ਦੱਖਣੀ ਕੋਰੀਆ ਦੇ ਰਿਹਾਇਸ਼ੀ ਇਲਾਕਿਆਂ ਵਿਚ ਬੰਬਾਰੀ, 15 ਜ਼ਖਮੀ
ਦੱਖਣੀ ਕੋਰੀਆ ਵਿਚ ਚੱਲ ਰਹੀਆਂ ਫੌਜੀ ਮਸ਼ਕਾਂ ਦੌਰਾਨ ਆਮ ਲੋਕ ਖਤਰੇ ਵਿਚ ਘਿਰ ਗਏ ਜਦੋਂ ਦੋ ਲੜਾਕੂ ਜਹਾਜ਼ਾਂ ਨੇ ਰਿਹਾਇਸ਼ੀ ਇਲਾਕੇ ਉਤੇ ਬੰਬ ਸੁੱਟਣੇ ਸ਼ੁਰੂ ਕਰ ਦਿਤੇ।

ਸੋਲ : ਦੱਖਣੀ ਕੋਰੀਆ ਵਿਚ ਚੱਲ ਰਹੀਆਂ ਫੌਜੀ ਮਸ਼ਕਾਂ ਦੌਰਾਨ ਆਮ ਲੋਕ ਖਤਰੇ ਵਿਚ ਘਿਰ ਗਏ ਜਦੋਂ ਦੋ ਲੜਾਕੂ ਜਹਾਜ਼ਾਂ ਨੇ ਰਿਹਾਇਸ਼ੀ ਇਲਾਕੇ ਉਤੇ ਬੰਬ ਸੁੱਟਣੇ ਸ਼ੁਰੂ ਕਰ ਦਿਤੇ। ਬੰਬਾਰੀ ਦੌਰਾਨ 15 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਵਾਈ ਫੌਜ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਪਾਇਲਟਾਂ ਨੇ ਫੌਜੀ ਮਸ਼ਕਾਂ ਦੌਰਾਨ ਗਲਤ ਟਿਕਾਣਾ ਦਰਜ ਕਰ ਲਿਆ ਅਤੇ ਉਨ੍ਹਾਂ ਥਾਵਾਂ ’ਤੇ ਬੰਬ ਡਿੱਗੇ ਜਿਥੇ ਲੋਕ ਵਸਦੇ ਹਨ। ਫੌਜੀ ਮਸ਼ਕਾਂ ਨੂੰ ਆਰਜ਼ੀ ਤੌਰ ’ਤੇ ਰੱਦ ਕਰ ਦਿਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਵੀਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਤਕਰੀਬਨ 10 ਵਜੇ ਉਤਰ ਕੋਰੀਆ ਦੀ ਸਰਹੱਦ ਨੇੜਲੇ ਸ਼ਹਿਰ ਪੌਚੀਓਨ ਵਿਖੇ ਵਾਪਰੀ।
ਫੌਜੀ ਮਸ਼ਕਾਂ ਦੌਰਾਨ ਗਲਤੀ ਨਾਲ ਡਿੱਗੇ ਬੰਬ
ਦੱਸਿਆ ਜਾ ਰਿਹਾ ਹੈ ਕਿ 8 ਬੰਬਾਂ ਵਿਚੋਂ ਇਕ ਬੰਬ ਵਿਚ ਧਮਾਕਾ ਹੋਇਆ ਅਤੇ ਬਾਕੀ ਬੰਬ ਨਕਾਰਾ ਕਰ ਦਿਤੇ ਗਏ। ਦੱਸ ਦੇਈਏ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਦੀ ਹਵਾਈ ਫੌਜ ਵੱਲੋਂ ਸਾਂਝੀਆਂ ਫੌਜੀ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਕੇ.ਐਫ਼. 16 ਲੜਾਕੂ ਜਹਾਜ਼ਾਂ ਵੱਲੋਂ ਗਲਤੀ ਨਾਲ ਐਮ.ਕੇ. 82 ਬੰਬ ਰਿਹਾਇਸ਼ੀ ਇਲਾਕੇ ਉਤੇ ਸੁੱਟ ਦਿਤੇ ਗਏ। ਕੋਰੀਅਨ ਹਵਾਈ ਫੌਜ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਬੰਬਾਰੀ ਦਾ ਨਿਸ਼ਾਨਾ ਬਣੇ ਇਲਾਕੇ ਵਿਚ ਵਸਦੇ ਲੋਕਾਂ ਨੂੰ ਸੁਰੱਖਿਅਤ ਟਿਕਾਣੇ ’ਤੇ ਲਿਜਾਇਆ ਗਿਆ ਹੈ।