ਭਾਰਤ ਤੋਂ ਅਮਰੀਕਾ ਜਾ ਰਹੇ ਜਹਾਜ਼ ਵਿਚ ਬੰਬ ਦੀ ਧਮਕੀ
ਭਾਰਤ ਤੋਂ ਅਮਰੀਕਾ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਮੁੰਬਈ ਹਵਾਈ ਅੱਡੇ ’ਤੇ ਉਤਾਰ ਦਿਤਾ ਗਿਆ।

ਮੁੰਬਈ : ਭਾਰਤ ਤੋਂ ਅਮਰੀਕਾ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਮੁੰਬਈ ਹਵਾਈ ਅੱਡੇ ’ਤੇ ਉਤਾਰ ਦਿਤਾ ਗਿਆ। ਨਿਊ ਯਾਰਕ ਵਾਸਤੇ ਰਵਾਨਾ ਹੋਈ ਫਲਾਈਟ ਏ.ਆਈ.-119 ਸੋਮਵਾਰ ਵੱਡੇ ਤੜਕੇ ਮੁੰਬਈ ਤੋਂ ਰਵਾਨਾ ਹੋਈ ਅਤੇ ਸਾਢੇ ਅੱਠ ਘੰਟੇ ਬਾਅਦ ਇਸ ਨੂੰ ਮੁੜ ਮੁੰਬਈ ਵਾਪਸ ਲਿਆਂਦਾ ਗਿਆ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਸ਼ਿਕਾਗੋ ਤੋਂ ਦਿੱਲੀ ਰਵਾਨਾ ਹੋਏ ਏਅਰ ਇੰਡੀਆ ਦੇ ਹਵਾਈ ਜਹਾਜ਼ ਦੇ ਪਖਾਨੇ ਬੰਦ ਹੋਣ ਕਾਰਨ ਮੁਸਾਫ਼ਰਾਂ ਨੇ ਭੜਥੂ ਪਾ ਦਿਤਾ ਅਤੇ 10 ਘੰਟੇ ਹਵਾ ਵਿਚ ਰਹਿਣ ਮਗਰੋਂ ਜਹਾਜ਼ ਮੁੜ ਸ਼ਿਕਾਗੋ ਵਾਈ ਅੱਡੇ ’ਤੇ ਉਤਾਰਨਾ ਪਿਆ। ਏਅਰ ਇੰਡੀਆ ਨੇ ਦੱਸਿਆ ਕਿ ਨਿਊ ਯਾਰਕ ਜਾ ਰਹੀ ਫਲਾਈਟ ਦੇ ਵਾਸ਼ਰੂਮ ਵਿਚ ਇਕ ਪਰਚੀ ਮਿਲੀ ਜਿਸ ਉਤੇ ਬੰਬ ਦੀ ਧਮਕੀ ਲਿਖੀ ਹੋਈ ਸੀ। ਸੁਰੱਖਿਆ ਪ੍ਰੋਟੋਕੌਲ ਦੇ ਮੱਦੇਨਜ਼ਰ ਜਹਾਜ਼ ਨੂੰ ਉਸੇ ਵੇਲੇ ਮੁੰਬਈ ਵਾਪਸ ਲਿਆਉਣ ਦਾ ਫੈਸਲਾ ਲਿਆ ਗਿਆ।
ਮੁੰਬਈ ਹਵਾਈ ਅੱਡੇ ’ਤੇ ਉਤਾਰਿਆ ਏਅਰ ਇੰਡੀਆ ਦਾ ਜਹਾਜ਼
ਜਹਾਜ਼ ਦੇ ਮੁੰਬਈ ਲੈਂਡ ਕਰਨ ਮਗਰੋਂ ਸੁਰੱਖਿਆ ਏਜੰਸੀਆਂ ਪੜਤਾਲ ਵਿਚ ਜੁਟ ਗਈਆਂ ਅਤੇ ਮੁਸਾਫ਼ਰਾਂ ਨੂੰ ਹੋਈ ਖੱਜਲ ਖੁਆਰੀ ਵਾਸਤੇ ਅਫ਼ਸੋਸ ਜ਼ਾਹਰ ਕੀਤਾ ਗਿਆ ਹੈ। ਏਅਰ ਇੰਡੀਆ ਨੇ ਦੱਸਿਆ ਕਿ ਫਲਾਈਟ ਨੂੰ 11 ਮਾਰਚ ਸਵੇਰੇ 5 ਵਜੇ ਮੁੜ ਰਵਾਨਾ ਕੀਤਾ ਜਾਵੇਗਾ। ਮੁਸਾਫ਼ਰਾਂ ਵਾਸਤੇ ਹੋਟਲ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਏਅਰ ਇੰਡੀਆ ਦੇ ਜਹਾਜ਼ ਨੂੰ ਗਰੀਨਲੈਂਡ ਤੋਂ ਵਾਪਸ ਸੱਦਣਾ ਪਿਆ ਜਿਸ ਦੇ ਦੇ ਜ਼ਿਆਦਾਤਰ ਪਖਾਨੇ ਬੰਦ ਸਨ ਅਤੇ 300 ਮੁਸਾਫ਼ਰਾਂ ਵਾਸਤੇ ਸਿਰਫ਼ ਇਕ ਪਖਾਨਾ ਚੱਲ ਰਿਹਾ ਸੀ। ਫਲਾਈਟ ਅੰਦਰਲੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਵਿਚ ਮੁਸਾਫ਼ਰਾਂ ਦਾ ਗੁੱਸਾ ਦੇਖਿਆ ਜਾ ਸਕਦਾ ਹੈ।
ਪਖਾਨੇ ਬੰਦ ਹੋਣ ਕਾਰਨ ਸ਼ਿਕਾਗੋ ਫਲਾਈਟ ਪਰਤੀ ਸੀ ਵਾਪਸ
ਉਸ ਵੇਲੇ ਏਅਰ ਇੰਡੀਆ ਵੱਲੋਂ ਤਕਨੀਕੀ ਖਰਾਬੀ ਹੋਣ ਦਾ ਜ਼ਿਕਰ ਕੀਤਾ ਗਿਆ ਪਰ ਜਲਦ ਹੀ ਅਸਲੀਅਤ ਸਾਹਮਣੇ ਆ ਗਈ। ਹਵਾਈ ਜਹਾਜ਼ ਦੇ ਸ਼ਿਕਾਗੋ ਪਰਤਣ ਮਗਰੋਂ ਸਾਰੇ ਮੁਸਾਫਰਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਅਤੇ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ। ਇਸ ਦੇ ਨਾਲ ਹੀ ਮੁਸਾਫ਼ਰਾਂ ਨੂੰ ਪੂਰਾ ਕਿਰਾਇਆ ਵਾਪਸ ਕਰਨ ਅਤੇ ਨਵੇਂ ਸਿਰੇ ਤੋਂ ਟਿਕਟ ਬੁੱਕ ਕਰਨ ਦੀ ਸਹੂਲਤ ਵੀ ਦਿਤੀ ਗਈ।