ਟਰੰਪ ਦੀ ਧੱਕੇਸ਼ਾਹੀ ਦਾ ਸ਼ਿਕਾਰ ਬਣਿਆ ਇਕ ਹੋਰ ਭਾਰਤੀ
ਟਰੰਪ ਦੀਆਂ ਇੰਮੀਗ੍ਰੇਸ਼ਨ ਨੀਤੀਆਂ ਲਾਗੂ ਕਰਨ ਵਿਚ ਜੁਟੇ ਅਫ਼ਸਰ ਕੱਚਿਆਂ ਦੇ ਨਾਲ-ਨਾਲ ਪੱਕਿਆਂ ਨੂੰ ਵੀ ਚੁੱਕ ਚੁੱਕ ਕੇ ਡਿਪੋਰਟ ਕਰ ਰਹੇ ਹਨ ਅਤੇ ਅਜਿਹੀ ਕਾਰਵਾਈ ਦਾ ਸ਼ਿਕਾਰ ਇਕ ਹੋਰ ਭਾਰਤੀ ਬਣ ਗਿਆ

By : Upjit Singh
ਨਿਊ ਯਾਰਕ : ਟਰੰਪ ਦੀਆਂ ਇੰਮੀਗ੍ਰੇਸ਼ਨ ਨੀਤੀਆਂ ਲਾਗੂ ਕਰਨ ਵਿਚ ਜੁਟੇ ਅਫ਼ਸਰ ਕੱਚਿਆਂ ਦੇ ਨਾਲ-ਨਾਲ ਪੱਕਿਆਂ ਨੂੰ ਵੀ ਚੁੱਕ ਚੁੱਕ ਕੇ ਡਿਪੋਰਟ ਕਰ ਰਹੇ ਹਨ ਅਤੇ ਅਜਿਹੀ ਕਾਰਵਾਈ ਦਾ ਸ਼ਿਕਾਰ ਇਕ ਹੋਰ ਭਾਰਤੀ ਬਣ ਗਿਆ। ਜੀ ਹਾਂ, ਅਰਕੰਸਾ ਸੂਬੇ ਵਿਚ ਆਪਣੀ ਯੂ.ਐਸ. ਸਿਟੀਜ਼ਨ ਪਤਨੀ ਨਾਲ ਰਹਿ ਰਹੇ ਕਪਿਲ ਰਘੂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਪਰਫਿਊਮ ਦੀ ਸ਼ੀਸ਼ੀ ਉਸ ਦੀ ਜ਼ਿੰਦਗੀ ਵਿਚ ਭੂਚਾਲ ਲਿਆ ਸਕਦੀ ਹੈ। ਕਪਿਲ ਰਘੂ ਫੂਡ ਡਿਲੀਵਰੀ ਦਾ ਕੰਮ ਕਰ ਰਿਹਾ ਸੀ ਜਦੋਂ ਬੈਂਟਨ ਸ਼ਹਿਰ ਦੀ ਪੁਲਿਸ ਨੇ ਟ੍ਰੈਫ਼ਿਕ ਨਿਯਮ ਦੀ ਉਲੰਘਣਾ ਕਰਨ ’ਤੇ ਉਸ ਨੂੰ ਰੋਕਿਆ। ਕਪਿਲ ਨਾਲ ਗੱਲਬਾਤ ਕਰਦਿਆਂ ਪੁਲਿਸ ਅਫ਼ਸਰਾਂ ਨੂੰ ਗੱਡੀ ਅੰਦਰ ਇਕ ਸ਼ੀਸ਼ੀ ਨਜ਼ਰ ਆਈ ਜਿਸ ਉਤੇ ਅਫ਼ੀਮ ਲਿਖਿਆ ਹੋਇਆ ਸੀ।
ਕਪਿਲ ਰਘੂ ਨੂੰ ਕੀਤਾ ਜਾ ਰਿਹਾ ਡਿਪੋਰਟ
ਕਪਿਲ ਵੱਲੋਂ ਵਾਰ-ਵਾਰ ਦਾਅਵਾ ਕੀਤੇ ਜਾਣ ਦੇ ਬਾਵਜੂਦ ਸ਼ੀਸ਼ੀ ਵਿਚ ਕੋਈ ਨਸ਼ੀਲਾ ਪਦਾਰਥ ਨਹੀਂ ਬਲਕਿ ਪਰਫ਼ਿਊਮ ਹੈ, ਪੁਲਿਸ ਅਫ਼ਸਰਾਂ ਨੇ ਉਸ ਦੀ ਇਕ ਨਾ ਸੁਣੀ ਅਤੇ ਗ੍ਰਿਫ਼ਤਾਰ ਕਰ ਕੇ ਜੇਲ ਵਿਚ ਡੱਕ ਦਿਤਾ। ਬੌਡੀਕੈਮ ਫੁਟੇਜ ਵਿਚ ਪੁਲਿਸ ਅਫ਼ਸਰਾਂ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਤੇਰੇ ਕੋਲੋਂ ਅਫ਼ੀਮ ਨਾਲ ਭਰੀ ਸ਼ੀਸ਼ੀ ਬਰਾਮਦ ਹੋਈ ਹੈ। ਲੈਬ ਟੈਸਟ ਦੌਰਾਨ ਸਾਬਤ ਹੋ ਗਿਆ ਕਿ ਸ਼ੀਸ਼ੀ ਵਿਚ ਕੋਈ ਨਸ਼ੀਲਾ ਪਦਾਰਥ ਨਹੀਂ ਜਿਸ ਮਗਰੋਂ ਕਪਿਲ ਵਿਰੁੱਧ ਲੱਗੇ ਨਸ਼ਾ ਤਸਕਰੀ ਦੇ ਦੋਸ਼ ਰੱਦ ਕਰ ਦਿਤੇ ਗਏ ਪਰ ਇਸੇ ਦੌਰਾਨ ਕਪਿਲ ਦਾ ਵੀਜ਼ਾ ਐਕਸਪਾਇਰ ਹੋ ਗਿਆ ਅਤੇ ਇੰਮੀਗ੍ਰੇਸ਼ਨ ਵਾਲੇ ਉਸ ਨੂੰ ਡਿਪੋਰਟ ਕਰਨ ਦੀ ਤਿਆਰੀ ਕਰ ਰਹੇ ਹਨ। ਸੈਲਾਈਨ ਕਾਊਂਟੀ ਦੀ ਜੇਲ ਵਿਚ ਬੰਦ ਕਪਿਲ ਨੂੰ ਇੰਮੀਗ੍ਰੇਸ਼ਨ ਵਾਲੇ ਲੂਈਜ਼ਿਆਨਾ ਦੇ ਡਿਟੈਨਸ਼ਨ ਸੈਂਟਰ ਵਿਚ ਲੈ ਗਏ ਜਿਥੇ ਉਸ ਨੂੰ 30 ਦਿਨ ਰੱਖਿਆ ਅਤੇ ਪਤਾ ਨਹੀਂ ਕਿਹੜੇ ਵੇਲੇ ਡਿਪੋਰਟ ਕਰ ਦਿਤਾ ਜਾਵੇ। ਉਧਰ ਕਪਿਲ ਦੇ ਵਕੀਲ ਮਾਈਕ ਦਾ ਕਹਿਣਾ ਹੈ ਕਿ ਮਾਮਲਾ ਬੇਹੱਦ ਗੁੰਝਲਦਾਰ ਬਣ ਚੁੱਕਾ ਹੈ ਕਿਉਂਕਿ ਉਸ ਦਾ ਮੁਵੱਕਲ ਡਿਪੋਰਟ ਕੀਤੇ ਜਾਣ ਵਾਲਿਆਂ ਦੀ ਕਤਾਰ ਵਿਚ ਹੈ। ਇਥੇ ਦਸਣਾ ਬਣਦਾ ਹੈ ਕਿ ਕਪਿਲ ਦਾ ਵਿਆਹ ਬੀਤੇ ਅਪ੍ਰੈਲ ਮਹੀਨੇ ਦੌਰਾਨ ਹੋਇਆ ਅਤੇ ਹੁਣ ਉਸ ਦੀ ਪਤਨੀ ਘਰ ਦੇ ਖਰਚੇ ਤੋਂ ਇਲਾਵਾ ਕਾਨੂੰਨੀ ਖਰਚੇ ਪੂਰੇ ਕਰਨ ਵਾਸਤੇ ਤਿੰਨ-ਤਿੰਨ ਨੌਕਰੀਆਂ ਕਰ ਰਹੀ ਹੈ।
ਪਰਫਿਊਮ ਨੂੰ ‘ਅਫ਼ੀਮ’ ਸਮਝ ਕੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਕਪਿਲ ਦੀ ਪਤਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਰਲ ਕੇ ਕੁਝ ਬੱਚਤ ਕੀਤੀ ਸੀ ਪਰ ਸਭ ਕੁਝ ਵਕੀਲ ਦੀਆਂ ਫੀਸਾਂ ਅਤੇ ਅਦਾਲਤੀ ਖਰਚਿਆਂ ਵਿਚ ਲੱਗ ਗਿਆ। ਕਪਿਲ ਦੀ ਪਤਨੀ ਨੇ ਦੋਸ਼ ਲਾਇਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਸਥਾਨਕ ਭਾਰਤੀ ਕੌਂਸਲੇਟ ਨੂੰ ਕੋਈ ਇਤਲਾਹ ਨਹੀਂ ਦਿਤੀ ਗਈ ਜੋ ਸਿੱਧੇ ਤੌਰ ’ਤੇ ਵੀਆਨਾ ਕਨਵੈਨਸ਼ਨ ਦੀ ਉਲੰਘਣਾ ਬਣਦੀ ਹੈ। ਆਈਸ ਦੇ ਲੀਗਲ ਦਫ਼ਤਰ ਨੂੰ ਭੇਜੇ ਇਕ ਪੱਤਰ ਰਾਹੀਂ ਕਪਿਲ ਨੇ ਦਲੀਲ ਦਿਤੀ ਹੈ ਕਿ ਉਸ ਦੇ ਵੀਜ਼ੇ ਦਾ ਮਸਲਾ ਪ੍ਰਸ਼ਾਸਕੀ ਗਲਤੀ ਕਰ ਕੇ ਪੈਦਾ ਹੋਇਆ ਜਿਸ ਦੇ ਮੱਦੇਨਜ਼ਰ ਅਮਰੀਕਾ ਵਿਚ ਕਾਨੂੰਨੀ ਤੌਰ ’ਤੇ ਮੌਜੂਦਗੀ ਮੁੜ ਬਹਾਲ ਕੀਤੀ ਜਾਵੇ। ਫਿਲਹਾਲ ਆਈਸ ਵੱਲੋਂ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਇਸ ਘਟਨਾਕ੍ਰਮ ਨੇ ਕਪਿਲ ਅਤੇ ਉਸ ਦੀ ਪਤਨੀ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿਤਾ ਹੈ।


