ਉਡਦੇ ਜਹਾਜ਼ ’ਚ ਆ ਗਿਆ ਮਗਰਮੱਛ, ਵਾਪਰਿਆ ਹਾਦਸਾ, 20 ਲੋਕਾਂ ਦੀ ਗਈ ਜਾਨ!
ਤੁਸੀਂ ਜਹਾਜ਼ ਹਾਦਸਿਆਂ ਦੀਆਂ ਬਹੁਤ ਸਾਰੀਆਂ ਖ਼ਬਰਾਂ ਬਾਰੇ ਸੁਣਿਆ ਹੋਵੇਗਾ, ਜਿਨ੍ਹਾਂ ਵਿਚ ਤਕਨੀਕੀ ਖ਼ਰਾਬੀ ਦੀ ਗੱਲ ਸਾਹਮਣੇ ਆਉਂਦੀ ਐ, ਕਦੇ ਇੰਜਣ ਫ਼ੇਲ੍ਹ ਹੋ ਗਿਆ, ਕਦੇ ਕੋਈ ਪੰਛੀ ਟਕਰਾ ਗਿਆ, ਕਦੇ ਜਹਾਜ਼ ਦੀ ਤਾਕੀ ਜਾਂ ਸ਼ੀਸ਼ਾ ਖੁੱਲ੍ਹ ਗਿਆ ਜਾਂ ਫਿਰ ਕਦੇ ਟਰਬੂਲੈਂਸ ਦੇ ਕਾਰਨ ਵੀ ਜਹਾਜ਼ ਹਾਦਸੇ ਹੋ ਜਾਂਦੇ ਨੇ,
By : Makhan shah
ਕਿੰਸ਼ਾਸਾ : ਹੁਣ ਤੱਕ ਤੁਸੀਂ ਜਹਾਜ਼ ਹਾਦਸਿਆਂ ਦੀਆਂ ਬਹੁਤ ਸਾਰੀਆਂ ਖ਼ਬਰਾਂ ਬਾਰੇ ਸੁਣਿਆ ਹੋਵੇਗਾ, ਜਿਨ੍ਹਾਂ ਵਿਚ ਤਕਨੀਕੀ ਖ਼ਰਾਬੀ ਦੀ ਗੱਲ ਸਾਹਮਣੇ ਆਉਂਦੀ ਐ, ਕਦੇ ਇੰਜਣ ਫ਼ੇਲ੍ਹ ਹੋ ਗਿਆ, ਕਦੇ ਕੋਈ ਪੰਛੀ ਟਕਰਾ ਗਿਆ, ਕਦੇ ਜਹਾਜ਼ ਦੀ ਤਾਕੀ ਜਾਂ ਸ਼ੀਸ਼ਾ ਖੁੱਲ੍ਹ ਗਿਆ ਜਾਂ ਫਿਰ ਕਦੇ ਟਰਬੂਲੈਂਸ ਦੇ ਕਾਰਨ ਵੀ ਜਹਾਜ਼ ਹਾਦਸੇ ਹੋ ਜਾਂਦੇ ਨੇ, ਪਰ ਅਸੀਂ ਜਿਸ ਜਹਾਜ਼ ਹਾਦਸੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਆਂ, ਉਸ ਦਾ ਕਾਰਨ ਇਨ੍ਹਾਂ ਸਭ ਤੋਂ ਵੱਖਰਾ ਏ, ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਏ। ਦਰਅਸਲ ਇਹ ਜਹਾਜ਼ ਹਾਦਸਾ ਇਕ ਮਗਰਮੱਛ ਦੇ ਕਾਰਨ ਵਾਪਰਿਆ ਸੀ, ਜਿਸ ਵਿਚ 20 ਲੋਕਾਂ ਦੀ ਜਾਨ ਚਲੀ ਗਈ ਸੀ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਇਸ ਜਹਾਜ਼ ਹਾਦਸੇ ਦੀ ਪੂਰੀ ਕਹਾਣੀ।
ਦਰਅਸਲ ਇਹ ਘਟਨਾ ਮੱਧ ਅਫ਼ਰੀਕਾ ਦੇ ਇਕ ਦੇਸ਼ ਡੈਮੋਕੇ੍ਰਟਿਕ ਰਿਪਬਲਿਕ ਆਫ਼ ਕਾਂਗੋ ਯਾਨੀ ਡੀਆਰਸੀ ਦੀ ਐ। ਇਹ ਕਾਫ਼ੀ ਵੱਡਾ ਦੇਸ਼ ਐ, ਜਿਸਦੀ ਆਬਾਦੀ 10 ਕਰੋੜ ਤੋਂ ਵੀ ਜ਼ਿਆਦਾ ਏ ਅਤੇ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਕਿੰਸ਼ਾਸਾ ਹੈ। ਕਾਂਗੋ ਵੀ ਅਫ਼ਰੀਕਾ ਦੇ ਜ਼ਿਆਦਾਤਰ ਮੁਲਕਾਂ ਵਾਂਗ ਇਕ ਗ਼ਰੀਬ ਮੁਲਕ ਐ, ਦੇਸ਼ ਵਿਚ ਬਹੁਤ ਸਾਰਾ ਖੇਤਰ ਜੰਗਲੀ ਐ ਅਤੇ ਜ਼ਿਆਦਾਤਰ ਲੋਕ ਕਸਬਿਆਂ ਜਾਂ ਪਿੰਡਾਂ ਵਿਚ ਵਸੇ ਹੋਏ ਨੇ, ਜਿਨ੍ਹਾਂ ਨੂੰ ਆਪਸ ਵਿਚ ਜੋੜਨ ਲਈ ਇਕ ਰੋਡ ਨੈੱਟਵਰਕ ਬਣਿਆ ਹੋਇਆ ਏ। ਇਸ ਦੀਆਂ ਜ਼ਿਆਦਾਤਰ ਸੜਕਾਂ ਕੱਚੀਆਂ ਅਤੇ ਕਾਫ਼ੀ ਛੋਟੀਆਂ ਨੇ, ਜਿਨ੍ਹਾਂ ’ਤੇ ਸਫ਼ਰ ਕਰਨਾ ਬੇਹੱਦ ਮੁਸ਼ਕਲ ਐ। ਕਾਂਗੋ ਵਿਚ ਇਕ ਤਕੜਾ ਹਵਾਈ ਨੈੱਟਵਰਕ ਮੌਜੂਦ ਐ ਜੋ ਦਹਾਕਿਆਂ ਪੁਰਾਣਾ ਏ ਪਰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦਾ ਇਕ ਵਧੀਆ ਅਤੇ ਆਸਾਨ ਤਰੀਕਾ ਉਪਲਬਧ ਕਰਵਾਉਂਦਾ ਏ। ਯਾਨੀ ਕਿ ਦੇਸ਼ ਭਾਵੇਂ ਬੇਹੱਦ ਗ਼ਰੀਬ ਐ ਪਰ ਉਥੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਆਉਣ ਜਾਣ ਲਈ ਲੋਕ ਜਹਾਜ਼ਾਂ ਦੀ ਵਰਤੋਂ ਕਰਦੇ ਨੇ। ਕਹਾਣੀ ਕਾਫ਼ੀ ਰੋਮਾਂਚਿਕ ਐ, ਇਸ ਲਈ ਤੁਹਾਨੂੰ ਥੋੜ੍ਹਾ ਪਿਛੋਕੜ ਬਾਰੇ ਦੱਸਣਾ ਜ਼ਰੂਰੀ ਐ।
ਕਾਂਗੋ ਦੀ ਰਾਜਧਾਨੀ ਵਿਚ ਦੋ ਏਅਰਪੋਰਟ ਨੇ, ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਜਿਲੀ ਇੰਟਰਨੈਸ਼ਨਲ ਏਅਰਪੋਰਟ ਐ ਅਤੇ ਡੋਮੈਸਟਿਕ ਦਾ ਨਾਮ ਨਡੋਲੋ ਏਅਰਪੋਰਟ ਐ। ਦੋਵੇਂ ਹਵਾਈ ਅੱਡਿਆਂ ’ਤੇ ਵਧੀਆ ਸਹੂਲਤਾਂ ਮੌਜੂਦ ਨੇ ਪਰ ਬਾਕੀ ਇਲਾਕਿਆਂ ਵਿਚ ਹਵਾਈ ਅੱਡਿਆਂ ਦੇ ਨਾਂਅ ’ਤੇ ਮਹਿਜ਼ ਛੋਟੀ ਜਿਹੀ ਇਮਾਰਤ ਬਣਾਈ ਹੁੰਦੀ ਐ, ਡਾਕਖ਼ਾਨੇ ਜਿੰਨੀ ਅਤੇ ਹਵਾਈ ਪੱਟੀ ਦੇ ਨਾਂਅ ’ਤੇ ਛੋਟਾ ਜਿਹਾ ਸਮਤਲ ਮੈਦਾਨ ਹੁੰਦਾ ਏ, ਯਾਨੀ ਕਿ ਕੰਮ ਚਲਾਊ ਸਿਸਟਮ ਕੀਤਾ ਹੋਇਆ ਏ। ਕਾਂਗੋ ਵਿਚ ਜਹਾਜ਼ਾਂ ਦੀ ਵਰਤੋਂ ਬੱਸਾਂ ਵਾਂਗ ਕੀਤੀ ਜਾਂਦੀ ਐ, ਯਾਨੀ ਕਿ ਕਿੰਸ਼ਾਸਾ ਤੋਂ ਜਹਾਜ਼ ਫੜੋ, ਜਹਾਜ਼ ਉਤਰੇਗਾ ਕਿਰੀ ਵਿਚ, ਫਿਰ ਕਿਰੀ ਤੋਂ ਲੋਕ ਚੜ੍ਹਨਗੇ, ਇਸ ਤੋਂ ਬਾਅਦ ਬੋਕਾਰੋ, ਸੇਮੇਂਦਵਾ, ਬੰਦੁਦੁ ਹੁੰਦੇ ਹੋਏ ਆਖ਼ਰ ਵਿਚ ਜਹਾਜ਼ ਫਿਰ ਤੋਂ ਵਾਪਸ ਕਿੰਸ਼ਾਸਾ ਆ ਜਾਵੇਗਾ। ਹਰ ਹਵਾਈ ਅੱਡੇ ’ਤੇ ਸਵਾਰੀਆਂ ਦੇ ਉਤਰਨ ਅਤੇ ਚੜ੍ਹਨ ਦਾ ਸਿਲਸਿਲਾ ਇਵੇਂ ਹੀ ਬਣਿਆ ਰਹਿੰਦਾ ਏ, ਜਿਵੇਂ ਬੱਸਾਂ ਵਿਚ ਹੁੰਦਾ ਏ। ਆਓ ਹੁਣ ਮੁੱਖ ਘਟਨਾ ਵੱਲ ਆਉਨੇ ਆਂ।
ਸਾਲ 2010 ਦੀ ਗੱਲ ਐ, ਜਦੋਂ ਇਵੇਂ ਹੀ ਇਕ ਲੈਟ ਐਲ 410 ਟਰਬੋਲੈੱਟ ਜਹਾਜ਼ ਨੇ ਨਡੋਲੋ ਹਵਾਈ ਅੱਡੇ ਤੋਂ ਉਡਾਨ ਭਰੀ ਸੀ। ਇਹ ਦੋ ਇੰਜਣ ਵਾਲਾ ਛੋਟਾ ਜਿਹਾ ਜਹਾਜ਼ ਸੀ ਜੋ ਆਮ ਤੌਰ ’ਤੇ ਕਾਰਗੋ ਲਿਜਾਣ ਲਈ ਵਰਤਿਆ ਜਾਂਦਾ ਏ ਜਾਂ ਸਕਾਈ ਡਾਈਵਿੰਗ ਦੇ ਸ਼ੌਕੀਨ ਇਸ ਦੀ ਵਰਤੋਂ ਕਰਦੇ ਨੇ। ਇਹ ਜਹਾਜ਼ ਇਕ ਕਾਫ਼ੀ ਪੁਰਾਣੇ ਜ਼ਖ਼ੀਰੇ ਦਾ ਹਿੱਸਾ ਸੀ ਜੋ ਕਾਂਗੋ ਨੂੰ ਅਮਰੀਕਾ ਤੋਂ ਮਿਲਿਆ ਸੀ। ਇਸ ਜਹਾਜ਼ ਵਿਚ ਜੇਕਰ ਸੀਟਾਂ ਫਿੱਟ ਕਰ ਦੇਈਏ ਤਾਂ 180-20 ਲੋਕ ਆਰਾਮ ਨਾਲ ਬੈਠ ਸਕਦੇ ਸੀ। ਪਿੱਛੇ ਵੱਲ ਬੈਗੇਜ਼ ਏਰੀਆ ਸੀ, ਜਿੱਥੇ ਲੋਕਾਂ ਨੇ ਆਪਣਾ ਸਮਾਨ ਰੱਖਿਆ ਹੋਇਆ ਸੀ।
ਇਹ ਜਹਾਜ਼ ਫਿਲਏਅਰ ਨਾਂਅ ਦੀ ਇਕ ਕੰਪਨੀ ਚਲਾਉਂਦੀ ਸੀ, ਉਸ ਦਿਨ ਜਹਾਜ਼ ਨੂੰ ਫਿਲਏਅਰ ਕੰਪਨੀ ਦਾ ਮਾਲਕ ਡੈਨੀ ਫਿਲਮੇਟ ਹੀ ਉਡਾ ਰਿਹਾ ਸੀ, ਜਦਕਿ ਉਸ ਦੇ ਨਾਲ ਕੋ ਪਾਇਲਟ ਵਿਲਸਨ ਵੀ ਮੌਜੂਦ ਸੀ। ਜਹਾਜ਼ ਦਾ ਅਗਲਾ ਬੰਦੁਦੁ ਸੀ, ਜਿੱਥੇ ਹੋਰ ਲੋਕ ਉਸ ਵਿਚ ਸਵਾਰ ਹੋਣੇ ਸੀ ਕਿਉਂਕਿ ਜਹਾਜ਼ ਦੀਆਂ ਕਾਫ਼ੀ ਸੀਟਾਂ ਖਾਲੀ ਪਈਆਂ ਸਨ ਪਰ ਹੋਇਆ ਇਹ ਕਿ ਬੰਦੁਦੁ ਵਿਚ ਲੈਂਡਿੰਗ ਤੋਂ ਕੁੱਝ ਸਮਾਂ ਪਹਿਲਾਂ ਹੀ ਜਹਾਜ਼ ਵਿਚ ਇਕ ਦਿੱਕਤ ਸ਼ੁਰੂ ਹੋ ਗਈ। ਇਹ ਦਿੱਕਤ ਜਹਾਜ਼ ਦੀ ਬਾਡੀ ਜਾਂ ਯਾਤਰੀਆਂ ਨਾਲ ਸਬੰਧਤ ਨਹੀਂ ਸੀ, ਬਲਕਿ ਪਿਛੇ ਰੱਖੇ ਸਮਾਨ ਵਿਚ ਸੀ।
ਦਰਅਸਲ ਕਾਰਗੋ ਵਿਚ ਇਕ ਡਫ਼ਲ ਬੈਗ ਰੱਖਿਆ ਹੋਇਆ ਸੀ, ਜਿਸ ਨੂੰ ਸੇਮੇਂਦਾ ਤੋਂ ਜਹਾਜ਼ ਵਿਚ ਚੜ੍ਹਾਇਆ ਗਿਆ ਸੀ। ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹ ਜਹਾਜ਼ ਬੱਸਾਂ ਦੀ ਤਰ੍ਹਾਂ ਕੰਮ ਕਰਦੇ ਸੀ, ਇਸ ਕਰਕੇ ਸੁਰੱਖਿਆ ਵਿਵਸਥਾ ਵੀ ਬੱਸਾਂ ਵਰਗੀ ਹੀ ਸੀ, ਯਾਨੀ ਕਿ ਚੈਕਿੰਗ ਦੇ ਨਾਂਅ ’ਤੇ ਇਕ ਮਸ਼ੀਨ ਰੱਖੀ ਹੋਈ ਸੀ ਜੋ ਟੂੰ ਟੂੰ ਕਰਦੀ ਸੀ ਪਰ ਜਹਾਜ਼ ਵਿਚ ਕੀ ਚੜ੍ਹਾਇਆ, ਕੀ ਉਤਾਰਿਆ, ਚੈੱਕ ਕਰਨ ਵਾਲਿਆਂ ਨੂੰ ਕੁੱਝ ਪੱਕਾ ਪਤਾ ਨਹੀਂ ਸੀ ਹੁੰਦਾ। ਬੰਦੁਦੁ ਵਿਚ ਲੈਂਡ ਕਰਨ ਤੋਂ ਕੁੱਝ ਸਮਾਂ ਪਹਿਲਾਂ ਬੈਗ ਵਿਚ ਹਰਕਤ ਹੋਣ ਲੱਗੀ। ਸ਼ੁਰੂ ਵਿਚ ਕਿਸੇ ਨੂੰ ਕੁੱਝ ਪਤਾ ਨਹੀਂ ਚੱਲਿਆ ਪਰ ਫਿਰ ਅਚਾਨਕ ਬੈਗ ਦਾ ਮੂੰਹ ਖੁੱਲਿ੍ਹਆ ਤਾਂ ਉਸ ਵਿਚੋਂ ਦੋ ਅੱਖਾਂ ਬਾਹਰ ਨਿਕਲੀਆਂ, ਜਿਨ੍ਹਾਂ ਨੂੰ ਦੇਖਦੇ ਹੀ ਜਹਾਜ਼ ਵਿਚ ਚੀਕ ਚਿਹਾੜਾ ਮੱਚ ਗਿਆ। ਉਧਰ ਹੇਠਾਂ ਬੰਦੁਦੁ ਹਵਾਈ ਅੱਡੇ ’ਤੇ ਵੀ ਲੋਕਾਂ ਦੀਆਂ ਅੱਖਾਂ ਜਹਾਜ਼ ਨੂੰ ਤੱਕ ਰਹੀਆਂ ਸੀ ਪਰ ਉਨ੍ਹਾਂ ਦੇਖਦੇ ਹੀ ਦੇਖਦੇ ਜਹਾਜ਼ ਹੇਠਾਂ ਵੱਲ ਮੁੜਿਆ ਅਤੇ ਗੋਤੇ ਖਾਂਦਾ ਹੋਇਆ, ਇਕ ਘਰ ਦੀ ਛੱਤ ਨਾਲ ਜਾ ਟਕਰਾਇਆ। ਜਹਾਜ਼ ਦੀ ਬਾਡੀ ਪਰਖੱਚੇ ਉਡ ਗਏ, ਦੋਵੇਂ ਪਾਇਲਟਾਂ ਸਮੇਤ 20 ਲੋਕਾਂ ਦੀ ਮੌਤ ਹੋ ਗਈ।
ਜਹਾਜ਼ ਦਾ ਕੋ ਪਾਇਲਟ ਬ੍ਰਿਟਿਸ਼ ਸੀ, ਜਿਸ ਕਰਕੇ ਬ੍ਰਿਟਿਸ਼ ਅਧਿਕਾਰੀਆਂ ਨੇ ਕਾਂਗੋ ਤੋਂ ਜਹਾਜ਼ ਦਾ ਬਲੈਕ ਬਾਕਸ ਮੰਗਿਆ ਪਰ ਗੱਲ ਟਾਲ ਮਟੋਲ ਕਰ ਦਿੱਤੀ ਗਈ। ਬ੍ਰਿਟੇਨ ਨੇ ਜਾਂਚ ਦੇ ਲਈ ਮਾਹਿਰ ਵੀ ਨਿਯੁਕਤ ਕੀਤਾ, ਜਿਸ ਦੀ ਜਾਂਚ ਵਿਚ ਇਹੀ ਗੱਲ ਸਾਹਮਣੇ ਆਈ ਕਿ ਜਹਾਜ਼ ਮੁੜਨ ਕਾਰਨ ਜ਼ਿਆਦਾ ਝੁਕ ਗਿਆ, ਜਿਸ ਕਾਰਨ ਉਸ ਦਾ ਬੈਲੇਂਸ ਵਿਗੜ ਗਿਆ। ਇਸ ਮਗਰੋਂ ਮਾਮਲਾ ਖ਼ਤਮ ਹੋ ਗਿਆ,,, ਪਰ ਕੁੱਝ ਸਾਲ ਮਗਰੋਂ ਇਸ ਕੇਸ ਵਿਚ ਉਸ ਸਮੇਂ ਅਸਲ ਸੱਚਾਈ ਸਾਹਮਣੇ ਆਈ ਜਦੋਂ ਇਕ ਅਖ਼ਬਾਰ ਨੇ ਖ਼ਬਰ ਛਾਪੀ ਕਿ ਜਹਾਜ਼ ਵਿਚ ਇਕ ਆਦਮੀ ਜ਼ਿੰਦਾ ਬਚ ਗਿਆ ਸੀ, ਉਸ ਨੇ ਦੱਸਿਆ ਕਿ ਬੈਗ ਵਿਚੋਂ ਜੋ ਅੱਖਾਂ ਬਾਹਰ ਨਿਕਲੀਆਂ ਸੀ, ਉਹ ਮਗਰਮੱਛ ਦੀਆਂ ਸੀ। ਉਹ ਜਿਵੇਂ ਹੀ ਬੈਗ ਵਿਚੋਂ ਨਿਕਲ ਕੇ ਰੇਂਗਦਾ ਹੋਇਆ ਲੋਕਾਂ ਵੱਲ ਆਉਣ ਲੱਗਿਆ ਤਾਂ ਸਾਰੇ ਲੋਕ ਪਾਇਲਟ ਦੇ ਕੈਬਿਨ ਵੱਲ ਇਕੱਠੇ ਹੋ ਗਏ, ਜਿਸ ਕਾਰਨ ਜਹਾਜ਼ ਦਾ ਬੈਲੇਂਸ ਵਿਗੜ ਗਿਆ ਅਤੇ ਜਹਾਜ਼ ਤੇਜ਼ੀ ਨਾਲ ਹੇਠਾਂ ਡਿੱਗ ਕੇ ਕ੍ਰੈਸ਼ ਹੋ ਗਿਆ।
ਅਖ਼ਬਾਰ ਦੀ ਇਸ ਕਹਾਣੀ ’ਤੇ ਕਾਫੀ ਚਰਚਾ ਹੋਈ, ਬਹੁਤੇ ਲੋਕਾਂ ਨੇ ਇਸ ਨੂੰ ਸਿਰਫ਼ ਇਕ ਫਿਲਮੀ ਕਹਾਣੀ ਦੱਸਿਆ। ਉਂਝ ਜਹਾਜ਼ ਵਿਚ ਉਸ ਦਿਨ ਕੀ ਹੋਇਆ ਸੀ, ਇਹ ਸਭ ਕੁੱਝ ਬਲੈਕ ਬਾਕਸ ਤੋਂ ਪਤਾ ਚੱਲ ਸਕਦਾ ਸੀ ਪਰ ਕਿਸੇ ਨੇ ਬਲੈਕ ਬਾਕਸ ਦੀ ਜਾਂਚ ਹੀ ਨਹੀਂ ਕੀਤੀ,, ਪਰ ਰਿਪੋਰਟਾਂ ਮੁਤਾਬਕ ਇਹ ਵੀ ਪਤਾ ਚਲਦਾ ਏ ਕਿ ਕਾਂਗੋ ਦੇ ਲੋਕ ਜਹਾਜ਼ ਵਿਚ ਬੱਕਰੀਆਂ, ਮੁਰਗੇ ਅਤੇ ਹੋਰ ਛੋਟੇ ਮੋਟੇ ਜਾਨਵਰਾਂ ਨੂੰ ਲੈ ਕੇ ਸਫ਼ਰ ਕਰ ਲੈਂਦੇ ਸੀ, ਅਜਿਹੇ ਵਿਚ ਹੋ ਸਕਦੈ ਕੋਈ ਬੰਦਾ ਬੈਗ ਵਿਚ ਮਗਰਮੱਛ ਨੂੰ ਲੈ ਗਿਆ ਹੋਵੇ, ਇਸ ਵਿਚ ਕੋਈ ਹੈਰਾਨੀ ਨਹੀਂ ਹੋ ਸਕਦੀ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ