Begin typing your search above and press return to search.

‘ਡੂਮਸਡੇ ਗਲੇਸ਼ੀਅਰ’ ਬਣੂੰ ਅੱਧੀ ਦੁਨੀਆ ਦਾ ਕਾਲ਼

ਅੰਟਾਰਕਟਿਕਾ ’ਤੇ ਸਥਿਤ ਡੂਮਸਡੇਅ ਗਲੇਸ਼ੀਅਰ ਨੇ ਵਿਸ਼ਵ ਭਰ ਦੇ ਵਿਗਿਆਨੀਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਏ ਕਿਉਂਕਿ ਇਹ ਵਿਸ਼ਾਲ ਗਲੇਸ਼ੀਅਰ ਲਗਾਤਾਰ ਤੇਜ਼ੀ ਨਾਲ ਪਿਘਲਦਾ ਜਾ ਰਿਹਾ ਏ...

‘ਡੂਮਸਡੇ ਗਲੇਸ਼ੀਅਰ’ ਬਣੂੰ ਅੱਧੀ ਦੁਨੀਆ ਦਾ ਕਾਲ਼

Makhan shahBy : Makhan shah

  |  25 Jun 2024 11:22 AM GMT

  • whatsapp
  • Telegram
  • koo

ਲੰਡਨ : ਅੰਟਾਰਕਟਿਕਾ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਜਿੱਥੇ ਸੈਂਕੜੇ ਕਿਲੋਮੀਟਰ ਤੱਕ ਬਰਫ਼ ਦੇ ਪਹਾੜ ਹੀ ਪਹਾੜ ਨਜ਼ਰ ਆਉਂਦੇ ਨੇ ਪਰ ਅੰਟਾਰਕਟਿਕਾ ਦੇ ਪੱਛਮੀ ਇਲਾਕੇ ਵਿਚ ਸਥਿਤ ਇਕ ਵੱਡੇ ਗਲੇਸ਼ੀਅਰ ਨੇ ਵਿਸ਼ਵ ਭਰ ਦੇ ਵਿਗਿਆਨੀਆਂ ਦੀ ਚਿੰਤਾ ਵਧਾਈ ਹੋਈ ਐ ਕਿਉਂਕਿ ਇਸ ਗਲੇਸ਼ੀਅਰ ਦਾ ਤੇਜ਼ੀ ਨਾਲ ਪਿਘਲਣਾ ਧਰਤੀ ਲਈ ਮਹਾਂਵਿਨਾਸ਼ ਸਾਬਤ ਹੋ ਸਕਦੈ। ਇਸੇ ਲਈ ਇਸ ਗਲੇਸ਼ੀਅਰ ਨੂੰ ‘ਡੂਮਸਡੇਅ ਗਲੇਸ਼ੀਅਰ’ ਵੀ ਕਿਹਾ ਜਾਂਦੈ, ਯਾਨੀ ਕਿਆਮਤ ਦਾ ਗਲੇਸ਼ੀਅਰ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿੰਨਾ ਵੱਡਾ ਹੈ ਇਸ ਗਲੇਸ਼ੀਅਰ ਦਾ ਆਕਾਰ ਅਤੇ ਇਸ ਦੇ ਪਿਘਲਣ ਨਾਲ ਕਿਹੜੇ ਕਿਹੜੇ ਦੇਸ਼ਾਂ ’ਚ ਹੋ ਸਕਦੈ ਮਹਾਂਵਿਨਾਸ਼।

ਅੰਟਾਰਕਟਿਕਾ ’ਤੇ ਸਥਿਤ ਡੂਮਸਡੇਅ ਗਲੇਸ਼ੀਅਰ ਨੇ ਵਿਸ਼ਵ ਭਰ ਦੇ ਵਿਗਿਆਨੀਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਏ ਕਿਉਂਕਿ ਇਹ ਵਿਸ਼ਾਲ ਗਲੇਸ਼ੀਅਰ ਲਗਾਤਾਰ ਤੇਜ਼ੀ ਨਾਲ ਪਿਘਲਦਾ ਜਾ ਰਿਹਾ ਏ। ਜੇਕਰ ਅਜਿਹਾ ਹੋਇਆ ਤਾਂ ਸਮੁੰਦਰ ਦੇ ਪਾਣੀ ਪੱਧਰ ਵਿਚ ਵੱਡਾ ਵਾਧਾ ਦੇਖਣ ਨੂੰ ਮਿਲੇਗਾ। ਉਂਝ ਇਸ ਗਲੇਸ਼ੀਅਰ ਦਾ ਅਸਲ ਨਾਮ ਥਵਾਈਟਸ ਗਲੇਸ਼ੀਅਰ ਐ ਪਰ ਤੇਜ਼ੀ ਨਾਲ ਪਿਘਲਣ ਦੀ ਵਜ੍ਹਾ ਕਰਕੇ ਇਸ ਗਲੇਸ਼ੀਅਰ ਨੂੰ ਡੂਮਸਡੇ ਗਲੇਸ਼ੀਅਰ ਦਾ ਨਾਮ ਦਿੱਤਾ ਗਿਆ ਏ, ਜਿਸ ਦਾ ਮਤਲਬ ਹੁੰਦੈ ਕਿਆਮਤ, ਯਾਨੀ ਦੁਨੀਆ ਦਾ ਅੰਤ। ਇਸ ਗਲੇਸ਼ੀਅਰ ਦੇ ਪਿਘਲਣ ਨਾਲ ਸਮੁੰਦਰ ਦਾ ਪਾਣੀ ਕਈ ਫੁੱਟ ਤੱਕ ਵਧ ਜਾਵੇਗਾ, ਜਿਸ ਨਾਲ ਸਮੁੰਦਰ ਦੇ ਆਸਪਾਸ ਦੇ ਇਲਾਕੇ ਸਦਾ ਲਈ ਪਾਣੀ ਦੇ ਅੰਦਰ ਸਮਾਅ ਜਾਣਗੇ। ਇਸ ਗਲੇਸ਼ੀਅਰ ਦਾ ਆਕਾਰ ਬ੍ਰਿਟੇਨ ਦੇਸ਼ ਦੇ ਬਰਾਬਰ ਐ ਪਰ ਧਰਤੀ ਦੇ ਲਗਾਤਾਰ ਵਧ ਰਹੇ ਤਾਪਮਾਨ ਕਾਰਨ ਇਹ ਗਲੇਸ਼ੀਅਰ ਸਮੁੰਦਰ ਦੇ ਹੇਠਾਂ ਤੋਂ ਲੈ ਕੇ ਉਪਰ ਤੱਕ ਲਗਾਤਾਰ ਪਿਘਲਦਾ ਜਾ ਰਿਹਾ ਏ।

ਨੇਚਰ ਜਿਓ ਸਾਇੰਸ ਵਿਚ ਪ੍ਰਕਾਸ਼ਤ ਇਕ ਅਧਿਐਨ ਵਿਚ ਵਿਗਿਆਨੀਆਂ ਵੱਲੋਂ ਗਲੇਸ਼ੀਅਰ ਦੀ ਇਤਿਹਾਸਕ ਮੈਪਿੰਗ ਕੀਤੀ ਗਈ ਐ ਤਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਗਲੇਸ਼ੀਅਰ ਦਾ ਹਾਲ ਭਵਿੱਖ ਕਿਹੋ ਜਿਹਾ ਹੋਵੇਗਾ। ਇਸ ਵਿਚ ਵਿਗਿਆਨੀਆਂ ਨੇ ਦੇਖਿਆ ਕਿ ਦੋ ਸਦੀਆਂ ਵਿਚ ਗਲੇਸ਼ੀਅਰ ਦਾ ਆਧਾਰ ਸਮੁੰਦਰ ਤੋਂ ਅਲੱਗ ਹੋ ਚੁੱਕਿਆ ਏ ਅਤੇ ਉਦੋਂ ਤੋਂ ਹੀ ਇਹ ਹਰ ਸਾਲ 2.1 ਕਿਲੋਮੀਟਰ ਦੀ ਦਰ ਨਾਲ ਲਗਾਤਾਰ ਗਲਦਾ ਜਾ ਰਿਹਾ ਏ। ਇਹ ਦਰ ਪਿਛਲੇ ਇਕ ਦਹਾਕੇ ਵਿਚ ਵਿਗਿਆਨੀਆਂ ਵੱਲੋਂ ਦੇਖੀ ਗਈ ਦਰ ਤੋਂ ਦੁੱਗਣੀ ਐ। ਸਾਊਥ ਫਲੋਰੀਡਾ ਯੂਨੀਵਰਸਿਟੀ ਦੇ ਵਿਗਿਆਨੀ ਦਾ ਕਹਿਣਾ ਏ ਕਿ ਜੇਕਰ ਇਹ ਗਲੇਸ਼ੀਅਰ ਪੂਰੀ ਤਰ੍ਹਾਂ ਪਿਘਲ ਗਿਆ ਤਾਂ ਸਮੁੰਦਰ ਦੇ ਪਾਣੀ ਦਾ ਪੱਧਰ 3 ਫੁੱਟ ਤੱਕ ਵਧ ਜਾਵੇਗਾ, ਜਿਸ ਨਾਲ ਸਮੁੰਦਰ ਕਿਨਾਰੇ ਵਸੇ ਦੇਸ਼ਾਂ ਨੂੰ ਵੱਡਾ ਨੁਕਸਾਨ ਹੋਵੇਗਾ। ਪਿਛਲੇ 30 ਸਾਲਾਂ ਤੋਂ ਇਸ ਦੇ ਪਿਘਲਣ ਦੀ ਦਰ ਦੁੱਗਣੀ ਹੋ ਗਈ ਐ।

ਇਸ ਗਲੇਸ਼ੀਅਰ ਦਾ ਖੇਤਰਫ਼ਲ 1 ਲੱਖ 92 ਹਜ਼ਾਰ ਵਰਗ ਕਿਲੋਮੀਟਰ ਐ ਯਾਨੀ ਕਰਨਾਟਕ ਸੂਬੇ ਦੇ ਖੇਤਰ ਤੋਂ ਵੀ ਵੱਡਾ। ਸਭ ਤੋਂ ਵੱਡੀ ਗੱਲ ਇਹ ਐ ਕਿ ਥਵਾਈਟਸ ਗਲੇਸ਼ੀਅਰ ਦੀ ਸਮੁੰਦਰ ਦੇ ਅੰਦਰਲੀ ਚੌੜਾਈ 468 ਕਿਲੋਮੀਟਰ ਐ ਪਰ ਇਸ ਗਲੇਸ਼ੀਅਰ ਤੋਂ ਲਗਾਤਾਰ ਵੱਡੇ ਵੱਡੇ ਆਈਸਬਰਗ ਟੁੱਟ ਰਹੇ ਨੇ। ਬ੍ਰਿਟੇਨ ਸਥਿਤ ਯੂਨੀਵਰਸਿਟੀ ਆਫ਼ ਐਕਸਟਰ ਦੇ ਪ੍ਰੋਫੈਸਰ ਅਲੀ ਗ੍ਰਾਹਮ ਦਾ ਕਹਿਣਾ ਏ ਕਿ ਇਸ ਗਲੇਸ਼ੀਅਰ ਵਿਚ ਇਕ ਸੁਰਾਖ਼ ਕੀਤਾ ਗਿਆ ਸੀ, ਜਿਸ ਦੇ ਜ਼ਰੀਏ ਇਕ ਰੋਬੋਟ ਨੂੰ ਇਸ ਗਲੇਸ਼ੀਅਰ ਦੇ ਅੰਦਰ ਭੇਜਿਆ ਗਿਆ, ਜਿਸ ਤੋਂ ਪਤਾ ਚੱਲਿਆ ਕਿ ਇਹ ਸੁਮੰਦਰ ਦੇ ਅੰਦਰ ਤੋਂ ਵੀ ਤੇਜ਼ੀ ਨਾਲ ਟੁੱਟ ਰਿਹਾ ਏ।

ਪ੍ਰੋਫੈਸਰ ਗ੍ਰਾਹਮ ਮੁਤਾਬਕ ਅਗਲੇ 250 ਸਾਲਾਂ ਵਿਚ ਸੰਸਾਰਕ ਤਾਪਮਾਨ ਦੋ ਤੋਂ 2.7 ਡਿਗਰੀ ਸੈਲਸੀਅਸ ਵਧ ਜਾਵੇਗਾ, ਜਿਸ ਨਾਲ ਇਹ ਗਲੇਸ਼ੀਅਰ ਲਗਾਤਰ ਪਿਘਲ ਜਾਵੇਗਾ। ਇਸ ਨਾਲ ਸਮੁੰਦਰ ਕਿਨਾਰੇ ਵਸੇ ਸ਼ਹਿਰ ਤਬਾਹ ਹੋ ਜਾਣਗੇ, ਮਾਲਦੀਵ ਵਰਗੇ ਦੇਸ਼ਾਂ ਦਾ ਵਜੂਦ ਹੀ ਧਰਤੀ ਤੋਂ ਖ਼ਤਮ ਹੋ ਜਾਵੇਗਾ।

ਕਹਿੰਦੇ ਨੇ ਸਿਆਣਾ ਉਹੀ ਹੁੰਦਾ ਏ ਜੋ ਪਹਿਲਾਂ ਹੀ ਇਸ ਦਾ ਹੱਲ ਕਰ ਲਵੇ, ਇਸ ਨੂੰ ਦੇਖਦਿਆਂ ਅਮਰੀਕਾ ਦਾ ਸ਼ਹਿਰ ਬੋਸਟਨ ਤਾਂ ਸਮੁੰਦਰ ਪਾਣੀ ਪੱਧਰ ਵਧਣ ’ਤੇ ਆਉਣ ਵਾਲੀ ਆਫ਼ਤ ਦੀ ਤਿਆਰੀ ਵਿਚ ਹੁਣੇ ਤੋਂ ਜੁਟ ਗਿਆ ਏ। ਬੋਸਟਨ ਆਪਣੇ ਸਮੁੰਦਰੀ ਇਲਾਕਿਆਂ ਨੂੰ ਕਰੀਬ 11 ਫੁੱਟ ਉੱਚਾ ਚੁੱਕ ਰਿਹਾ ਏ ਤਾਂ ਕਿ ਗਲੇਸ਼ੀਅਰ ਟੁੱਟਣ ਨਾਲ ਜੇਕਰ ਸਮੁੰਦਰ ਪਾਣੀ ਪੱਧਰ ਵਧੇ ਤਾਂ ਉਸ ਦੇ ਲੋਕਾਂ ਅਤੇ ਸ਼ਹਿਰ ਨੂੰ ਨੁਕਸਾਨ ਨਾ ਹੋਵੇ। ਜੇਕਰ ਇਹ ਗਲੇਸ਼ੀਅਰ ਸਾਲ 2100 ਤੱਕ ਪੂਰਾ ਪਿਘਲ ਗਿਆ ਤਾਂ 12 ਵਿਕਾਸਸ਼ੀਲ ਦੇਸ਼ਾਂ ਦੀ ਕਰੀਬ 9 ਕਰੋੜ ਆਬਾਦੀ ਨੂੰ ਰਹਿਣ ਲਈ ਕੋਈ ਨਵੀਂ ਜਗ੍ਹਾ ਲੱਭਣੀ ਪਵੇਗੀ, ਜਿਸ ਨਾਲ ਕਈ ਦੇਸ਼ਾਂ ਦੀ ਆਰਥਿਕ ਸਥਿਤੀ ਵੀ ਵਿਗੜ ਜਾਵੇਗੀ।

ਜੇਕਰ ਮਨੁੱਖ ਅਜਿਹੀਆਂ ਕੁਦਰਤੀ ਆਫ਼ਤਾਂ ਤੋਂ ਬਚਣਾ ਚਾਹੁੰਦੈ ਤਾਂ ਵਾਤਾਵਰਣ ਦੀ ਸਾਂਭ ਸੰਭਾਲ ਵੱਲ ਧਿਆਨ ਦੇਣਾ ਹੋਵੇਗਾ। ਨਹੀਂ ਤਾਂ ਕਦੋਂ ਇਸ ਦੁਨੀਆ ਦਾ ਆਖ਼ਰੀ ਦਿਨ ਆ ਜਾਵੇਗਾ, ਕਿਸੇ ਨੂੰ ਪਤਾ ਵੀ ਨਹੀਂ ਚੱਲਣਾ। ਉਂਝ ਇਸ ਵਾਰ ਪਈ ਗਰਮੀ ਨੇ ਦਿਖਾ ਹੀ ਦਿੱਤਾ ਏ ਕਿ ਦੁਨੀਆਂ ਕਿਵੇਂ ਆਪਣੇ ਅੰਤ ਵੱਲ ਵਧਦੀ ਜਾ ਰਹੀ ਐ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it