪੱਧਰ ’ਤੇ ਨੁਕਸਾਨ ਹੋਇਆ। ਦੂਜੇ ਪਾਸੇ ਲੋਕਾਂ ਦੇ ਖੁੱਲ੍ਹੇ ਘਰ ਬਾਰ ਲੁੱਟਣ ਲਈ ਲੁਟੇਰੇ ਵੀ ਪੁੱਜ ਗਏ ਅਤੇ ਪੁਲਿਸ ਹੁਣ ਤੱਕ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਦੇ ਭਾਂਬੜ ਇਕ ਮਿੰਟ ਵਿਚ ਫੁਟਬਾਲ ਦੇ ਪੰਜ ਮੈਦਾਨਾਂ ਦੇ ਬਰਾਬਰ ਇਲਾਕਾ ਸਾੜ ਕੇ ਸੁਆਹ ਕਰ ਰਹੇ ਹਨ। ਇਥੇ ਦਸਣਾ ਬਣਦਾ ਹੈਕਿ ਲੌਸ ਐਂਜਲਸ ਅਮਰੀਕਾ ਦੀ ਸਭ ਤੋਂ ਵੱਧ ਵਸੋਂ ਵਾਲੀ ਕਾਊਂਟੀ ਹੈ ਅਤੇ ਤਕਰੀਬਨ ਇਕ ਕਰੋੜ ਲੋਕ ਇਥੇ ਵਸਦੇ ਹਨ। ਅੱਗ ਨਾਲ ਨਾ ਸਿਰਫ਼ ਲੋਕਾਂ ਦੇ ਘਰ ਅਤੇ ਹੋਰ ਇਮਾਰਤਾਂ ਸੜ ਗਈਆਂ ਸਗੋਂ ਸੈਂਕੜੇ ਦਰੱਖਤ ਅਤੇ ਜਾਨਵਰ ਵੀ ਅੱਗ ਦੀ ਭੇਟ ਚੜ੍ਹ ਗਏ।