ਜਰਮਨੀ ਦੇ ਗੁਰਦਵਾਰਾ ਸਾਹਿਬ ਵਿਚ ਖੜਕਾ-ਦੜਕਾ
ਜਰਮਨੀ ਦੇ ਗੁਰਦਵਾਰਾ ਸਾਹਿਬ ਵਿਚ ਮੁੱਖ ਸੇਵਾਦਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪ੍ਰਬੰਧਕ ਕਮੇਟੀ ਦੇ ਮੈਂਬਰਾ ਨੂੰ ਗਾਲ੍ਹਾਂ ਕੱਢਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ

By : Upjit Singh
ਬਰਲਿਨ : ਜਰਮਨੀ ਦੇ ਗੁਰਦਵਾਰਾ ਸਾਹਿਬ ਵਿਚ ਮੁੱਖ ਸੇਵਾਦਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪ੍ਰਬੰਧਕ ਕਮੇਟੀ ਦੇ ਮੈਂਬਰਾ ਨੂੰ ਗਾਲ੍ਹਾਂ ਕੱਢਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਡੋਜ਼ਬਰਗ ਮੋਅਰਜ਼ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਦਾ ਨਾਂ ਸੋਹਣ ਸਿੰਘ ਬਾਵਾ ਦੱਸਿਆ ਜਾ ਰਿਹਾ ਹੈ ਜੋ ਕਮੇਟੀ ਮੈਂਬਰ ਜਸਬੀਰ ਸਿੰਘ ਔਜਲਾ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਾ ਸੁਣਿਆ ਜਾ ਸਕਦਾ ਹੈ। ਗੁਰਦਵਾਰਾ ਸਾਹਿਬ ਵਿਚ ਵਾਪਰੀ ਇਸ ਘਟਨਾ ਕਾਰਨ ਸੰਗਤ ਵਿਚ ਤਿੱਖਾ ਰੋਸ ਹੈ ਅਤੇ ਜਲਦ ਹੀ ਸੋਹਣ ਸਿੰਘ ਬਾਵਾ ਨੂੰ ਅਹੁਦੇ ਤੋਂ ਹਟਾਉਣ ਦਾ ਮਤਾ ਪਾਸ ਕੀਤਾ ਜਾ ਰਿਹਾ ਹੈ।
ਮੁੱਖ ਸੇਵਾਦਾਰ ਨੇ ਮੈਂਬਰਾਂ ਨੂੰ ਸ਼ਰ੍ਹੇਆਮ ਕੱਢੀਆਂ ਗਾਲ੍ਹਾਂ
ਇਥੇ ਦਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਕੈਨੇਡਾ ਦੇ ਵਿੰਨੀਪੈਗ ਸ਼ਹਿਰ ਵਿਚ ਗੁਰਦਵਾਰਾ ਸਾਹਿਬ ਦੇ ਬਾਹਰ ਦੂਜੇ ਰੋਸ ਵਿਖਾਵੇ ਦਾ ਮਾਮਲਾ ਬੇਹੱਦ ਭਖਿਆ। ਮੁਜ਼ਾਹਰਾਕਾਰੀਆਂ ਨੇ ਗੁਰਦਵਾਰੇ ਵਿਚ ਆਉਣ ਵਾਲਾ ਚੜ੍ਹਾਵਾ ਗ੍ਰੌਸਰੀ ਸਟੋਰਾਂ ’ਤੇ ਵੇਚਣ ਦਾ ਦੋਸ਼ ਲਾਇਆ ਜਦਕਿ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੁਜ਼ਾਹਰਾਕਾਰੀਆਂ ਨੂੰ ਸ਼ਰਾਰਤੀ ਅਨਸਰ ਦੱਸ ਰਹੇ ਸਨ। ਕੁਝ ਦਿਨ ਪਹਿਲਾਂ ਪੰਜਾਬ ਦੇ ਫ਼ਾਜ਼ਿਲਕਾ ਵਿਖੇ ਵੀ ਗੁਰਦਵਾਰ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਕ੍ਰਿਪਾਨਾਂ ਚੱਲਣ ਦੀ ਵਾਰਦਾਤ ਸਾਹਮਣੇ ਆ ਚੁੱਕੀ ਹੈ।


