ਯੂਰਪੀ ਮੁਲਕਾਂ ਨੇ ਅਮਰੀਕਾ ਡਾਕ ਭੇਜਣੀ ਕੀਤੀ ਬੰਦ
ਟਰੰਪ ਦੀਆਂ ਟੈਰਿਫ਼ਸ ਤੋਂ ਦੁਖੀ ਯੂਰਪ ਦੇ ਕਈ ਮੁਲਕਾਂ ਵੱਲੋਂ ਹੁਣ ਅਮਰੀਕਾ ਵੱਲ ਜਾਣ ਵਾਲੀ ਡਾਕ ਸੇਵਾ ਆਰਜ਼ੀ ਤੌਰ ’ਤੇ ਬੰਦ ਕਰ ਦਿਤੀ ਗਈ ਹੈ

By : Upjit Singh
ਬਰਲਿਨ : ਟਰੰਪ ਦੀਆਂ ਟੈਰਿਫ਼ਸ ਤੋਂ ਦੁਖੀ ਯੂਰਪ ਦੇ ਕਈ ਮੁਲਕਾਂ ਵੱਲੋਂ ਹੁਣ ਅਮਰੀਕਾ ਵੱਲ ਜਾਣ ਵਾਲੀ ਡਾਕ ਸੇਵਾ ਆਰਜ਼ੀ ਤੌਰ ’ਤੇ ਬੰਦ ਕਰ ਦਿਤੀ ਗਈ ਹੈ। ਫਰਾਂਸ, ਜਰਮਨੀ, ਨੈਦਰਲੈਂਡਜ਼, ਆਸਟਰੀਆ ਅਤੇ ਇਟਲੀ ਤੋਂ ਇਲਾਵਾ ਯੂ.ਕੇ. ਸਰਕਾਰ ਦੇ ਇਸ ਸਖ਼ਤ ਫੈਸਲੇ ਪਿੱਛੇ ਟਰੰਪ ਸਰਕਾਰ ਵੱਲੋਂ 30 ਜੁਲਾਈ ਨੂੰ ਜਾਰੀ ਇਕ ਹੁਕਮ ਦੱਸਿਆ ਜਾ ਰਿਹਾ ਹੈ ਜਿਸ ਰਾਹੀਂ 800 ਡਾਲਰ ਤੱਕ ਦੇ ਸਮਾਨ ’ਤੇ ਮਿਲਣ ਵਾਲੀ ਟੈਰਿਫ ਰਿਆਇਤ ਖ਼ਤਮ ਕਰ ਦਿਤੀ ਗਈ। ਪੋਸਟ ਯੂਰਪ ਅਤੇ ਹੋਰਨਾਂ ਡਾਕ ਮਹਿਕਮਿਆਂ ਨੇ ਕਿਹਾ ਕਿ ਨਵੇਂ ਨਿਯਮਾਂਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿਤੀ ਗਈ ਜਿਸ ਦੇ ਮੱਦੇਨਜ਼ਰ ਡਾਕ ਸੇਵਾਵਾਂ ’ਤੇ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਹੈ।
ਟਰੰਪ ਦੀਆਂ ਟੈਰਿਫ਼ਸ ਨੇ ਪਾਏ ਪੁਆੜੇ
ਇਸ ਤੋਂ ਪਹਿਲਾਂ ਭਾਰਤ ਸਰਕਾਰ ਵੀ ਅਮਰੀਕਾ ਜਾਣ ਵਾਲੀ ਡਾਕ ਸੇਵਾ ’ਤੇ ਰੋਕ ਲਾ ਚੁੱਕੀ ਹੈ ਜੋ 25 ਅਗਸਤ ਤੋਂ ਲਾਗੂ ਹੋ ਗਈ। ਉਧਰ ਜਰਮਨੀ ਦੇ ਡਾਕ ਮਹਿਕਮੇ ਨੇ ਕਿਹਾ ਕਿ ਨਿਜੀ ਅਤੇ ਕਾਰੋਬਾਰੀ ਗਾਹਕਾਂ ਲਈ ਪਾਰਸਲ ਭੇਜਣ ’ਤੇ ਆਰਜ਼ੀ ਰੋਕ ਲਾ ਦਿਤੀ ਗਈ ਹੈ। ਇਟਲੀ ਦੇ ਡਾਕ ਵਿਭਾਗ ਵੱਲੋੀ 23 ਅਗਸਤ ਤੋਂ ਹੀ ਸੇਵਾਵਾਂ ਬੰਦ ਕਰ ਦਿਤੀ ਗਈਆਂ ਜਦਕਿ ਸਾਧਾਰਣ ਚਿੱਠੀਆਂ ’ਤੇ ਕੋਈ ਪਾਬੰਦੀ ਲਾਗੂ ਨਹੀਂ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਪੁੱਜਣ ਵਾਲੇ ਕਿਸੇ ਵੀ ਪਾਰਸਲ 29 ਅਗਸਤ ਤੋਂ ਡਿਊਟੀ ਫਰੀ ਨਹੀਂ ਰਹਿਣਗੇ ਜਦਕਿ ਹੁਣ ਤੱਕ 800 ਡਾਲਰ ਤੱਕ ਦੀ ਕੀਮਤ ਵਾਲੇ ਸਮਾਨ ’ਤੇ ਕੋਈ ਟੈਕਸ ਨਹੀਂ ਸੀ ਲਗਦਾ।
800 ਡਾਲਰ ਤੱਕ ਦੇ ਸਮਾਨ ’ਤੇ ਰਿਆਇਤ ਹੋਈ ਖ਼ਤਮ
ਦੱਸਿਆ ਜਾ ਰਿਹਾ ਹੈ ਕਿ ਸਿਰਫ਼ 100 ਡਾਲਰ ਤੱਕ ਦੀ ਕੀਮਤ ਵਾਲੇ ਪਾਰਸਲ ਹੀ ਡਿਊਟੀ ਮੁਕਤ ਰੱਖੇ ਗਏ ਹਨ ਜਾਂ ਸਾਧਾਰਣ ਚਿੱਠੀਆਂ ਜਾਂ ਦਸਤਾਵੇਜ਼ਾਂ ਨੂੰ ਡਿਊਟੀ ਫਰੀ ਰੱਖਿਆ ਗਿਆ ਹੈ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ 15 ਅਗਸਤ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਪਰ ਡਿਊਟੀ ਵਸੂਲ ਕਰਨ ਅਤੇ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਬਾਰੇ ਨਿਯਮ ਸਪੱਸ਼ਟ ਨਹੀਂ ਕੀਤੇ ਗਏ। ਯੂਰਪ ਦੇ ਡਾਕ ਮਹਿਕਮਿਆਂ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਵੱਲੋਂ ਪਹਿਲਾਂ ਬੁਕਿੰਗ ਕਰਵਾਈ ਗਈ ਹੈ ਉਹ ਬੁਕਿੰਗ ਰੱਦ ਕਰਵਾ ਕੇ ਆਪਣੀ ਰਕਮ ਵਾਪਸ ਲੈ ਸਕਦੇ ਹਨ। ਭਾਵੇਂ ਤਾਜ਼ਾ ਰੋਕ ਨੂੰ ਆਰਜ਼ੀ ਦੱਸਿਆ ਗਿਆ ਹੈ ਪਰ ਇਹ ਕਦੋਂ ਤੱਕ ਜਾਰੀ ਰਹੇਗੀ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।


