ਅਮਰੀਕਾ ਦੇ ਲੌਸ ਐਂਜਲਸ ਸ਼ਹਿਰ ਨੇੜੇ ਮੁੜ ਉਠੇ ਅੱਗ ਦੇ ਭਾਂਬੜ
ਅਮਰੀਕਾ ਦਾ ਲੌਸ ਐਂਜਲਸ ਸ਼ਹਿਰ ਮੁੜ ਅੱਗ ਦੇ ਭਾਂਬੜ ਵਿਚ ਘਿਰਦਾ ਮਹਿਸੂਸ ਹੋ ਰਿਹਾ ਹੈ ਅਤੇ ਹਜ਼ਾਰਾਂ ਲੋਕ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋ ਚੁੱਕੇ ਹਨ

By : Upjit Singh
ਲੌਸ ਐਂਜਲਸ : ਅਮਰੀਕਾ ਦਾ ਲੌਸ ਐਂਜਲਸ ਸ਼ਹਿਰ ਮੁੜ ਅੱਗ ਦੇ ਭਾਂਬੜ ਵਿਚ ਘਿਰਦਾ ਮਹਿਸੂਸ ਹੋ ਰਿਹਾ ਹੈ ਅਤੇ ਹਜ਼ਾਰਾਂ ਲੋਕ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋ ਚੁੱਕੇ ਹਨ। ਸਿਰਫ਼ 30 ਏਕੜ ਰਕਬੇ ਤੋਂ ਸ਼ੁਰੂ ਹੋਈ ਅੱਗ 1500 ਏਕੜ ਰਕਬੇ ਵਿਚ ਫੈਲ ਚੁੱਕੀ ਹੈ ਅਤੇ ਲੌਸ ਐਂਜਲਸ ਦੇ ਉੱਤਰ-ਪੱਛਮ ਵੱਲ ਹਾਲਾਤ ਬੇਕਾਬੂ ਦੱਸੇ ਜਾ ਰਹੇ ਹਨ। ਵੈਂਚੁਰਾ ਕਾਊਂਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਬਾਅਦ ਦੁਪਹਿਰ ਤਕਰੀਬਨ 2 ਵਜੇ ਪੀਰੂ ਕਸਬੇ ਨੇੜੇ ਚੰਗਿਆੜੇ ਉਠਣ ਦੀ ਇਤਲਾਹ ਮਿਲੀ ਅਤੇ ਕੁਝ ਹੀ ਪਲਾਂ ਵਿਚ ਅੱਗ ਦਾ ਘੇਰਾ ਵਧਣ ਲੱਗਾ।
ਹਜ਼ਾਰਾਂ ਲੋਕਾਂ ਨੇ ਘਰ-ਬਾਰ ਛੱਡਿਆ, ਅੱਗ ਤੇਜ਼ੀ ਨਾਲ ਫੈਲਣ ਦਾ ਖਦਸ਼ਾ
ਅੱਗ ਦਾ ਜ਼ੋਰ ਇਸ ਵੇਲੇ ਲੌਸ ਐਂਜਲਸ ਕਾਊਂਟੀ ਵਿਚ ਇੰਟਰਸਟੇਟ 5 ਵੱਲ ਦੱਸਿਆ ਜਾ ਰਿਹਾ ਹੈ ਅਤੇ ਹੈਸਲੀ ਕੈਨੀਅਨ, ਵੈਲ ਵਰਦੀ ਤੇ ਹੈਥਵੇਅ ਰੈਂਚ ਵਾਸਤੇ ਖਤਰਾ ਪੈਦਾ ਹੋ ਗਿਆ ਹੈ। ਲੌਸ ਐਂਜਲਸ ਕਾਊਂਟੀ ਦੇ ਸੁਪਰਵਾਈਜ਼ਰ ਬੋਰਡ ਦੀ ਮੁਖੀ ਕੈਥਰੀਨ ਬਾਰਜਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਰ-ਬਾਰ ਛੱਡਣ ਦੇ ਹੁਕਮਾਂ ਨੂੰ ਗੰਭੀਰਤਾ ਨਾਲ ਲੈਣ। ਉਨ੍ਹਾਂ ਕਿਹਾ ਕਿ ਅੰਤਾਂ ਦੀ ਗਰਮ ਅਤੇ ਖੁਸ਼ਕ ਮੌਸਮ ਖਤਰਨਾਕ ਹਾਲਾਤ ਪੈਦਾ ਕਰ ਰਿਹਾ ਹੈ ਜਿਥੇ ਅੱਗ ਫੈਲਣ ਦੀ ਰਫ਼ਤਾਰ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ। ਕੈਥਰੀਨ ਵੱਲੋਂ ਅਤੀਤ ਵਿਚ ਲੱਗੀ ਅੱਗ ਦੀ ਮਿਸਾਲ ਪੇਸ਼ ਕੀਤੀ ਗਈ ਜਦੋਂ ਸੈਂਕੜੇ ਲੋਕਾਂ ਨੂੰ ਜਾਨ ਗੁਆਣੀ ਪਈ ਅਤੇ ਹਜ਼ਾਰਾਂ ਘਰ ਸੜ ਕੇ ਸੁਆਹ ਹੋ ਗਏ। ਵੈਂਚੁਰਾ ਕਾਊਂਟੀ ਦੇ ਲੇਕ ਪੀਰੂ ਰੀਕ੍ਰੀਏਸ਼ਨ ਏਰੀਆ ਵਿਚ ਵਸਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਦਿਤੇ ਜਾ ਚੁੱਕੇ ਹਨ ਜਦਕਿ ਲੌਸ ਐਂਜਲਸ ਕਾਊਂਟੀ ਦੇ ਰੋਮੇਰੋ, ਵੈਲ ਵਰਦੀ, ਓਕ ਕੈਨੀਅਨ, ਹੈਸਲੀ ਕੈਨੀਅਨ ਅਤੇ ਕੈਸਟੈਕ ਵਿਖੇ ਵਸਦੇ ਲੋਕਾਂ ਨੂੰ ਵੀ ਸੁਰੱਖਿਅਤ ਇਲਾਕਿਆਂ ਵੱਲ ਜਾਣ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ।
ਜਨਵਰੀ ਵਿਚ ਲੱਗੀ ਅੱਗ ਨੇ ਕੀਤਾ ਸੀ ਭਾਰੀ ਜਾਨੀ ਅਤੇ ਮਾਲੀ ਨੁਕਸਾਨ
ਵੈਂਚੁਰਾ ਕਾਊਂਟੀ ਦੇ ਫਾਇਰ ਡਿਪਾਰਟਮੈਂਟ ਮੁਤਾਬਕ 150 ਫਾਇਰ ਫਾਈਟਰਜ਼ ਅੱਗ ਬੁਝਾਉਣ ਵਿਚ ਜੁਟੇ ਹੋਏ ਹਨ ਜਦਕਿ 11 ਹਵਾਈ ਜਹਾਜ਼ਾਂ ਸਣੇ ਸੱਤ ਹੈਲੀਕਾਪਟਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ। ਅੱਗ ਦੇ ਨੇੜੇ ਸਭ ਤੋਂ ਵੱਡਾ ਸ਼ਹਿਰ ਸੈਂਟਾ ਕਲੈਰੀਟਾ ਦੱਸਿਆ ਜਾ ਰਿਹਾ ਹੈ ਅਤੇ ਫ਼ਿਲਹਾਲ ਇਥੋਂ ਦੇ ਲੋਕਾਂ ਨੂੰ ਘਰ-ਬਾਰ ਛੱਡਣ ਦੇ ਹੁਕਮ ਨਹੀਂ ਦਿਤੇ ਗਏ ਪਰ ਪ੍ਰਭਾਵਤ ਇਲਾਕਿਆਂ ਵੱਲ ਆਉਣ ਦੀ ਮਨਾਹੀ ਕੀਤੀ ਗਈ ਹੈ। ਇਸੇ ਦੌਰਾਨ ਸੁਰੱਖਿਅਤ ਟਿਕਾਣਿਆਂ ਵੱਲ ਜਾਣ ਲਈ ਮਜਬੂਰ ਲੋਕਾਂ ਵਾਸਤੇ ਈਸਟ ਜਿਮਨੇਜ਼ੀਅਮ ਵਿਚ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਜਦਕਿ ਇਨ੍ਹਾਂ ਨੂੰ ਆਪਣੇ ਪਾਲਤੂ ਜਾਨਵਰ ਛੱਡਣ ਵਾਸਤੇ ਤਿੰਨ ਵੱਖੋ ਵੱਖਰੇ ਟਿਕਾਣੇ ਦੱਸ ਗਏ ਹਨ। ਇਥੇ ਦਸਣਾ ਬਣਦਾ ਹੈ ਕਿ ਕੈਲੇਫੋਰਨੀਆ ਵਿਚ ਕੈਨੀਅਨ ਫਾਇਰ ਕਾਰਨ 98 ਹਜ਼ਾਰ ਏਕੜ ਰਕਬਾ ਸੜ ਕੇ ਸੁਆਹ ਹੋ ਗਿਆ ਅਤੇ ਇਕ ਅੰਦਾਜ਼ੇ ਮੁਤਾਬਕ 250 ਅਰਬ ਡਾਲਰ ਦਾ ਨੁਕਸਾਨ ਹੋਇਆ ਜਦਕਿ ਲੌਸ ਐਂਜਲਸ ਕਾਊਂਟੀ ਦੇ ਜੀ.ਡੀ.ਪੀ. ਨੂੰ 4.6 ਅਰਬ ਡਾਲਰ ਦੀ ਢਾਹ ਲੱਗੀ। ਜਨਵਰੀ ਵਿਚ ਲੱਗੀ ਅੱਗ ਦੌਰਾਨ ਹਾਲਾਤ ਐਨੇ ਬਦਤਰ ਬਣ ਗਏ ਸਨ ਕਿ ਫਾਇਰ ਸਰਵਿਸ ਵਾਲਿਆਂ ਨੂੰ ਅੱਗ ਬੁਝਾਉਣ ਲਈ ਪਾਣੀ ਨਹੀਂ ਸੀ ਮਿਲ ਰਿਹਾ। ਪੈਲੀਸੇਡਜ਼ ਇਲਾਕੇ ਦੀ ਅੱਗ 31 ਵਰਗ ਮੀਲ ਤੋਂ ਵੱਧ ਇਲਾਕੇ ਵਿਚ ਫੈਲੀ ਜਦਕਿ ਈਟਨ ਇਲਾਕੇ ਦੀ ਅੱਗ 21 ਵਰਗ ਕਿਲੋਮੀਟਰ ਤੋਂ ਵੱਧ ਇਲਾਕਾ ਸਾੜ ਕੇ ਸੁਆਹ ਕਰ ਗਈ। ਦੁਨੀਆਂ ਦੇ ਸਭ ਤੋਂ ਅਮੀਰ ਮੁਲਕ ਦੇ ਸਭ ਤੋਂ ਅਮੀਰ ਸੂਬੇ ਦਾ ਸਭ ਤੋਂ ਅਮੀਰ ਸ਼ਹਿਰ ਲਾਚਾਰ ਨਜ਼ਰ ਆਇਆ। ਉਸ ਵੇਲੇ ਲੌਸ ਐਂਜਲਸ ਕਾਊਂਟੀ ਦੇ ਸ਼ੈਰਿਫ਼ ਰੌਬਰਟ ਲੂਨਾ ਨੇ ਕਿਹਾ ਸੀ ਕਿ ਅੱਗ ਭਾਂਬੜ ਦੇਖ ਕੇ ਇਉਂ ਲੱਗਾ ਜਿਵੇਂ ਇਨ੍ਹਾਂ ਇਲਾਕਿਆਂ ਵਿਚ ਪਰਮਾਣੂ ਬੰਬ ਡਿੱਗਿਆ ਹੋਵੇ।


