ਅਮਰੀਕਾ ਵਿਚ ਅਣਖ ਖਾਤਰ 17 ਸਾਲਾ ਧੀ ਦੇ ਕਤਲ ਦੀ ਕੋਸ਼ਿਸ਼
ਅਮਰੀਕਾ ਵਿਚ ਅਣਖ ਖਾਤਰ 17 ਸਾਲਾ ਧੀ ਨੂੰ ਮਾਪਿਆਂ ਵੱਲੋਂ ਕਤਲ ਕਰਨ ਦੀ ਕੋਸ਼ਿਸ਼ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ।
By : Upjit Singh
ਲੇਸੀ : ਅਮਰੀਕਾ ਵਿਚ ਅਣਖ ਖਾਤਰ 17 ਸਾਲਾ ਧੀ ਨੂੰ ਮਾਪਿਆਂ ਵੱਲੋਂ ਕਤਲ ਕਰਨ ਦੀ ਕੋਸ਼ਿਸ਼ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਅਹਿਸਾਨ ਅਲੀ ਅਤੇ ਉਸ ਦੀ ਪਤਨੀ ਜ਼ਾਹਰਾ ਮੋਹਸਿਨ ਅਲੀ ਵੱਲੋਂ ਵਾਸ਼ਿੰਗਟਨ ਸੂਬੇ ਦੇ ਲੇਸੀ ਸ਼ਹਿਰ ਟਿੰਬਰਲਾਈਨ ਸਕੂਲ ਦੇ ਬਾਹਰ ਵਾਰਦਾਤ ਨੂੰ ਅੰਜਾਮ ਦਿਤਾ ਗਿਆ। 17 ਸਾਲਾ ਕੁੜੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜਿਸ ਨੂੰ ਉਸ ਦੇ ਮਾਪੇ ਜ਼ਬਰਦਸਤੀ ਇਰਾਕ ਜਾਣ ਵਾਲੇ ਜਹਾਜ਼ ਵਿਚ ਬਿਠਾਉਣਾ ਚਾਹੁੰਦੇ ਸਨ ਪਰ ਉਹ ਦੌੜ ਕੇ ਸਕੂਲ ਵੱਲ ਆ ਗਈ।
ਮਾਪਿਆਂ ਨੇ ਸ਼ਰ੍ਹੇਆਮ ਸਕੂਲ ਦੇ ਬਾਹਰ ਕੀਤਾ ਹਮਲਾ
ਮੀਡੀਆ ਰਿਪੋਰਟਾਂ ਮੁਤਾਬਕ ਕੁੜੀ ਆਪਣੇ ਮਾਪਿਆਂ ਦੀ ਮਰਜ਼ੀ ਮੁਤਾਬਕ ਵਿਆਹ ਨਹੀਂ ਸੀ ਕਰਨਾ ਚਾਹੁੰਦੀ। ਦੂਜੇ ਪਾਸੇ ਕੁੜੀ ਦੇ ਬੁਆਏ ਫਰੈਂਡ ਦੇ ਪਿਤਾ ਨੇ ਦੱਸਿਆ ਕਿ ਕੁੜੀ ਦੇ ਮਾਪੇ ਪੁਲਿਸ ਲੈ ਕੇ ਉਸ ਦੇ ਘਰ ਪਹੁੰਚ ਗਏ ਅਤੇ ਪਤੇ-ਟਿਕਾਣੇ ਬਾਰੇ ਪੁੱਛਣ ਲੱਗੇ। ਕੁੜੀ ਦੇ ਮਾਪੇ ਦੋ ਹਫ਼ਤੇ ਪਹਿਲਾਂ ਉਸ ਨੂੰ ਸਕੂਲ ਵਿਚੋਂ ਹਟਾ ਚੁੱਕੇ ਸਨ ਪਰ ਸ਼ੱਕ ਹੋਣ ’ਤੇ ਸਕੂਲ ਵੱਲ ਚਲੇ ਗਏ। ਇਸੇ ਦੌਰਾਨ ਕੁੜੀ ਆਪਣੇ ਬੁਆਏ ਫਰੈਂਡ ਨਾਲ ਸਕੂਲ ਨੇੜਲੇ ਬੱਸ ਸਟੌਪ ਵੱਲ ਜਾ ਰਹੀ ਸੀ ਅਤੇ ਉਸ ਦੇ ਮਾਪਿਆਂ ਨੇ ਉਸ ਦੇਖ ਲਿਆ। ਕੁੜੀ ਦਾ ਪਿਤਾ ਅਹਿਸਾਨ ਉਸ ਵੱਲ ਦੌੜਿਆ ਅਤੇ ਗਲ ਘੁੱਟਣ ਦਾ ਯਤਨ ਕੀਤਾ ਪਰ ਇਸੇ ਦੌਰਾਨ ਕੁੜੀ ਨੇ ਉਸ ਨੂੰ ਬਚਾ ਲਿਆ।
ਵਾਸ਼ਿੰਗਟਨ ਸੂਬੇ ਦੇ ਲੇਸੀ ਸ਼ਹਿਰ ਵਿਚ ਵਾਪਰੀ ਹੌਲਨਾਕ ਵਾਰਦਾਤ
ਰਾਹਗੀਰਾਂ ਨੂੰ ਲੱਗਿਆ ਕਿ ਸਕੂਲੀ ਵਿਦਿਆਰਥੀ ਲੜ ਰਹੇ ਹਨ ਜਦਕਿ ਅਸਲ ਵਿਚ ਮਾਮਲਾ ਬੇਹੱਦ ਗੰਭੀਰ ਸੀ। ਇਸੇ ਦੌਰਾਨ ਕੁੜੀ ਦੀ ਮਾਂ ਵੀ ਉਸ ਦਾ ਗਲਾ ਦੱਬਣ ਦਾ ਯਤਨ ਕੀਤਾ ਪਰ ਉਸ ਵੇਲੇ ਤੱਕ ਭੀੜ ਇਕੱਤਰ ਹੋ ਚੁੱਕੀ ਸੀ। ਕੁੜੀ ਦੇ ਮਾਪਿਆਂ ਨੂੰ ਪੁਲਿਸ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਥਰਸਟਨ ਕਾਊਂਟੀ ਦੀ ਸੁਪੀਰੀਅਰ ਕੋਰਟ ਵਿਚ ਪੇਸ਼ ਕੀਤਾ। ਦੋਵੇਂ ਫਿਲਹਾਲ ਜੇਲ ਵਿਚ ਹੀ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਜ਼ਮਾਨ ਲਈ ਅਦਾਲਤ ਨੇ ਇਕ ਲੱਖ ਡਾਲਰ ਅਤੇ ਦੋ ਲੱਖ ਡਾਲਰ ਦੇ ਮੁਚਲਕੇ ਭਰਨ ਦੀ ਸ਼ਰਤ ਰੱਖ ਦਿਤੀ।