ਅਮਰੀਕਾ ਦੀ ਰਾਜਧਾਨੀ ਵਿਚ ਹਿੰਸਕ ਟਕਰਾਅ ਦਾ ਖਦਸ਼ਾ
ਅਮਰੀਕਾ ਦੀ ਰਾਜਧਾਨੀ ਵਿਚ ਹਥਿਆਰਬੰਦ ਜਵਾਨਾਂ ਦੀ ਮੌਜੂਦਗੀ ਲੋਕਾਂ ਅੰਦਰ ਗੁੱਸਾ ਪੈਦਾ ਕਰ ਰਹੀ ਹੈ ਅਤੇ ਰੋਸ ਵਿਖਾਵੇ ਆਰੰਭ ਹੋ ਚੁੱਕੇ ਹਨ

By : Upjit Singh
ਵਾਸ਼ਿੰਗਟਨ ਡੀ.ਸੀ. : ਅਮਰੀਕਾ ਦੀ ਰਾਜਧਾਨੀ ਵਿਚ ਹਥਿਆਰਬੰਦ ਜਵਾਨਾਂ ਦੀ ਮੌਜੂਦਗੀ ਲੋਕਾਂ ਅੰਦਰ ਗੁੱਸਾ ਪੈਦਾ ਕਰ ਰਹੀ ਹੈ ਅਤੇ ਰੋਸ ਵਿਖਾਵੇ ਆਰੰਭ ਹੋ ਚੁੱਕੇ ਹਨ। ਮੁਜ਼ਾਹਾਕਾਰੀਆਂ ਦੀ ਭੀੜ ਲਗਾਤਾਰ ਵਧਣ ਮਗਰੋਂ ਕਿਸੇ ਵੀ ਵੇਲੇ ਹਿੰਸਕ ਟਕਰਾਅ ਹੋਣ ਦਾ ਖਤਰਾ ਵਧ ਗਿਆ ਹੈ। ਉਧਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਰਾਤ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ, ‘‘ਡੀ.ਸੀ. ਵਿਚ ਹੁਣ ਤੱਕ ਕਾਤਲਾਂ ਅਤੇ ਠੱਗਾਂ ਦਾ ਦ ਬਦਬਾ ਸੀ ਪਰ ਫੈਡਰਲ ਸਰਕਾਰ ਨੇ ਸ਼ਹਿਰ ਨੂੰ ਆਪਣੇ ਕੰਟਰੋਲ ਵਿਚ ਲੈ ਲਿਆ ਹੈ।
ਨੈਸ਼ਨਲ ਗਾਰਡਜ਼ ਦੀ ਮੌਜੂਦਗੀ ਦਾ ਵਿਰੋਧ ਕਰਨ ਸੜਕਾਂ ’ਤੇ ਉਤਰੇ ਲੋਕ
ਹੁਣ ਵਾਈਟ ਹਾਊਸ ਦੇ ਹੁਕਮ ਚੱਲਣਗੇ। ਫੌਜ ਅਤੇ ਸਾਡੀ ਪੁਲਿਸ ਸ਼ਹਿਰ ਨੂੰ ਆਜ਼ਾਦ ਕਰਵਾਉਣਗੇ ਅਤੇ ਸਾਰਾ ਗੰਦ ਕੱਢ ਕੇ ਬਾਹਰ ਸੁੱਟ ਦਿਤਾ ਜਾਵੇਗਾ।’’ ਉਧਰ ਸੜਕਾਂ ’ਤੇ ਖੜ੍ਹੇ ਮੁਜ਼ਾਹਰਾਕਾਰੀਆਂ ਵੱਲੋਂ ਨੈਸ਼ਨਲ ਗਾਰਡਜ਼ ਨੂੰ ਫਾਸ਼ੀਵਾਦੀ ਕਰਾਰ ਦਿੰਦਿਆਂ ਆਪੋ ਆਪਣੇ ਘਰ ਜਾਣ ਦੀ ਤਾਕੀਦ ਕੀਤੀ ਗਈ। ਇਕ ਇੰਟਰਸੈਕਸ਼ਨ ’ਤੇ ਮੌਜੂਦ ਵਿਖਾਵਾਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੈਕਿੰਗ ਵਾਸਤੇ ਨਾ ਰੁਕਣ ਅਤੇ ਇਨ੍ਹਾਂ ਸੁਰੱਖਿਆ ਅਫ਼ਸਰਾਂ ਦੇ ਨਕਾਬ ਉਤਾਰ ਦਿਤੇ ਜਾਣ। ਡਿਸਟ੍ਰਿਕਟ ਆਫ਼ ਕੋਲੰਬੀਆ ਨਾਲ ਸਬੰਧਤ ਅੰਕੜੇ ਦਰਸਾਉਂਦੇ ਹਨ ਕਿ ਇਸ ਵੇਲੇ ਸ਼ਹਿਰ ਵਿਚ ਹਿੰਸਕ ਅਪਰਾਧਾਂ ਦੀ ਗਿਣਤੀ 30 ਸਾਲ ਦੇ ਹੇਠਲੇ ਪੱਧਰ ’ਤੇ ਜਾ ਚੁੱਕੀ ਹੈ ਅਤੇ ਨੈਸ਼ਨਲ ਗਾਰਡਜ਼ ਦੀ ਤੈਨਾਤੀ ਜ਼ਰੂਰੀ ਨਹੀਂ ਸੀ। ਇਸੇ ਦੌਰਾਨ ਨੈਸ਼ਨਲ ਗਾਰਡ ਦੇ ਇਕ ਬੁਲਾਰੇ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਵੀਰਵਾਰ ਤੋਂ ਜਵਾਨਾਂ ਵੱਲੋਂ ਨਵੀਂ ਕਾਰਵਾਈ ਆਰੰਭੀ ਜਾ ਰਹੀ ਹੈ।
100 ਤੋਂ ਵੱਧ ਗ੍ਰਿਫ਼ਤਾਰੀਆਂ ਕਰ ਚੁੱਕੇ ਨੇ ਨੈਸ਼ਨਲ ਗਾਰਡਜ਼ ਦੇ ਜਵਾਨ
ਵਾਸ਼ਿੰਗਟਨ ਡੀ.ਸੀ. ਦੀਆਂ ਸੜਕਾਂ ’ਤੇ ਨੈਸ਼ਨਲ ਗਾਰਡਜ਼ ਦੀ ਤੈਨਾਤੀ ਮਗਰੋਂ 100 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਉਧਰ ਸ਼ਹਿਰ ਦੀ ਪੁਲਿਸ ਮੁਖੀ ਪਾਮੇਲਾ ਸਮਿਥ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਮੈਟਰੋ ਪੁਲਿਸ 800 ਅਫ਼ਸਰਾਂ ਦੀ ਕਮੀ ਨਾਲ ਜੂਝ ਰਹੀ ਹੈ ਅਤੇ ਅਜਿਹੇ ਵਿਚ ਫੈਡਰਲ ਏਜੰਟਾਂ ਜਾਂ ਨੈਸ਼ਨਲ ਗਾਰਡਜ਼ ਦੀ ਮੌਜੂਦਗੀ ਨਾਲ ਖੱਪਾ ਪੂਰਨ ਵਿਚ ਮਦਦ ਮਿਲੇਗੀ। ਇਸ ਦੇ ਉਲਟ ਵਾਸ਼ਿੰਗਟਨ ਡੀ.ਸੀ. ਦੀ ਮੇਅਰ ਮਿਊਰੀਅਲ ਬਾਊਜ਼ਰ ਟਰੰਪ ਦੇ ਕਦਮ ਨੂੰ ਤਾਨਾਸ਼ਾਹੀ ਵਾਲਾ ਕਰਾਰ ਦੇ ਚੁੱਕੇ ਹਨ ਪਰ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਡੀ.ਸੀ. ਵਾਲਾ ਤਜਰਬਰਾ ਸ਼ਿਕਾਗੋ, ਲੌਸ ਐਂਜਲਸ, ਨਿਊ ਯਾਰਕ, ਬੈਲਟੀਮੋਰ ਅਤੇ ਓਕਲੈਂਡ ਵਰਗੇ ਸ਼ਹਿਰਾਂ ਵਿਚ ਕੀਤਾ ਜਾਵੇਗਾ।


