America ਤੋਂ ਦਿੱਲੀ ਪਰਤੇ Elderly couple ਨਾਲ 15 ਕਰੋੜ ਰੁ. ਦੀ ਠੱਗੀ
ਅਮਰੀਕਾ ਵਿਚ ਉਚ ਅਹੁਦਿਆਂ ’ਤੇ ਸੇਵਾ ਨਿਭਾਅ ਕੇ ਪਰਤੇ ਓਮ ਤਨੇਜਾ ਅਤੇ ਉਨ੍ਹਾਂ ਦੀ ਪਤਨੀ ਤੋਂ ਸਾਈਬਰ ਠੱਗ 14 ਕਰੋੜ ਰੁਪਏ ਤੋਂ ਵੱਧ ਰਕਮ ਹੜੱਪ ਗਏ

By : Upjit Singh
ਨਵੀਂ ਦਿੱਲੀ : ਅਮਰੀਕਾ ਵਿਚ ਉਚ ਅਹੁਦਿਆਂ ’ਤੇ ਸੇਵਾ ਨਿਭਾਅ ਕੇ ਪਰਤੇ ਓਮ ਤਨੇਜਾ ਅਤੇ ਉਨ੍ਹਾਂ ਦੀ ਪਤਨੀ ਤੋਂ ਸਾਈਬਰ ਠੱਗ 14 ਕਰੋੜ ਰੁਪਏ ਤੋਂ ਵੱਧ ਰਕਮ ਹੜੱਪ ਗਏ। 81 ਸਾਲ ਦੇ ਓਮ ਤਨੇਜਾ ਅਮਰੀਕਾ ਸਰਕਾਰ ਵਿਚ ਅਫ਼ਸਰ ਰਹੇ ਜਦਕਿ ਉਨ੍ਹਾਂ ਦੀ 77 ਸਾਲਾ ਪਤਨੀ ਇੰਦਰਾ ਤਨੇਜਾ ਨਿਊ ਜਰਸੀ ਵਿਚ ਡਾਕਟਰ ਸਨ। ਤਕਰੀਬਨ 10 ਸਾਲ ਪਹਿਲਾਂ ਭਾਰਤੀ ਜੋੜੇ ਨੇ ਆਪਣੇ ਜੱਦੀ ਮੁਲਕ ਪਰਤਣ ਦਾ ਫ਼ੈਸਲਾ ਕਰ ਲਿਆ ਅਤੇ ਦਿੱਲੀ ਸ਼ਹਿਰ ਵਿਚ ਵਸ ਗਏ। ਸਮਾਜ ਸੇਵਾ ਕਰਨ ਦੇ ਮਕਸਦ ਤਹਿਤ ਇਕ ਟਰੱਸਟ ਬਣਾਇਆ ਅਤੇ ਜ਼ਰੂਰਤਮੰਦਾਂ ਲਈ ਦਿਨ ਰਾਤ ਕੰਮ ਕਰਨ ਲੱਗੇ। ਬਿਰਧ ਉਮਰ ਅਤੇ ਸਮਾਜ ਸੇਵਾ ਲਈ ਜੋ ਬੱਚਤ ਕੀਤੀ, ਸਾਰੀ ਦੀ ਸਾਰੀ ਸਾਈਬਰ ਠੱਗ ਲੈ ਗਏ। ਬਜ਼ੁਰਗ ਜੋੜੇ ਨੂੰ 17 ਦਿਨ ਤੱਕ ਡਿਜੀਟਲ ਅਰੈਸਟ ਵਿਚ ਰੱਖਿਆ ਗਿਆ ਅਤੇ ਐਨਾ ਡਰਾਇਆ ਕਿ 24 ਘੰਟੇ ਕੈਮਰੇ ਦੀ ਨਿਗਰਾਨੀ ਹੇਠ ਰਹਿਣ ਲਈ ਮਜਬੂਰ ਕਰ ਦਿਤਾ।
ਸਾਈਬਰ ਠੱਗਾਂ ਨੇ 17 ਦਿਨ ਡਿਜੀਟਲ ਅਰੈਸਟ ਰੱਖਿਆ
ਦੂਜੇ ਪਾਸੇ ਬੈਂਕ ਖਾਤਿਆਂ ਵਿਚੋਂ ਲਗਾਤਾਰ ਰਕਮ ਨਿਕਲਦੀ ਰਹੀ ਅਤੇ ਆਖਰਕਾਰ ਖਾਤੇ ਖਾਲੀ ਹੋ ਗਏ। ਓਮ ਤਨੇਜਾ ਨੇ ਦੱਸਿਆ ਕਿ 24 ਦਸੰਬਰ ਤੋਂ 9 ਜਨਵਰੀ ਤੱਕ ਸਿਲਸਿਲਾ ਜਾਰੀ ਰਹੀ ਅਤੇ ਠੱਗ ਆਪਣੇ ਆਪ ਨੂੰ ਮੁੰਬਈ ਦੇ ਕੋਲਾਬਾ ਥਾਣੇ ਨਾਲ ਸਬੰਧਤ ਦੱਸ ਰਹੇ ਸਨ। ਠੱਗਾਂ ਨੇ ਇੰਦਰਾ ਤਨੇਜਾ ਨੂੰ ਇਕ ਉਦਯੋਗਪਤੀ ਦੀ ਤਸਵੀਰ ਦਿਖਾਈ ਅਤੇ ਕਹਿਣ ਲੱਗੇ ਕਿਹਾ ਕਿ ਇਹ ਤੁਹਾਡੇ ਨਾਲ 500 ਕਰੋੜ ਰੁਪਏ ਦੇ ਫ਼ਰੌਡ ਵਿਚ ਸ਼ਾਮਲ ਹੈ। ਠੱਗਾਂ ਨੇ ਬਜ਼ੁਰਗ ਜੋੜੇ ਨੂੰ ਤੁਰਤ ਮੁੰਬਈ ਆਉਣ ਦੇ ਹੁਕਮ ਦਿਤੇ ਪਰ ਜਦੋਂ ਇੰਦਰਾ ਨੇ ਦੱਸਿਆ ਕਿ ਓਮ ਤਨੇਜਾ ਦੀ ਸਰਜਰੀ ਹੋਈ ਅਤੇ ਤਬੀਅਤ ਠੀਕ ਨਹੀਂ ਤਾਂ ਸੁਪਰੀਮ ਕੋਰਟ ਦੇ ਨਾਂ ਇਕ ਪੱਤਰ ਲਿਖਣ ਵਾਸਤੇ ਆਖਿਆ ਗਿਆ। ਇਸ ਮਗਰੋਂ ਠੱਗਾਂ ਨੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੀ ਅਤੇ ਅਜਿਹਾ ਨਾ ਕਰਨ ’ਤੇ ਖਾਤੇ ਫ਼ਰੀਜ਼ ਕਰਨ ਦੀ ਧਮਕੀ ਦਿਤੀ।
ਨਕਲੀ ਪੁਲਿਸ ਥਾਣਾ ਅਤੇ ਨਕਲੀ ਅਦਾਲਤ ਕਰ ਦਿਤੀ ਤਿਆਰ
ਠੱਗਾਂ ਨੇ ਭਰੋਸਾ ਦਿਤਾ ਕਿ ਪੜਤਾਲ ਮੁਕੰਮਲ ਹੋਣ ’ਤੇ ਸਾਰਾ ਪੈਸਾ ਵਾਪਸ ਕਰ ਦਿਤਾ ਜਾਵੇਗਾ। ਇੰਦਰਾ ਤਨੇਜਾ ਮੁਤਾਬਕ ਕੈਮਰੇ ਰਾਹੀਂ ਨਜ਼ਰ ਰੱਖ ਰਹੇ ਠੱਗ ਅਕਸਰ ਮਿਊਟ ਰਹਿੰਦੇ ਸਨ ਪਰ ਜਿਉਂ ਹੀ ਪਤੀ ਪਤਨੀ ਵਿਚੋਂ ਕੋਈ ਹਿਲਜੁਲ ਕਰਦਾ ਤਾਂ ਆਵਾਜ਼ ਆ ਜਾਂਦੀ। ਸਾਈਬਰ ਠੱਗਾਂ ਨੇ ਫ਼ਰਜ਼ੀ ਥਾਣਾ ਹੀ ਨਹੀਂ ਸਗੋਂ ਫ਼ਰਜ਼ੀ ਅਦਾਲਤ ਵਿਚ ਖੜ੍ਹੀ ਕਰ ਦਿਤੀ ਅਤੇ ਇਕ ਸਾਥੀ ਨੂੰ ਜੱਜ ਬਣਾ ਕੇ ਬਿਠਾ ਦਿਤਾ। 9 ਜਨਵਰੀ ਨੂੰ ਠੱਗਾਂ ਨੇ ਬਜ਼ੁਰਗ ਜੋੜੇ ਨੂੰ ਦੱਸਿਆ ਕਿ ਉਨ੍ਹਾਂ ਦਾ ਨਾਂ ਮਨੀ ਲਾਂਡਰਿੰਗ ਮਾਮਲੇ ਵਿਚੋਂ ਹਟਾ ਦਿਤਾ ਗਿਆ ਹੈ ਪਰ ਹਾਲੇ ਵੀ ਓਮ ਤਨੇਜਾ ਵਿਰੁੱਧ ਇਕ ਸ਼ਿਕਾਇਤ ਬਾਕੀ ਹੈ। ਉਸ ਵੇਲੇ ਤੱਕ ਠੱਗ 14 ਕਰੋੜ ਰੁਪਏ ਡਕਾਰ ਚੁੱਕੇ ਸਨ ਅਤੇ ਮੁੜ 50 ਲੱਖ ਰੁਪਏ ਦੀ ਮੰਗ ਕੀਤੀ। ਇਸ ਮਗਰੋਂ ਵੀਡੀਓ ਕਾਲ ਬੰਦ ਹੋ ਗਈ ਪਰ 10 ਜਨਵਰੀ ਨੂੰ ਮੁੜ ਕਾਲ ਆਈ ਅਤੇ ਠੱਗਾਂ ਨੇ ਕਿਹਾ ਕਿ ਸਭ ਕੁਝ ਠੀਕ ਹੋ ਗਿਆ ਹੈ ਅਤੇ ਦੋਹਾਂ ਨੂੰ ਨੇੜਲੇ ਪੁਲਿਸ ਥਾਣੇ ਵਿਚ ਜਾਣਾ ਹੋਵੇਗਾ। ਜਦੋਂ ਬਜ਼ੁਰਗ ਜੋੜਾ ਥਾਣੇ ਪੁੱਜਾ ਤਾਂ ਪਤਾ ਲੱਗਾ ਕਿ ਕਿੰਨਾ ਵੱੜਾ ਫਰੌਡ ਹੋ ਗਿਆ ਹੈ।


