Begin typing your search above and press return to search.

ਡੌਨਲਡ ਟਰੰਪ ਨੇ ਕਮਲਾ ਹੈਰਿਸ ’ਤੇ ਲਾਇਆ ‘ਧੋਖੇਬਾਜ਼’ ਹੋਣ ਦਾ ਦੋਸ਼

ਅਮਰੀਕਾ ਵਿਚ ਚੋਣ ਰੈਲੀਆਂ ਦੌਰਾਨ ਭੀੜ ਅਸਲੀ ਜਾਂ ਨਕਲੀ ਹੋਣ ਦਾ ਮਸਲਾ ਭਖਦਾ ਨਜ਼ਰ ਆਇਆ ਜਦੋਂ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਕਿ ਕਮਲਾ ਹੈਰਿਸ ਦੇ ਸਵਾਗਤ ਲਈ ਡੈਟਰਾਇਟ ਹਵਾਈ ਅੱਡੇ ’ਤੇ ਇਕੱਤਰ ਹੋਏ ਲੋਕਾਂ ਨੂੰ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਰਾਹੀਂ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ।

ਡੌਨਲਡ ਟਰੰਪ ਨੇ ਕਮਲਾ ਹੈਰਿਸ ’ਤੇ ਲਾਇਆ ‘ਧੋਖੇਬਾਜ਼’ ਹੋਣ ਦਾ ਦੋਸ਼
X

Upjit SinghBy : Upjit Singh

  |  12 Aug 2024 8:38 AM GMT

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਵਿਚ ਚੋਣ ਰੈਲੀਆਂ ਦੌਰਾਨ ਭੀੜ ਅਸਲੀ ਜਾਂ ਨਕਲੀ ਹੋਣ ਦਾ ਮਸਲਾ ਭਖਦਾ ਨਜ਼ਰ ਆਇਆ ਜਦੋਂ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਕਿ ਕਮਲਾ ਹੈਰਿਸ ਦੇ ਸਵਾਗਤ ਲਈ ਡੈਟਰਾਇਟ ਹਵਾਈ ਅੱਡੇ ’ਤੇ ਇਕੱਤਰ ਹੋਏ ਲੋਕਾਂ ਨੂੰ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਰਾਹੀਂ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ। ਦੂਜੇ ਪਾਸੇ ਮੀਡੀਆ ਰਿਪੋਰਟਾਂ ਵਿਚ ਕਮਲਾ ਹੈਰਿਸ ਦਾ ਸਵਾਗਤ ਕਰਦੀ ਭੀੜ ਨੂੰ ਅਸਲੀ ਦੱਸਿਆ ਜਾ ਰਿਹਾ ਹੈ ਅਤੇ ਟਰੰਪ ਦੀ ਘਟਦੀ ਮਕਬੂਲੀਅਤ ’ਤੇ ਸਵਾਲ ਉਠਣ ਲੱਗੇ ਹਨ। ਟਰੰਪ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਕਮਲਾ ਹੈਰਿਸ ਨੇ ਧੋਖੇ ਨਾਲ ਸਭ ਕੁਝ ਕੀਤਾ। ਕਮਲਾ ਹੈਰਿਸ ਦੀ ਉਡੀਕ ਕੋਈ ਨਹੀਂ ਸੀ ਕਰ ਰਿਹਾ ਜਦਕਿ ਵੀਡੀਓ ਵਿਚ ਵੱਡੀ ਭੀੜ ਦਰਸਾਉਣ ਦਾ ਯਤਨ ਕੀਤਾ ਗਿਆ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੇ ਅੱਗੇ ਕਿਹਾ ਕਿ ਇਸੇ ਤਰੀਕੇ ਨਾਲ ਡੈਮੋਕ੍ਰੈਟਿਕ ਪਾਰਟੀ ਚੋਣਾਂ ਜਿੱਤਦੀ ਆਈ ਹੈ। ਟਰੰਪ ਨੇ ਇਥੋਂ ਤੱਕ ਆਖ ਦਿਤਾ ਕਿ ਫਰਜ਼ੀ ਤਸਵੀਰਾਂ ਤਿਆਰ ਕਰਨ ਦੇ ਦੋਸ਼ ਹੇਠ ਕਮਲਾ ਹੈਰਿਸ ਨੂੰ ਚੋਣ ਮੈਦਾਨ ਵਿਚੋਂ ਬਾਹਰ ਕਰ ਦਿਤਾ ਜਾਵੇ।

ਚੋਣ ਮੈਦਾਨ ਵਿਚੋਂ ਬਾਹਰ ਕਰਨ ਦੀ ਮੰਗ ਵੀ ਕੀਤੀ

ਕਮਲਾ ਹੈਰਿਸ ਵਿਰੁੱਧ ਦੋਸ਼ ਲਾਉਣ ਵਾਲਿਆਂ ਵਿਚ ਰਿਪਬਲਿਕਨ ਪਾਰਟੀ ਦੇ ਦਿਨੇਸ਼ ਡਿਸੂਜ਼ਾ ਵੀ ਸ਼ਾਮਲ ਹੋ ਗਏ ਅਤੇ ਸਵਾਲੀਆ ਲਹਿਜ਼ੇ ਵਿਚ ਕਿਹਾ ਕੀ ਤਸਵੀਰ ਅਸਲ ਨਜ਼ਰ ਆਉਂਦੀ ਹੈ। ਇਕ ਹੋਰ ਸੋਸ਼ਲ ਮੀਡੀਆ ਵਰਤੋਂਕਾਰ ਨੇ ਲਿਖਿਆ ਕਿ ਭੀੜ ਦਾ ਪਰਛਾਵਾਂ ਹਵਾਈ ਜਹਾਜ਼ ਦੇ ਪੇਂਟ ਵਿਚ ਨਜ਼ਰ ਨਹੀਂ ਆ ਰਿਹਾ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭੀੜ ਅਸਲੀ ਨਹੀਂ। ਪਰ ਦੂਜੇ ਅਸਲੀ ਅਤੇ ਨਕਲੀ ਦਾ ਨਿਤਾਰਾ ਕਰਨ ਵਾਲੀਆਂ ਕਈ ਵੈਬਸਾਈਟਸ ਨੇ ਵੀਡੀਓ ਨੂੰ 96 ਫੀ ਸਦੀ ਸਹੀ ਕਰਾਰ ਦਿਤਾ। ਸਪੈਕਟ੍ਰਮ ਨਿਊਜ਼ ਨੇ ਕਿਹਾ ਕਿ ਬਿਨਾਂ ਸ਼ੱਕ ਹਵਾਈ ਅੱਡੇ ’ਤੇ ਭੀੜ ਨਜ਼ਰ ਆ ਰਹੀ ਹੈ ਅਤੇ ਰੈਲੀ ਵਿਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਰੈਲੀ ਨੂੰ ਦਰਜਨਾਂ ਨਿਊਜ਼ ਚੈਨਲਾਂ ਵੱਲੋਂ ਲਾਈਵ ਚਲਾਇਆ ਗਿਆ ਅਤੇ ਵੱਡੀ ਗਿਣਤੀ ਵਿਚ ਸਿਆਸਤਦਾਨ ਉਥੇ ਮੌਜੂਦ ਰਹੇ। ਅਜਿਹੇ ਵਿਚ ਭੀੜ ਨੂੰ ਨਕਲੀ ਕਹਿਣਾ ਕਿਸੇ ਵੀ ਪੱਖੋਂ ਜਾਇਜ਼ ਨਹੀਂ। ਮੌਕੇ ’ਤੇ ਮੌਜੂਦ ਫੋਟੋਗ੍ਰਾਫਰ ਵੀ ਭੀੜ ਅਸਲੀ ਹੋਣ ਦਾ ਦਾਅਵਾ ਕਰਦੇ ਸੁਣੇ ਗਏ ਜਿਨ੍ਹਾਂ ਦਾਅਵਾ ਕੀਤਾ ਕਿ ਹਵਾਈ ਜਹਾਜ਼ ਅਤੇ ਭੀੜ ਦਰਮਿਆਨ ਫਾਸਲਾ ਕਾਫੀ ਜ਼ਿਆਦਾ ਸੀ ਅਤੇ ਇਸੇ ਕਰ ਕੇ ਭੀੜ ਦਾ ਪਰਛਾਵਾਂ ਹਵਾਈ ਜਹਾਜ਼ ’ਤੇ ਨਜ਼ਰ ਨਹੀਂ ਆਇਆ।

ਅਮਰੀਕਾ ਦਾ ਮੀਡੀਆ ਕਮਲਾ ਹੈਰਿਸ ਦੇ ਪੱਖ ਵਿਚ ਨਿਤਰਿਆ

ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਰੈਲੀ ਵਿਚ ਤਕਰੀਬਨ 15 ਹਜ਼ਾਰ ਲੋਕ ਸ਼ਾਮਲ ਹੋਏ ਜਦਕਿ ਹਵਾਈ ਅੱਡੇ ’ਤੇ ਸਵਾਗਤ ਕਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਹੋ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਨਿਊ ਯਾਰਕ ਟਾਈਮਜ਼ ਅਤੇ ਸਿਐਨਾ ਕਾਲਜ ਦੇ ਚੋਣ ਸਰਵੇਖਣ ਵਿਚ ਵਿਸਕੌਨਸਿਨ, ਮਿਸ਼ੀਗਨ ਅਤੇ ਪੈਨਸਿਲਵੇਨੀਆ ਰਾਜਾਂ ਵਿਚ ਕਮਲਾ ਹੈਰਿਸ ਨੂੰ ਟਰੰਪ ਤੋਂ ਚਾਰ ਅੰਕ ਅੱਗੇ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਰਿਪਬਲਿਕਨ ਪਾਰਟੀ ਦੇ ਗੜ੍ਹ ਮੰਨੇ ਜਾਂਦੇ ਜਾਰਜੀਆ, ਐਰੀਜ਼ੋਨਾ ਅਤੇ ਨੇਵਾਡਾ ਰਾਜਾਂ ਵਿਚ ਵੀ ਹਾਲਾਤ ਬਦਲ ਰਹੇ ਹਨ। ਅਮਰੀਕਾ ਦੀ ਆਰਥਿਕਤਾ ਨੂੰ ਸੰਭਾਲਣ ਦੀ ਤਾਕਤ ਦੇ ਮਾਮਲੇ ਵਿਚ ਪਿਛਲੇ ਸਮੇਂ ਦੌਰਾਨ ਟਰੰਪ ਅੱਗੇ ਰਹੇ ਪਰ ਅਗਸਤ ਦੇ ਪਹਿਲੇ ਹਫ਼ਤੇ ਦੌਰਾਨ ਸਾਹਮਣੇ ਆਏ ਸਰਵੇਖਣ ਵਿਚ ਕਮਲਾ ਹੈਰਿਸ ਨੂੰ ਇਕ ਅੰਕ ਦੀ ਲੀਡ ਮਿਲ ਗਈ। ਸੂਤਰਾਂ ਨੇ ਦੱਸਿਆ ਕਿ ਟਰੰਪ ਦੇ ਸਲਾਹਕਾਰ ਹੁਣ ਉਨ੍ਹਾਂ ਨੂੰ ਤਿੱਖੇ ਬਿਆਨ ਜਾਰੀ ਕਰਨ ਦਾ ਸੁਝਾਅ ਦੇ ਰਹੇ ਹਨ। ਸਾਬਕਾ ਰਾਸ਼ਟਰਪਤੀ ਦੀ ਨਜ਼ਦੀਕੀਆਂ ਦਾ ਮੰਨਣਾ ਹੈ ਕਿ ਟਰੰਪ ਨੂੰ ਹੁਣ ਨਵੀਂ ਰਣਨੀਤੀ ਨਾਲ ਚੋਣ ਮੈਦਾਨ ਵਿਚ ਨਿੱਤਰਨਾ ਹੋਵੇਗਾ।

Next Story
ਤਾਜ਼ਾ ਖਬਰਾਂ
Share it