US-Canada ਵਿਚ ਬਰਫ਼ੀਲੇ ਤੂਫ਼ਾਨ, ਹਜ਼ਾਰਾਂ ਫਲਾਈਟਸ ਰੱਦ
ਅਮਰੀਕਾ ਅਤੇ ਕੈਨੇਡਾ ਵਿਚ ਬਰਫ਼ੀਲੇ ਤੂਫ਼ਾਨ ਰੁਕਣ ਦਾ ਨਾਂ ਨਹੀਂ ਲੈ ਰਹੇ ਅਤੇ ਐਤਵਾਰ ਤੋਂ ਬਾਅਦ ਸੋਮਵਾਰ ਨੂੰ ਵੀ 4,500 ਤੋਂ ਵੱਧ ਫਲਾਈਟਸ ਰੱਦ ਹੋ ਗਈਆਂ ਜਦਕਿ ਸੜਕ ਆਵਾਜਾਈ ਠੱਪ ਹੋ ਗਈ

By : Upjit Singh
ਮਿਨੀਆਪੌਲਿਸ : ਅਮਰੀਕਾ ਅਤੇ ਕੈਨੇਡਾ ਵਿਚ ਬਰਫ਼ੀਲੇ ਤੂਫ਼ਾਨ ਰੁਕਣ ਦਾ ਨਾਂ ਨਹੀਂ ਲੈ ਰਹੇ ਅਤੇ ਐਤਵਾਰ ਤੋਂ ਬਾਅਦ ਸੋਮਵਾਰ ਨੂੰ ਵੀ 4,500 ਤੋਂ ਵੱਧ ਫਲਾਈਟਸ ਰੱਦ ਹੋ ਗਈਆਂ ਜਦਕਿ ਸੜਕ ਆਵਾਜਾਈ ਠੱਪ ਹੋ ਗਈ। ਅਮਰੀਕਾ ਦੇ ਉਤਰ ਪੂਰਬੀ ਅਤੇ ਕੈਨੇਡਾ ਦੇ ਦੱਖਣ ਪੂਰਬੀ ਹਿੱਸੇ ਸਭ ਤੋਂ ਵੱਧ ਪ੍ਰਭਾਵਤ ਦੱਸੇ ਜਾ ਰਹੇ ਹਨ ਅਤੇ ਸੜਕੀ ਆਵਾਜਾਈ ਵਿਚ ਅੜਿੱਕਿਆਂ ਕਰ ਕੇ ਟਰੱਕ ਸਟੌਪਸ ’ਤੇ ਬਿਗ ਰਿਗਜ਼ ਦੀ ਗਿਣਤੀ ਵਧਦੀ ਜਾ ਰਹੀ ਹੈ। ਏ.ਬੀ.ਸੀ. ਨਿਊਜ਼ ਦੀ ਰਿਪੋਰਟ ਮੁਤਾਬਕ ਪਿਛਲੇ ਹਫ਼ਤੇ ਬਣੇ ਘੱਟ ਦਬਾਅ ਵਾਲੇ ਖੇਤਰ ਨੇ ਮੌਸਮ ਦਾ ਮਿਜ਼ਾਜ ਬੇਹੱਦ ਖਰਾਬ ਕਰ ਦਿਤਾ। ਬਰਫ਼ੀਲੀਆਂ ਹਵਾਵਾਂ ਤੋਂ ਇਲਾਵਾ ਅਮਰੀਕਾ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਅਤੇ ਵਾਵਰੋਲਿਆਂ ਕਾਰਨ ਵੱਡਾ ਨੁਕਸਾਨ ਹੋਣ ਦੀ ਰਿਪੋਰਟ ਹੈ। ਵਿਸਕੌਨਸਿਨ ਸੂਬੇ ਵਿਚ ਦੋ ਫੁੱਟ ਤੋਂ ਵੱਧ ਬਰਫ਼ ਡਿੱਗਣ ਦੀ ਰਿਪੋਰਟ ਹੈ ਜਦਕਿ ਆਇਓਵਾ, ਮਿਨੇਸੋਟਾ ਅਤੇ ਇਲੀਨੌਇ ਵਿਖੇ 9 ਇੰਚ ਤੱਕ ਬਰਫ਼ਬਾਰੀ ਹੋਈ।
ਸੜਕੀ ਆਵਾਜਾਈ ਪ੍ਰਭਾਵਤ, ਟਰੱਕ ਸਟੌਪਸ ’ਤੇ ਵਧੀ ਭੀੜ
ਟੈਕਸਸ ਅਤੇ ਓਹਾਇਓ ਸਣੇ ਅੱਠ ਰਾਜਾਂ ਵਿਚ 70 ਮੀਲ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਵਾਲੀਆਂ ਹਵਾਵਾਂ ਵਗੀਆਂ ਅਤੇ ਸੋਮਵਾਰ ਸਵੇਰ ਤੱਕ 5 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਰਹੀ। ਨੌਰਥ ਡੈਕੋਟਾ ਅਤੇ ਮਿਨੇਸੋਟਾ ਵਿਖੇ ਤਾਪਮਾਨ ਮਨਫ਼ੀ 20 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਰਿਪੋਰਟ ਹੈ ਜਦਕਿ ਐਲਬਾਮਾ ਅਤੇ ਜਾਰਜੀਆ ਵਰਗੇ ਦੱਖਣੀ ਰਾਜਾਂ ਵਿਚ ਵੀ ਤਾਪਮਾਨ ਸਿਫ਼ਰ ਡਿਗਰੀ ਦੇ ਨੇੜੇ ਤੇੜੇ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅਮਰੀਕਾ ਦੇ ਨੇਬਰਾਸਕਾ ਸੂਬੇ ਵਿਚ ਕੁਦਰਤ ਦਾ ਵੱਖਰਾ ਕਹਿਰ ਦੇਖਣ ਨੂੰ ਮਿਲਿਆ ਜਿਥੇ ਬਰਫ਼ ਜਾਂ ਮੀਂਹ ਦੇ ਉਲਟ ਜੰਗਲਾਂ ਦੀ ਅੱਗ ਨੇ 7 ਲੱਖ ਏਕੜ ਰਕਬਾ ਸਾੜ ਕੇ ਸੁਆਹ ਕਰ ਦਿਤਾ। ਅਮਰੀਕਾ ਦੇ ਹਵਾਈ ਟਾਪੂਆਂ ’ਤੇ ਹੜ੍ਹਾਂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜਿਥੇ ਦਰਿਆ ਦਾ ਪਾਣੀ ਕਈ ਘਰ ਰੋੜ੍ਹ ਕੇ ਲੈ ਗਿਆ।
ਤੇਜ਼ ਹਵਾਵਾਂ ਕਰ ਕੇ 5 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ
ਇਨ੍ਹਾਂ ਟਾਪੂਆ ’ਤੇ 40 ਇੰਚ ਤੋਂ ਵੱਧ ਮੀਂਹ ਪਿਆ ਅਤੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਉਧਰ ਕੈਨੇਡਾ ਵਿਚ ਹਫ਼ਤੇ ਦੀ ਸ਼ੁਰੂਆਤ ਬਰਫ਼ਬਾਰੀ ਨਾਲ ਹੋਈ ਅਤੇ ਅਮਰੀਕਾ ਦੇ ਨਾਲ ਲਗਦੇ ਉਨਟਾਰੀਓ, ਕਿਊਬੈਕ ਅਤੇ ਨਿਊਫ਼ਾਊਂਡਲੈਂਡ ਰਾਜਾਂ ਵਿਚ ਮੰਗਲਵਾਰ ਤੱਕ ਬਰਫ਼ਬਾਰੀ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਦਕਿ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ।


