ਹਰਜਿੰਦਰ ਸਿੰਘ ਵਿਰੁੱਧ ਹਰ ਸਬੂਤ ਦੀ ਡੂੰਘਾਈ ਨਾਲ ਹੋਵੇਗੀ ਘੋਖ
ਅਮਰੀਕਾ ਦੀ ਜੇਲ ਵਿਚ ਬੰਦ ਹਰਜਿੰਦਰ ਸਿੰਘ ਦੇ ਖੂਨ ਦੇ ਨਮੂਨਿਆਂ ਦਾ ਖੁਦਮੁਖਤਿਆਰ ਏਜੰਸੀ ਤੋਂ ਵਿਸ਼ਲੇਸ਼ਣ ਕਰਵਾਇਆ ਜਾਵੇਗਾ

By : Upjit Singh
ਫਲੋਰੀਡਾ : ਅਮਰੀਕਾ ਦੀ ਜੇਲ ਵਿਚ ਬੰਦ ਹਰਜਿੰਦਰ ਸਿੰਘ ਦੇ ਖੂਨ ਦੇ ਨਮੂਨਿਆਂ ਦਾ ਖੁਦਮੁਖਤਿਆਰ ਏਜੰਸੀ ਤੋਂ ਵਿਸ਼ਲੇਸ਼ਣ ਕਰਵਾਇਆ ਜਾਵੇਗਾ ਅਤੇ ਹਾਦਸੇ ਵਿਚ ਸ਼ਾਮਲ ਟਰੱਕ ਤੇ ਮਿੰਨੀ ਵੈਨ ਦਾ ਮਾਹਰਾਂ ਦੀ ਟੀਮ ਨਵੇਂ ਸਿਰੇ ਤੋਂ ਮੁਆਇਨਾ ਕਰੇਗੀ। ਫਲੋਰੀਡਾ ਦੇ ਸੇਂਟ ਲੂਸੀ ਦੀ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹਰਜਿੰਦਰ ਸਿੰਘ ਨੇ ਆਪਣੇ ਵਕੀਲ ਰਾਹੀਂ ਗੁਜ਼ਾਰਿਸ਼ ਕੀਤੀ ਕਿ ਹਾਦਸੇ ਦੌਰਾਨ ਬਰਾਮਦ ਹਰ ਚੀਜ਼ ਦੀ ਸਮੀਖਿਆ ਵਾਸਤੇ ਵਾਧੂ ਸਮਾਂ ਦਿਤਾ ਜਾਵੇ। ਸਰਕਾਰੀ ਵਕੀਲਾਂ ਵੱਲੋਂ ਕੋਈ ਇਤਰਾਜ਼ ਨਾ ਕੀਤੇ ਜਾਣ ’ਤੇ ਜੱਜ ਨੇ ਪ੍ਰਵਾਨਗੀ ਦੇ ਦਿਤੀ ਅਤੇ ਹੁਣ ਅਗਲੀ ਪੇਸ਼ੀ 15 ਜਨਵਰੀ 2026 ਨੂੰ ਹੋਵੇਗੀ।
ਫਲੋਰੀਡਾ ਦੀ ਅਦਾਲਤ ਵਿਚ ਅਗਲੀ ਪੇਸ਼ੀ 15 ਜਨਵਰੀ ਨੂੰ
ਹਰਜਿੰਦਰ ਸਿੰਘ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਮੁਵੱਕਲ ਆਰਥਿਕ ਤੌਰ ’ਤੇ ਕਮਜ਼ੋਰ ਹੈ ਅਤੇ ਤੀਜੀ ਧਿਰ ਦੀ ਮਦਦ ਨਾਲ ਆਪਣੇ ਮੁਕੱਦਮੇ ਦਾ ਖਰਚਾ ਚਲਾ ਰਿਹਾ ਹੈ। ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਲਾਰੈਂਸ ਮਰਮਨ ਨੇ ਬਚਾਅ ਪੱਖ ਨੂੰ ਸਮਝਾਇਆ ਕਿ ਪ੍ਰਾਈਵੇਟ ਵਕੀਲ ਹੋਣ ਦੇ ਬਾਵਜੂਦ ਆਰਥਿਕ ਤੌਰ ’ਤੇ ਕਮਜ਼ੋਰ ਹੋਣ ਬਾਰੇ ਐਲਾਨਨਾਮਾ ਜਾਰੀ ਕੀਤਾ ਜਾ ਸਕਦਾ ਹੈ। ਇਸ ਮਗਰੋਂ ਹਰਜਿੰਦਰ ਸਿੰਘ ਦੇ ਵਕੀਲ ਨੇ ਅਗਲੀ ਪੇਸ਼ੀ ਦੌਰਾਨ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਗੁਜ਼ਾਰਿਸ਼ ਕੀਤੀ ਪਰ ਜੱਜ ਨੇ ਕਿਹਾ ਕਿ ਉਸ ਦਿਨ ਮਾਮਲਾ ਕਿਸੇ ਹੋਰ ਜੱਜ ਕੋਲ ਹੋਵੇਗਾ ਜਿਸ ਦੇ ਮੱਦੇਨਜ਼ਰ ਉਹ ਇਜਾਜ਼ਤ ਨਹੀਂ ਦੇ ਸਕਦੇ। ਇਥੇ ਦਸਣਾ ਬਣਦਾ ਹੈ ਕਿ ਹੁਣ ਤੱਕ ਹਰਜਿੰਦਰ ਸਿੰਘ ਵੱਲੋਂ ਜ਼ਮਾਨਤ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋ ਸਕੀਆਂ ਅਤੇ ਜਨਵਰੀ ਵਿਚ ਹੋਣ ਵਾਲੀ ਪੇਸ਼ੀ ਤੋਂ ਬਾਅਦ ਹੀ ਬਚਾਅ ਧਿਰ ਨਵੇਂ ਸਿਰੇ ਤੋਂ ਉਪਰਾਲਾ ਕਰ ਸਕਦੀ ਹੈ।


