Australia: ਆਸਟ੍ਰੇਲੀਆ ਫਾਇਰਿੰਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 12, PM ਮੋਦੀ ਵੱਲੋਂ ਘਟਨਾ ਦੀ ਨਿੰਦਾ
ਹਨੂਕਾ ਤਿਓਹਾਰ ਮਨਾ ਰਹੇ ਯਹੂਦੀਆਂ ਤੇ ਕੀਤਾ ਗਿਆ ਸੀ ਹਮਲਾ

By : Annie Khokhar
Australia Bondi Beach Firing: ਆਸਟ੍ਰੇਲੀਆ ਦੇ ਸਿਡਨੀ ਦੇ ਮਸ਼ਹੂਰ ਬੌਂਡੀ ਬੀਚ 'ਤੇ ਯਹੂਦੀਆਂ ਤੇ ਹੋਈ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ। ਦੱਸ ਦਈਏ ਕਿ ਇੱਥੇ ਯਹੂਦੀ ਲੋਕ ਆਪਣਾ ਹਾਨੂਕਾ ਨਾਮ ਦਾ ਤਿਉਹਾਰ ਮਨਾ ਰਹੇ ਸੀ, ਇਸ ਦਰਮਿਆਨ ਦੋ ਬੰਦੂਕਧਾਰੀਆਂ ਵਲੋਂ ਉਹਨਾਂ ਉੱਪਰ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ 50 ਦੇ ਕਰੀਬ ਗੋਲੀਆਂ ਚਲਾਈਆਂ। ਪੁਲਿਸ ਨੇ ਹਮਲਾਵਰਾਂ ਵਿੱਚੋਂ ਇੱਕ ਨੂੰ ਮਾਰ ਦਿੱਤਾ ਹੈ, ਜਦੋਂ ਕਿ ਦੂਜੇ ਨੂੰ ਫੜ ਲਿਆ ਗਿਆ ਹੈ ਅਤੇ ਉਸ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।
ਪੁਲਿਸ ਨੇ ਹਮਲਾਵਰਾਂ ਵਿੱਚੋਂ ਇੱਕ ਦੀ ਪਛਾਣ 24 ਸਾਲਾ ਨਵੀਦ ਅਕਰਮ ਵਜੋਂ ਕੀਤੀ ਹੈ, ਜੋ ਕਿ ਸਿਡਨੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸਦੇ ਘਰ ਛਾਪਾ ਮਾਰਿਆ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਅਤੇ ਦੁਖਦਾਈ ਦੱਸਿਆ ਹੈ। ਆਸਟ੍ਰੇਲੀਆ ਦੇ ਬੌਂਡੀ ਬੀਚ 'ਤੇ ਹੋਈ ਗੋਲੀਬਾਰੀ ਨੂੰ ਅੱਤਵਾਦੀ ਹਮਲਾ ਐਲਾਨਿਆ ਗਿਆ ਹੈ।
ਪੁਲਿਸ ਨੇ ਇੱਕ ਹਮਲਾਵਰ ਸਮੇਤ 10 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਿਡਨੀ ਮਾਰਨਿੰਗ ਹੇਰਾਲਡ ਦੇ ਅਨੁਸਾਰ, ਗੋਲੀਬਾਰੀ ਅੱਠ ਦਿਨਾਂ ਦੇ ਯਹੂਦੀ ਤਿਉਹਾਰ ਹਨੂਕਾ ਦੀ ਪਹਿਲੀ ਰਾਤ ਨੂੰ ਹੋਈ। ਬੰਦੂਕਧਾਰੀਆਂ ਨੇ ਉਸ ਸਮੇਂ ਗੋਲੀਬਾਰੀ ਕੀਤੀ ਜਦੋਂ ਸੈਂਕੜੇ ਲੋਕ ਯਹੂਦੀ ਤਿਉਹਾਰ ਮਨਾਉਣ ਲਈ ਬੀਚ 'ਤੇ ਇਕੱਠੇ ਹੋਏ ਸਨ। ਇੱਕ ਚਸ਼ਮਦੀਦ ਨੇ ਕਿਹਾ ਕਿ ਹਮਲਾਵਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਅੰਨ੍ਹੇਵਾਹ ਨਿਸ਼ਾਨਾ ਬਣਾਇਆ। ਇੱਕ ਹੋਰ ਚਸ਼ਮਦੀਦ ਨੇ ਕਿਹਾ ਕਿ ਉਸਨੇ ਘੱਟੋ-ਘੱਟ 10 ਲੋਕਾਂ ਨੂੰ ਜ਼ਮੀਨ 'ਤੇ ਪਏ ਦੇਖਿਆ, ਹਰ ਪਾਸੇ ਖੂਨ ਹੀ ਖੂਨ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਜਤਾਇਆ ਅਫ਼ਸੋਸ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅਸੀਂ ਦੁੱਖ ਦੀ ਇਸ ਘੜੀ ਵਿੱਚ ਆਸਟ੍ਰੇਲੀਆ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ।" ਹਮਲੇ 'ਤੇ ਦੁੱਖ ਪ੍ਰਗਟ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਲਿਖਿਆ, "ਮੈਂ ਆਸਟ੍ਰੇਲੀਆ ਦੇ ਬੌਂਡੀ ਬੀਚ 'ਤੇ ਯਹੂਦੀ ਤਿਉਹਾਰ ਹਨੂਕਾ ਮਨਾ ਰਹੇ ਲੋਕਾਂ ਤੇ ਕੀਤੇ ਗਏ ਭਿਆਨਕ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਭਾਰਤ ਦੇ ਲੋਕਾਂ ਵੱਲੋਂ, ਮੈਂ ਉਨ੍ਹਾਂ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਅਸੀਂ ਇਸ ਦੁੱਖ ਦੀ ਘੜੀ ਵਿੱਚ ਆਸਟ੍ਰੇਲੀਆ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ। ਭਾਰਤ ਅੱਤਵਾਦ ਲਈ ਜ਼ੀਰੋ ਸਹਿਣਸ਼ੀਲਤਾ ਰੱਖਦਾ ਹੈ ਅਤੇ ਹਰ ਤਰ੍ਹਾਂ ਦੇ ਅੱਤਵਾਦ ਵਿਰੁੱਧ ਲੜਾਈ ਦਾ ਸਮਰਥਨ ਕਰਦਾ ਹੈ।"
ਆਸਟ੍ਰੇਲੀਅਨ ਪ੍ਰਧਾਨ ਮੰਤਰੀ ਕੀ ਬੋਲੇ?
ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ, "ਸਾਡੇ ਦੇਸ਼ ਵਿੱਚ ਨਫ਼ਰਤ, ਹਿੰਸਾ ਅਤੇ ਅੱਤਵਾਦ ਲਈ ਕੋਈ ਜਗ੍ਹਾ ਨਹੀਂ ਹੈ।" ਹਮਲੇ ਤੋਂ ਬਾਅਦ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ, "ਯਹੂਦੀ ਲੋਕਾਂ 'ਤੇ ਹਮਲਾ ਹਰ ਆਸਟ੍ਰੇਲੀਆਈ ਨਾਗਰਿਕ 'ਤੇ ਹਮਲਾ ਹੈ। ਹਰ ਆਸਟ੍ਰੇਲੀਆਈ ਇਸ ਹਮਲੇ ਤੋਂ ਹੈਰਾਨ ਪ੍ਰੇਸ਼ਾਨ ਹੈ। ਸਾਡੇ ਦੇਸ਼ ਵਿੱਚ ਨਫ਼ਰਤ, ਹਿੰਸਾ ਅਤੇ ਅੱਤਵਾਦ ਲਈ ਕੋਈ ਜਗ੍ਹਾ ਨਹੀਂ ਹੈ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ: ਅਸੀਂ ਇਸਨੂੰ ਪੂਰੀ ਤਰ੍ਹਾਂ ਖਤਮ ਕਰ ਦੇਵਾਂਗੇ।"
ਇਜ਼ਰਾਈਲੀ ਰਾਸ਼ਟਰਪਤੀ ਨੇ ਅੱਤਵਾਦੀ ਹਮਲਾ ਕਰਾਰ ਦਿੱਤਾ
ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਕਿਹਾ ਕਿ ਅੱਤਵਾਦੀਆਂ ਨੇ ਉਨ੍ਹਾਂ ਯਹੂਦੀ ਲੋਕਾਂ 'ਤੇ ਹਮਲਾ ਕੀਤਾ ਜੋ ਹਨੂਕਾ ਦੀ ਪਹਿਲੀ ਮੋਮਬੱਤੀ ਜਗਾਉਣ ਲਈ ਬੀਚ 'ਤੇ ਗਏ ਸਨ। ਅਕਤੂਬਰ 2023 ਵਿੱਚ ਗਾਜ਼ਾ ਵਿੱਚ ਇਜ਼ਰਾਈਲ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ, ਆਸਟ੍ਰੇਲੀਆ ਨੇ ਕਈ ਯਹੂਦੀ ਵਿਰੋਧੀ ਹਮਲੇ ਦੇਖੇ ਹਨ, ਜਿਨ੍ਹਾਂ ਵਿੱਚ ਪਵਿੱਤਰ ਸਥਾਨਾਂ, ਇਮਾਰਤਾਂ ਅਤੇ ਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਜ਼ਰਾਈਲੀ ਵਿਦੇਸ਼ ਮੰਤਰੀ ਗਿਡੀਓਨ ਸਾਰ ਨੇ ਗੋਲੀਬਾਰੀ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ।


