ਸ਼ਰਾਬੀ ਨੇ ਉਡਦੇ ਜਹਾਜ਼ ਦਾ ਖੋਲਿ੍ਹਆ ਦਰਵਾਜ਼ਾ!
ਉਡਦੇ ਜਹਾਜ਼ ਵਿਚ ਖੌਰੂ ਪਾਉਣ ਅਤੇ ਦੋ ਵਾਰ ਦਰਵਾਜ਼ਾ ਖੋਲ੍ਹਣ ਦਾ ਯਤਨ ਕਰਨ ਵਾਲੇ ਸ਼ਰਾਬੀ ਮੁਸਾਫ਼ਰ ਨੂੰ ਆਸਟ੍ਰੇਲੀਆ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

By : Upjit Singh
ਨਿਊ ਯਾਰਕ/ਸਿਡਨੀ : ਉਡਦੇ ਜਹਾਜ਼ ਵਿਚ ਖੌਰੂ ਪਾਉਣ ਅਤੇ ਦੋ ਵਾਰ ਦਰਵਾਜ਼ਾ ਖੋਲ੍ਹਣ ਦਾ ਯਤਨ ਕਰਨ ਵਾਲੇ ਸ਼ਰਾਬੀ ਮੁਸਾਫ਼ਰ ਨੂੰ ਆਸਟ੍ਰੇਲੀਆ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ ਅਮਰੀਕਾ ਵਿਚ ਘਰੇਲੂ ਫਲਾਈਟ ਦੌਰਾਨ ਇਕ ਔਰਤ ਨਾਲ ਛੇੜਖਾਨੀ ਕਰਨ ਦੇ ਮਾਮਲੇ ਵਿਚ ਭਾਰਤੀ ਨੌਜਵਾਨ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਮੌਨਟੈਨਾ ਦੇ ਫੈਡਰਲ ਪ੍ਰੌਸੀਕਿਊਟਰ ਕਰਟ ਅਲਮ ਨੇ ਦੱਸਿਆ ਕਿ ਨਿਊ ਜਰਸੀ ਸੂਬੇ ਵਿਚ ਰਹਿੰਦੇ ਭਾਵੇਸ਼ ਕੁਮਾਰ ਸ਼ੁਕਲਾ ਵਿਰੁੱਧ ਐਬਿਊਸਿਵ ਸੈਕਸ਼ੁਅਲ ਕੌਂਟੈਕਟ ਦਾ ਇਕ ਦੋਸ਼ ਲਾਇਆ ਗਿਆ ਹੈ ਅਤੇ ਦੋਸ਼ੀ ਠਹਿਰਾਏ ਜਾਣ ’ਤੇ ਦੋ ਸਾਲ ਕੈਦ ਅਤੇ ਢਾਈ ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ।
ਆਸਟ੍ਰੇਲੀਆ ਪੁਲਿਸ ਨੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ
ਸਿਰਫ ਐਨਾ ਹੀ ਨਹੀਂ ਅਪਰਾਧਕ ਹਰਕਤ ਦੇ ਦੋਸ਼ ਹੇਠ ਭਾਵੇਸ਼ ਕੁਮਾਰ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਸਰਕਾਰੀ ਵਕੀਲਾਂ ਮੁਤਾਬਕ ਭਾਵੇਸ਼ ਕੁਮਾਰ ਦੀ ਅਦਾਲਤ ਵਿਚ ਪੇਸ਼ੀ 17 ਅਪ੍ਰੈਲ ਨੂੰ ਹੋਵੇਗੀ। ਉਧਰ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਸਿਡਨੀ ਜਾ ਰਹੀ ਏਅਰ ਏਸ਼ੀਆ ਦੀ ਫਲਾਈਟ ਵਿਚ ਇਕ ਖਰੂਦੀ ਮੁਸਾਫਰ ਨੇ ਜਹਾਜ਼ ਦੇ ਅਮਲੇ ਨੂੰ ਕੁੱਟਿਆ ਅਤੇ ਦਰਵਾਜ਼ਾ ਖੋਲ੍ਹਣ ਦੇ ਯਤਨ ਵੀ ਕੀਤੇ। ਹਾਲਾਤ ਬੇਕਾਬੂ ਹੁੰਦੇ ਵੇਖ ਜਹਾਜ਼ ਦੇ ਅਮਲੇ ਨੇ ਕੁਝ ਮੁਸਾਫਰਾਂ ਦੀ ਮਦਦ ਨਾਲ 46 ਸਾਲ ਦੇ ਸ਼ਾਦੀ ਤਾਇਸੀਰ ਨੂੰ ਕਾਬੂ ਕਰ ਲਿਆ ਅਤੇ ਸਿਡਨੀ ਇੰਟਰਨੈਸ਼ਨ ਏਅਰਪੋਰਟ ’ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ। ਆਸਟ੍ਰੇਲੀਆ ਫੈਡਰਲ ਪੁਲਿਸ ਦੀ ਕਾਰਜਕਾਰੀ ਸੁਪਰਡੈਂਟ ਡੈਵੀਨਾ ਕੌਪਲਿਨ ਨੇ ਕਿਹਾ ਕਿ ਹਵਾਈ ਜਹਾਜ਼ ਵਿਚ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਸ਼ੱਕੀ ਵੱਲੋਂ ਕੀਤੀ ਗਈ ਹਰਕਤ ਹੋਰਨਾਂ ਮੁਸਾਫਰਾਂ ਅਤੇ ਜਹਾਜ਼ ਦੇ ਅਮਲੇ ਵਾਸਤੇ ਖਤਰਨਾਕ ਸਾਬਤ ਹੋ ਸਕਦੀ ਸੀ ਜਿਸ ਦੇ ਮੱਦੇਨਜ਼ਰ ਸਖਤ ਧਾਰਾਵਾਂ ਅਧੀਨ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਹਵਾਈ ਜਹਾਜ਼ ਵਿਚ ਦੂਜਿਆਂ ਦੀ ਜਾਨ ਵਾਸਤੇ ਖਤਰਾ ਪੈਦਾ ਕਰਨ ਵਾਲੇ ਨੂੰ 10 ਸਾਲ ਤੱਕ ਜੇਲ ਭੇਜਿਆ ਜਾ ਸਕਦਾ ਹੈ। ਇਸੇ ਦੌਰਾਨ ਸ਼ਾਦੀ ਤਾਇਸੀਰ ਦੇ ਵਕੀਲਾਂ ਵੱਲੋਂ ਦਾਖਲ ਜ਼ਮਾਨਤ ਅਰਜ਼ੀ ਮੁਤਾਬਕ ਉਨ੍ਹਾਂ ਦੇ ਮੁਵੱਕਲ ਨੇ ਦੋ ਕਿਸਮ ਦੀਆਂ ਦਵਾਈਆਂ ਖਾਧੀਆਂ ਹੋਈਆਂ ਸਨ ਅਤੇ ਉਪਰੋਂ ਸ਼ਰਾਬ ਵੀ ਪੀ ਲਈ ਜਿਸ ਕਰ ਕੇ ਉਹ ਗੁੱਸੇ ਵਿਚ ਆ ਗਿਆ।
ਅਮਰੀਕਾ ਵਿਚ ਭਾਰਤੀ ਨੌਜਵਾਨ ’ਤੇ ਲੱਗੇ ਗੰਭੀਰ ਦੋਸ਼
ਵਕੀਲਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਮੁਵੱਕਲ ਜੌਰਡਨ ਸਰਕਾਰ ਵਿਚ ਨਿਊਕਲੀਅਰ ਵੇਸਟ ਮੈਨੇਜਮੈਂਟ ਦਾ ਮਾਹਰ ਹੈ ਅਤੇ ਸਰਕਾਰੀ ਦੌਰੇ ’ਤੇ ਆਸਟ੍ਰੇਲੀਆ ਪੁੱਜਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰਦਿਆਂ ਕਿਹਾ ਕਿ 30 ਹਜ਼ਾਰ ਫੁੱਟ ਦੀ ਉਚਾਈ ’ਤੇ ਉਡ ਰਹੇ ਜਹਾਜ਼ ਵਿਚ ਅਜਿਹਾ ਮਾਹੌਲ ਵੇਖ ਕੇ ਹਰ ਮੁਸਾਫਰ ਘਬਰਾਇਆ ਹੋਇਆ ਸੀ ਅਤੇ ਅਜਿਹੀਆਂ ਹਰਕਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਇੰਡੋਨੇਸ਼ੀਆ ਦੇ ਬਾਲੀ ਤੋਂ ਮੈਲਬਰਨ ਜਾ ਰਹੇ ਜਹਾਜ਼ ਵਿਚ ਵੀ ਇਕ ਮੁਸਾਫਰ ਵੱਲੋਂ ਦਰਵਾਜ਼ਾ ਖੋਲ੍ਹਣ ਦਾ ਯਤਨ ਕੀਤਾ ਗਿਆ। ਜਹਾਜ਼ ਬਾਲੀ ਹਵਾਈ ਅੱਡੇ ਤੋਂ ਜ਼ਿਆਦਾ ਦੂਰ ਨਹੀਂ ਸੀ ਗਿਆ ਜਿਸ ਦੇ ਮੱਦੇਨਜ਼ਰ ਵਾਪਸੀ ਕਰਦਿਆਂ ਮੁਸਾਫਰ ਨੂੰ ਜਹਾਜ਼ ਵਿਚ ਉਤਾਰ ਦਿਤਾ ਗਿਆ।


