ਅਮਰੀਕਾ ’ਚ ਭਾਰਤੀ ਮਾਲਕ ਦਾ ਸਿਰ ਵੱਢਣ ਵਾਲੇ ਨੂੰ ਸਜ਼ਾ-ਏ-ਮੌਤ ਨਹੀਂ
ਅਮਰੀਕਾ ਵਿਚ ਭਾਰਤੀ ਮਾਲਕ ਦਾ ਸਿਰ ਵੱਢਣ ਵਾਲੇ ਮੁਲਾਜ਼ਮ ਨੂੰ ਸਜ਼ਾ-ਏ-ਮੌਤ ਨਹੀਂ ਮਿਲੇਗੀ

By : Upjit Singh
ਡੈਲਸ : ਅਮਰੀਕਾ ਵਿਚ ਭਾਰਤੀ ਮਾਲਕ ਦਾ ਸਿਰ ਵੱਢਣ ਵਾਲੇ ਮੁਲਾਜ਼ਮ ਨੂੰ ਸਜ਼ਾ-ਏ-ਮੌਤ ਨਹੀਂ ਮਿਲੇਗੀ। ਜੀ ਹਾਂ, ਡੈਲਸ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਨੇ ਦੱਸਿਆ ਕਿ ਉਹ ਕਤਲ ਦੇ ਮੁਲਜ਼ਮ ਯੌਰਡਾਨਿਸ ਕੋਬੋਜ਼ ਮਾਰਟੀਨੇਜ਼ ਵਾਸਤੇ ਮੌਤ ਦੀ ਸਜ਼ਾ ਨਹੀਂ ਮੰਗ ਰਹੇ ਜਿਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਦੋਸ਼ੀ ਕਰਾਰ ਦਿਤੇ ਜਾਣ ’ਤੇ ਮਾਰਟੀਨੇਜ਼ ਨੂੰ ਉਮਰ ਕੈਦ ਦੀ ਸਜ਼ਾ ਮਿਲੇਗੀ ਅਤੇ ਇਹ ਵੀ ਹੋ ਸਕਦਾ ਹੈ ਕਿ ਜੱਜ ਵੱਲੋਂ ਹੋਰ ਘੱਟ ਮਿਆਦ ਵਾਲੀ ਸਜ਼ਾ ਦਾ ਐਲਾਨ ਕਰ ਦਿਤਾ ਜਾਵੇ।
ਸਰਕਾਰੀ ਵਕੀਲ ਦੇ ਪਿੱਛੇ ਹਟਣ ਮਗਰੋਂ ਹੋ ਸਕਦੀ ਹੈ ਉਮਰ ਕੈਦ
ਚੇਤੇ ਰਹੇ ਕਿ 10 ਸਤੰਬਰ ਨੂੰ ਵਾਪਰੀ ਵਾਰਦਾਤ ਨੇ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿਤਾ ਜਦੋਂ ਇਕ ਖਰਾਬ ਵਾਸ਼ਿੰਗ ਮਸ਼ੀਨ ਦੇ ਮਸਲੇ ’ਤੇ ਚੰਦਰਾਮੌਲੀ ਨਾਗਾਮਲਾਇਆ ਨੇ ਮਾਰਟੀਨੇਜ਼ ਨੂੰ ਝਿੜਕਿਆ। ਪੁਲਿਸ ਮੁਤਾਬਕ ਚੰਦਰਾਮੌਲੀ ਦੀਆਂ ਗੱਲਾਂ ਮਾਰਟੀਨੇਜ਼ ਨੂੰ ਚੁੱਭ ਗਈਆਂ ਅਤੇ ਉਸ ਨੇ ਇਕ ਤੇਜ਼ਧਾਰ ਹਥਿਆਰ ਲਿਆ ਕੇ ਚੰਦਰਮੌਲੀ ਦੀ ਪਤਨੀ ਅਤੇ ਬੇਟੇ ਸਾਹਮਣੇ ਉਸ ਦਾ ਸਿਰ, ਧੜ ਤੋਂ ਵੱਖ ਕਰ ਦਿਤਾ। ਸੀ.ਸੀ.ਟੀ.ਵੀ. ਫੁਟੇਜ ਵਿਚ ਮਾਰਟੀਨੇਜ਼, ਚੰਦਰਾਮੌਲੀ ਦੇ ਸਿਰ ਨੂੰ ਫੁੱਟਬਾਲ ਵਾਂਗ ਠੁੱਡੇ ਮਾਰਦਾ ਵੀ ਦੇਖਿਆ ਜਾ ਸਕਦਾ ਹੈ ਜਿਸ ਨੂੰ ਬਾਅਦ ਵਿਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਚੰਦਰਾਮੌਲੀ ਦੇ ਕਤਲ ਤੋਂ ਪਹਿਲਾਂ ਮਾਰਟੀਨੇਜ਼ ਨੇ ਅਮਰੀਕਾ ਦੇ ਕਈ ਰਾਜਾਂ ਵਿਚ ਵਾਰਦਾਤਾਂ ਕੀਤੀਆਂ ਜਿਨ੍ਹਾਂ ਵਿਚੋਂ ਕਈ ਵਿਚ ਦੋਸ਼ੀ ਠਹਿਰਾਇਆ ਗਿਆ ਜਦਕਿ ਕਈ ਵਿਚ ਬਰੀ ਹੋ ਗਿਆ।
ਚੰਦਰਾਮੌਲੀ ਦੀ ਪਤਨੀ ਅਤੇ ਬੇਟੇ ਸਾਹਮਣੇ ਵਾਪਰੀ ਸੀ ਵਾਰਦਾਤ
ਚੋਰੀ ਤੋਂ ਲੈ ਕੇ ਕਾਰਜੈਕਿੰਗ ਵਰਗੇ ਅਪਰਾਧ ਉਹ ਅਤੀਤ ਵਿਚ ਕਰ ਚੁੱਕਾ ਸੀ। ਚੰਦਰਾਮੌਲੀ ਦੇ ਮਸਲੇ ਨੇ ਡੌਨਲਡ ਟਰੰਪ ਦਾ ਧਿਆਨ ਵੀ ਖਿੱਚਿਆ ਅਤੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਸੁਣਾਏ ਜਾਣ ਦਾ ਸੱਦਾ ਦਿਤਾ। ਦੂਜੇ ਪਾਸੇ ਮਾਰਟੀਨੇਜ਼ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਸੀ ਕਿ ਚੰਦਰਾਮੌਲੀ ਉਸ ਦੇ ਬੇਟੇ ਤੋਂ ਗੁਲਾਮਾਂ ਵਾਂਗ ਕੰਮ ਕਰਵਾਉਂਦਾ ਸੀ ਅਤੇ ਇਸੇ ਕਰ ਕੇ ਗੁੱਸਾ ਉਸ ਦੇ ਦਿਮਾਗ ਨੂੰ ਚੜ੍ਹ ਗਿਆ।


