ਆਸਟ੍ਰੇਲੀਆ ਵਿਚ ਬਜ਼ੁਰਗ ਨੇ ਚਲਾਈਆਂ 100 ਗੋਲੀਆਂ
ਆਸਟ੍ਰੇਲੀਆ ਵਿਚ 60 ਸਾਲ ਦੇ ਇਕ ਬੰਦੂਕਧਾਰੀ ਨੇ ਸਿਡਨੀ ਦੀ ਭੀੜ-ਭਾੜ ਵਾਲੀ ਸੜਕ ’ਤੇ ਗੋਲੀਆਂ ਦਾ ਮੀਂਹ ਵਰ੍ਹਾਉਂਦਿਆਂ ਘੱਟੋ ਘੱਟ 20 ਜਣਿਆਂ ਨੂੰ ਜ਼ਖਮੀ ਕਰ ਦਿਤਾ

By : Upjit Singh
ਸਿਡਨੀ : ਆਸਟ੍ਰੇਲੀਆ ਵਿਚ 60 ਸਾਲ ਦੇ ਇਕ ਬੰਦੂਕਧਾਰੀ ਨੇ ਸਿਡਨੀ ਦੀ ਭੀੜ-ਭਾੜ ਵਾਲੀ ਸੜਕ ’ਤੇ ਗੋਲੀਆਂ ਦਾ ਮੀਂਹ ਵਰ੍ਹਾਉਂਦਿਆਂ ਘੱਟੋ ਘੱਟ 20 ਜਣਿਆਂ ਨੂੰ ਜ਼ਖਮੀ ਕਰ ਦਿਤਾ। ਨਿਊ ਸਾਊਥ ਵੇਲਜ਼ ਪੁਲਿਸ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਸਿਡਨੀ ਦੇ ਇਨਰ ਵੈਸਟ ਇਲਾਕੇ ਵਿਚ ਇਕ ਬੰਦੂਕਧਾਰੀ ਨੇ ਆਮ ਲੋਕਾਂ ਅਤੇ ਪੁਲਿਸ ਦੀਆਂ ਗੱਡੀਆਂ ’ਤੇ ਤਕਰੀਬਨ 100 ਗੋਲੀਆਂ ਚਲਾਈਆਂ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਸਵੈਟ ਟੀਮਾਂ ਨੇ ਇਲਾਕਾ ਘੇਰ ਲਿਆ ਅਤੇ ਕਈ ਘੰਟੇ ਦੀ ਮੁਸ਼ੱਕਤ ਮਗਰੋਂ ਸੋਮਵਾਰ ਸਵੇਰੇ ਬੰਦੂਕਧਾਰੀ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਿਆ। ਗ੍ਰਿਫ਼ਤਾਰੀ ਦੌਰਾਨ ਸ਼ੱਕੀ ਨੇ ਖੁਦ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਜਿਸ ਮਗਰੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਸਿਡਨੀ ਦੀ ਭੀੜ-ਭਾੜ ਵਾਲੀ ਸੜਕ ’ਤੇ ਫੈਲੀ ਦਹਿਸ਼ਤ
ਫ਼ਿਲਹਾਲ ਬੰਦੂਕਧਾਰੀ ਵਿਰੁੱਧ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ ਅਤੇ ਉਸ ਦੀ ਪਛਾਣ ਵੀ ਜਨਤਕ ਨਹੀਂ ਕੀਤੀ ਗਈ। ਵਾਰਦਾਤ ਦੌਰਾਨ ਸੜਕ ਦੇ ਨੇੜੇ-ਤੇੜੇ ਮੌਜੂਦ ਲੋਕਾਂ ਵਿਚੋਂ ਇਕ ਜੋਅ ਅਜ਼ਾਰ ਨੇ ਦੱਸਿਆ ਕਿ ਮੁਢਲੇ ਤੌਰ ’ਤੇ ਇਉਂ ਲੱਗਿਆ ਕਿ ਪਟਾਕੇ ਚੱਲ ਰਹੇ ਹਨ ਜਾਂ ਕੋਈ ਸਿਰਫਿਰਾ ਲੋਕਾਂ ਦੀਆਂ ਗੱਡੀਆਂ ’ਤੇ ਰੋੜੇ ਮਾਰ ਰਿਹਾ ਹੈ। ਕਈ ਗੱਡੀਆਂ ਦੇ ਸ਼ੀਸ਼ੇ ਤਿੜਕ ਗਏ ਪਰ ਉਨ੍ਹਾਂ ਨੂੰ ਸਮਝ ਨਾ ਆਈ ਕਿ ਆਖਰ ਕੀ ਹੋ ਰਿਹਾ ਹੈ। ਸਭ ਕੁਝ ਐਨੀ ਤੇਜ਼ੀ ਨਾਲ ਵਾਪਰਿਆ ਕਿ ਸੜਕ ਦੇ ਆਲੇ ਦੁਆਲੇ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਦੌੜੇ। ਇਸੇ ਦੌਰਾਨ ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਮੈੱਲ ਲੈਨੀਅਨ ਨੇ ਗੋਲੀਬਾਰੀ ਦੀ ਵਾਰਦਾਤ ਨੂੰ ਬੇਹੱਦ ਗੰਭੀਰ ਅਤੇ ਡਰ ਪੈਦਾ ਕਰਨ ਵਾਲੀ ਕਰਾਰ ਦਿਤਾ। ਬੰਦੂਕਧਾਰੀ ਦੇ ਮਕਸਦ ਬਾਰੇ ਉਨ੍ਹਾਂ ਕੋਈ ਜ਼ਿਕਰ ਨਾ ਕੀਤਾ ਅਤੇ ਸਿਰਫ਼ ਐਨਾ ਕਿਹਾ ਕਿ ਸ਼ੱਕੀ ਕਿਸੇ ਅਤਿਵਾਦੀ ਜਾਂ ਕ੍ਰਿਮੀਨਲ ਗੈਂਗ ਨਾਲ ਸਬੰਧਤ ਨਹੀਂ।
ਪੁਲਿਸ ਨੇ ਲੰਮੀ ਜੱਦੋ-ਜਹਿਦ ਮਗਰੋਂ ਸ਼ੱਕੀ ਕੀਤਾ ਕਾਬੂ
ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਸਮੇਂ ਦੇ ਨਾਲ ਹੋਰ ਵੇਰਵੇ ਮੁਹੱਈਆ ਕਰਵਾ ਦਿਤੇ ਜਾਣਗੇ। ਇਥੇ ਦਸਣਾ ਬਣਦਾ ਹੈ ਕਿ ਆਸਟ੍ਰੇਲੀਆ ਦੇ ਟਾਪੂਨੁਮਾ ਸੂਬੇ ਤਸਮਾਨੀਆ ਵਿਖੇ 1996 ਵਿਚ ਇਕ ਬੰਦੂਕਧਾਰੀ ਵੱਲੋਂ 35 ਜਣਿਆਂ ਦਾ ਕਤਲ ਕੀਤੇ ਜਾਣ ਮਗਰੋਂ ਸੈਮੀ ਆਟੋਮੈਟਿਕ ਹਥਿਆਰਾਂ ’ਤੇ ਮੁਕੰਮਲ ਪਾਬੰਦੀ ਲਾਗੂ ਕਰ ਦਿਤੀ ਗਈ। ਬੀਤੇ ਅਗਸਤ ਮਹੀਨੇ ਦੌਰਾਨ ਇਕ ਬੰਦੂਕਧਾਰੀ ਨੇ 2 ਪੁਲਿਸ ਅਫ਼ਸਰਾਂ ਦੀ ਕਤਲ ਕਰ ਦਿਤਾ ਅਤੇ ਹੁਣ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਇਸ ਤੋਂ ਪਹਿਲਾਂ 2022 ਵਿਚ ਕੁਈਨਜ਼ਲੈਂਡ ਕਸਬੇ ਵਿਚ ਹੋਈ ਗੋਲੀਬਾਰੀ ਦੌਰਾਨ ਦੋ ਪੁਲਿਸ ਅਫ਼ਸਰਾਂ ਸਣੇ ਛੇ ਜਣੇ ਮਾਰੇ ਗਏ ਸਨ।


