ਨਿਊ ਯਾਰਕ ਵਿਚ ਲਾਪਤਾ ਕੈਨੇਡੀਅਨ ਬੱਚੀ ਦੀ ਲਾਸ਼ ਬਰਾਮਦ
9 ਸਾਲਾ ਬੱਚੀ ਦੇ ਪਿਤਾ ਨੇ ਅਗਵਾ ਕੀਤੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਨੂੰ ਅਜਿਹਾ ਕੁਝ ਵੀ ਨਜ਼ਰ ਨਹੀਂ ਆਇਆ ਜਿਸ ਮਗਰੋਂ ਪਿਤਾ ਦੇ ਦਾਅਵਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ

By : Upjit Singh
ਨਿਊ ਯਾਰਕ : ਅਮਰੀਕਾ ਦੇ ਨਿਊ ਯਾਰਕ ਸੂਬੇ ਵਿਚ ਲਾਪਤਾ ਕੈਨੇਡੀਅਨ ਬੱਚੀ ਦੀ ਲਾਸ਼ ਹੀ ਬਰਾਮਦ ਹੋ ਸਕੀ। 9 ਸਾਲਾ ਬੱਚੀ ਦੇ ਪਿਤਾ ਨੇ ਅਗਵਾ ਕੀਤੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਨੂੰ ਅਜਿਹਾ ਕੁਝ ਵੀ ਨਜ਼ਰ ਨਹੀਂ ਆਇਆ ਜਿਸ ਮਗਰੋਂ ਪਿਤਾ ਦੇ ਦਾਅਵਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਨਿਊ ਯਾਰਕ ਸਟੇਟ ਪੁਲਿਸ ਨੇ ਦੱਸਿਆ ਕਿ ਸ਼ਨਿੱਚਰਵਾਰ ਸ਼ਾਮ ਸੂਬੇ ਦੇ ਉਤਰ ਪੂਰਬੀ ਇਲਾਕੇ ਵਿਚ ਲੇਕ ਜਾਰਜ ਨੇੜੇ ਮੈਲੀਨਾ ਫਰੈਟੋਲਿਨ ਦੇ ਲਾਪਤਾ ਹੋਣ ਦੀ ਇਤਲਾਹ ਮਿਲੀ। ਪਿਉ ਅਤੇ ਧੀ ਦੀ ਸ਼ਨਾਖਤ ਕੈਨੇਡੀਅਨ ਨਾਗਰਿਕਾਂ ਵਜੋਂ ਕੀਤੀ ਗਈ ਪਰ ਹੁਣ ਤੱਕ ਦੋਹਾਂ ਦੇ ਸ਼ਹਿਰ ਜਾਂ ਕਸਬੇ ਬਾਰੇ ਪਤਾ ਨਹੀਂ ਲੱਗ ਸਕਿਆ।
ਪਿਤਾ ਨੇ ਅਗਵਾ ਹੋਣ ਦੀ ਕੀਤੀ ਸੀ ਸ਼ਿਕਾਇਤ
ਫਿਲਹਾਲ ਇਸ ਮਾਮਲੇ ਵਿਚ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ ਅਤੇ ਪੁਲਿਸ ਵੱਲੋਂ ਮੈਲੀਨਾ ਦੀ ਮੌਤ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬ ਮੁਹੱਈਆ ਨਹੀਂ ਕਰਵਾਏ ਗਏ। ਬੱਚੀ ਦੀ ਲਾਸ਼ ਐਤਵਾਰ ਨੂੰ ਲੇਕ ਜਾਰਜ ਤੋਂ 50 ਕਿਲੋਮੀਟਰ ਪੂਰਬ ਵੱਲ ਟਿਕੌਨਡਰੋਗਾ ਇਲਾਕੇ ਵਿਚੋਂ ਮਿਲੀ। ਇਹ ਇਲਾਕਾ ਵਰਮੌਂਟ ਸੂਬੇ ਦੇ ਸਰਹੱਦ ਨੇੜੇ ਪੈਂਦਾ ਹੈ ਅਤੇ ਬੱਚੀ ਦੀ ਭਾਲ ਵਾਸਤੇ ਪੁਲਿਸ ਦੇ ਕੇ-9 ਐਵੀਏਸ਼ਨ ਯੂਨਿਟ ਜੁਟੇ ਰਹੇ। ਨਿਊ ਯਾਰਕ ਸ਼ਹਿਰ ਤੋਂ ਟਿਕੌਨਡਰੋਗਾ ਦੀ ਦੂਰੀ ਤਕਰੀਬਨ 400 ਕਿਲੋਮੀਟਰ ਬਣਦੀ ਹੈ।
ਪੁਲਿਸ ਨੂੰ ਬੱਚੀ ਦੇ ਅਗਵਾ ਹੋਣ ਦਾ ਕੋਈ ਸਬੂਤ ਨਾ ਮਿਲਿਆ
ਪੁਲਿਸ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਮਾਮਲੇ ਦੀ ਵਿਸਤਾਰਤ ਜਾਣਕਾਰੀ ਮੁਹੱਈਆ ਕਰਵਾਈ ਜਾ ਸਕਦੀ ਹੈ ਪਰ ਦੂਜੇ ਪਾਸੇ ਬੱਚੀ ਦਾ ਪਿਤਾ ਲੂਚੀਆਨੋ ਫਰੈਟੋਲਿਨ ਐਤਵਾਰ ਸ਼ਾਮ ਤੱਕ ਮੀਡੀਆ ਦੇ ਸੰਪਰਕ ਵਿਚ ਨਾ ਆਇਆ ਅਤੇ ਸੋਸ਼ਲ ਮੀਡੀਆ ਰਾਹੀਂ ਭੇਜੇ ਕਿਸੇ ਸੁਨੇਹੇ ਦਾ ਜਵਾਬ ਵੀ ਨਾ ਦਿਤਾ। ਫਰੈਟੋਲਿਨ ਵੱਲੋਂ ਬਣਾਈ ਕੌਫੀ ਕੰਪਨੀ ਦੀ ਵੈਬਸਾਈਟ ’ਤੇ ਮੈਲੀਨਾ ਨੂੰ ਆਪਣੀ ਜ਼ਿੰਦਗੀ ਦਾ ਚਾਨਣ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਉਸ ਨੂੰ ਜ਼ਿੰਦਗੀ ਦੀ ਪ੍ਰੇਰਣਾ ਅਤੇ ਸਭ ਕੁਝ ਕਹਿ ਕੇ ਵੀ ਸੰਬੋਧਨ ਕੀਤਾ ਗਿਆ ਹੈ।


