ਕੈਲੇਫੋਰਨੀਆ ਦੇ ਬੇਕਰਜ਼ਫੀਲਡ ਸ਼ਹਿਰ ਨੂੰ ਮਿਲੀ ਪਹਿਲੀ ਸਿੱਖ ਵਾਇਸ ਮੇਅਰ
ਅਮਰੀਕਾ ਦੇ ਬੇਕਰਜ਼ਫ਼ੀਲਡ ਸ਼ਹਿਰ ਨੂੰ ਮਨਪ੍ਰੀਤ ਕੌਰ ਦੇ ਰੂਪ ਵਿਚ ਪਹਿਲੀ ਸਿੱਖ ਵਾਇਸ ਮੇਅਰ ਮਿਲ ਗਈ ਹੈ।
By : Upjit Singh
ਬੇਕਰਜ਼ਫੀਲਡ : ਅਮਰੀਕਾ ਦੇ ਬੇਕਰਜ਼ਫ਼ੀਲਡ ਸ਼ਹਿਰ ਨੂੰ ਮਨਪ੍ਰੀਤ ਕੌਰ ਦੇ ਰੂਪ ਵਿਚ ਪਹਿਲੀ ਸਿੱਖ ਵਾਇਸ ਮੇਅਰ ਮਿਲ ਗਈ ਹੈ। ਕੈਲੇਫੋਰਨੀਆ ਸੂਬੇ ਦੇ ਬੇਕਰਜ਼ਫੀਲਡ ਵਿਖੇ ਸਿਟੀ ਕੌਂਸਲ ਦੇ ਕੁਝ ਨਵੇਂ ਮੈਂਬਰਾਂ ਨੇ ਸਹੁੰ ਚੁੱਕੀ ਜਦਕਿ ਕੁਝ ਮੈਂਬਰਾਂ ਨੂੰ ਨਿੱਘੀ ਵਿਦਾਇਗੀ ਦਿਤੀ ਗਈ। ਵਾਰਡ 7 ਤੋਂ ਕੌਂਸਲ ਮੈਂਬਰ ਮਨਪ੍ਰੀਤ ਕੌਰ ਨੂੰ ਆਂਦਰੇ ਗੌਨਜ਼ਾਲਜ਼ ਦੀ ਥਾਂ ਵਾਇਸ ਮੇਅਰ ਬਣਾਇਆ ਗਿਆ ਹੈ ਜਦਕਿ ਵਾਰਡ 2 ਤੋਂ ਮੁੜ ਚੁਣੇ ਗਏ ਗੌਨਜ਼ਾਲਜ਼ ਕੌਂਸਲਰ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ। ਵਾਰਡ 5 ਤੋਂ ਲੈਰੀ ਕੌਮਨ ਜੇਤੂ ਰਹੇ ਜਜਦਕਿ ਵਾਰਡ 6 ਤੋਂ ਜ਼ੈਕ ਬੈਸ਼ਿਰਟੈਸ਼ ਨੇ ਜਿੱਤ ਹਾਸਲ ਕੀਤੀ।
ਮਨਪ੍ਰੀਤ ਕੌਰ ਨੇ ਸਹੁੰ ਚੁੱਕੀ, ਸਿਟੀ ਕੌਂਸਲ ਦੇ ਕੁਝ ਮੈਂਬਰਾਂ ਨੂੰ ਨਿਘੀ ਵਿਦਾਇਗੀ
ਇਥੇ ਦਸਣਾ ਬਣਦਾ ਹੈ ਕਿ ਸਾਲ 2022 ਵਿਚ ਬੇਕਰਜ਼ਫੀਲਡ ਸਿਟੀ ਕੌਂਸਲ ਦੀ ਮੈਂਬਰ ਚੁਣੇ ਜਾਣ ’ਤੇ ਮਨਪ੍ਰੀਤ ਕੌਰ ਨੇ ਇਤਿਹਾਸ ਸਿਰਜ ਦਿਤਾ ਸੀ। ਨਵੀਂ ਕੌਂਸਲ ਦੇ ਹੋਂਦ ਵਿਚ ਆਉਣ ਮਗਰੋਂ ਵਾਇਸ ਮੇਅਰ ਦੇ ਅਹੁਦੇ ਵਾਸਤੇ ਮਨਪ੍ਰੀਤ ਕੌਰ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਕੌਂਸਲ ਮੈਂਬਰ ਐਰਿਕ ਐਰੀਐਜ਼ ਨੇ ਮਨਪ੍ਰੀਤ ਕੌਰ ਦਾ ਨਾਂ ਪੇਸ਼ ਕੀਤਾ ਅਤੇ ਸਭਨਾਂ ਵੱਲੋਂ ਇਸ ਨਾਲ ਸਹਿਮਤੀ ਜ਼ਾਹਰ ਕਰ ਦਿਤੀ ਗਈ। ਮਨਪ੍ਰੀਤ ਕੌਰ ਦੋ ਸਾਲ ਤੱਕ ਵਾਇਸ ਮੇਅਰ ਦੇ ਅਹੁਦੇ ’ਤੇ ਰਹਿਣਗੇ। ਪੰਜਾਬੀ, ਅੰਗਰੇਜ਼ੀ ਅਤੇ ਸਪੈਨਿਸ਼ ਭਾਸ਼ਾਵਾਂ ਵਿਚ ਵਾਇਸ ਮੇਅਰ ਚੁਣੇ ’ਤੇ ਮਨਪ੍ਰੀਤ ਕੌਰ ਨੂੰ ਵੱਲੋਂ ਆਪਣੇ ਸਾਥੀਆਂ ਦਾ ਸ਼ੁਕਰੀਆ ਅਦਾ ਕੀਤਾ ਗਿਆ ਅਤੇ ਸ਼ਹਿਰ ਦੇ ਲੋਕਾਂ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਾ ਛੱਡਣ ਦਾ ਅਹਿਦ ਵੀ ਕੀਤਾ।