ਅਮਰੀਕਾ ਵਿਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਨਾਲ ਅਣਹੋਣੀ
ਅਮਰੀਕਾ ਵਿਚ ਇਕ ਮਗਰੋਂ ਇਕ ਵਾਪਰ ਰਹੇ ਹੌਲਨਾਕ ਹਾਦਸਿਆਂ ਦੌਰਾਨ ਪੰਜਾਬੀ ਟਰੱਕ ਡਰਾਈਵਰਾਂ ਦੇ ਦਮ ਤੋੜਨ ਦੀਆਂ ਦੁਖਦ ਖ਼ਬਰਾਂ ਸਾਹਮਣੇ ਆ ਰਹੀਆਂ ਹਨ

By : Upjit Singh
ਕੈਲੇਫੋਰਨੀਆ : ਅਮਰੀਕਾ ਵਿਚ ਇਕ ਮਗਰੋਂ ਇਕ ਵਾਪਰ ਰਹੇ ਹੌਲਨਾਕ ਹਾਦਸਿਆਂ ਦੌਰਾਨ ਪੰਜਾਬੀ ਟਰੱਕ ਡਰਾਈਵਰਾਂ ਦੇ ਦਮ ਤੋੜਨ ਦੀਆਂ ਦੁਖਦ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪਟਿਆਲਾ ਦੇ ਪਿੰਡ ਅਬਲੋਵਾਲ ਨਾਲ ਸਬੰਧਤ ਗੁਰਪ੍ਰਤਾਪ ਸਿੰਘ ਖਰੌੜ ਦੀ ਦਰਦਨਾਕ ਮੌਤ ਮਗਰੋਂ ਕੈਲੇਫੋਰਨੀਆ ਦੇ ਇੰਟਰਸਟੇਟ 80 ’ਤੇ ਟਰੱਕ ਮੂਧਾ ਵੱਜਣ ਕਾਰਨ ਪ੍ਰਭਜੋਤ ਸਿੰਘ ਦੀ ਮੌਤ ਹੋ ਗਈ। ਹਾਦਸਾ ਨੇਵਾਡਾ ਦੀ ਸਰਹੱਦ ਤੋਂ ਸਿਰਫ਼ ਚਾਰ ਮੀਲ ਦੂਰੀ ’ਤੇ ਵਾਪਰਿਆ। ਮੌਕੇ ’ਤੇ ਪੁੱਜੇ ਕੈਲੇਫੋਰਨੀਆ ਹਾਈਵੇਅ ਪੈਟਰੋਲ ਦੇ ਅਫ਼ਸਰਾਂ ਵੱਲੋਂ ਮਰਨ ਵਾਲੇ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ ਪਰ ਉਨ੍ਹਾਂ ਦੱਸਿਆ ਕਿ ਹਾਦਸੇ ਵੇਲੇ ਮੀਂਹ ਪੈ ਰਿਹਾ ਸੀ ਅਤੇ ਸੰਭਾਵਤ ਤੌਰ ’ਤੇ ਖਰਾਬ ਮੌਸਮ ਵੀ ਹਾਦਸੇ ਦਾ ਕਾਰਨ ਹੋ ਸਕਦਾ ਹੈ।
ਇੰਟਰਸਟੇਟ-80 ’ਤੇ ਹਾਦਸੇ ਦੌਰਾਨ ਪ੍ਰਭਜੋਤ ਸਿੰਘ ਨੇ ਦਮ ਤੋੜਿਆ
ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਭਜੋਤ ਸਿੰਘ ਦਾ ਟਰੱਕ ਅਚਾਨਕ ਬੇਕਾਬੂ ਹੋ ਗਿਆ ਅਤੇ ਗਾਰਡਰੇਲ ਨਾਲ ਟਕਰਾਉਣ ਮਗਰੋਂ ਖਤਾਨਾਂ ਵਿਚ ਦਾਖਲ ਹੁੰਦਿਆਂ ਇਸ ਦਾ ਕੈਬਿਨ ਮੂਧਾ ਹੋ ਗਿਆ। ਕੈਲੇਫੋਰਨੀਆ ਹਾਈਵੇਅ ਪੈਟਰੋਲ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਸ਼ਰਾਬ ਜਾਂ ਕੋਈ ਹੋਰ ਨਸ਼ਾ ਹਾਦਸੇ ਦਾ ਕਾਰਨ ਨਜ਼ਰ ਨਹੀਂ ਆਉਂਦਾ। ਨੇਵਾਡਾ ਦੇ ਰੀਨੋ ਸ਼ਹਿਰ ਵਿਚ ਰਹਿੰਦੇ ਕੁਲਦੀਪ ਘੁੰਮਣ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਆਪਣੀ ਅਤੇ ਆਪਣੇ ਪਰਵਾਰ ਦੀ ਬਿਹਤਰ ਜ਼ਿੰਦਗੀ ਦੇ ਸੁਪਨੇ ਲੈ ਕੇ 2023 ਵਿਚ ਅਮਰੀਕਾ ਪੁੱਜਾ। ਉਹ ਆਪਣੇ ਪਿਛਲੇ ਪਤਨੀ ਮਨਜੀਤ ਕੌਰ ਅਤੇ 11 ਸਾਲ ਦਾ ਬੇਟਾ ਗੁਰਵੰਸ਼ਦੀਪ ਸਿੰਘ ਛੱਡ ਗਿਆ ਹੈ।
ਨੌਰਥ ਕੈਰੋਲਾਈਨਾ ਵਿਚ 12 ਸਾਲ ਦੇ ਵਿਵਾਨ ਨਾਲ ਤਰਾਸਦੀ
ਕੁਲਦੀਪ ਘੁੰਮਣ ਵੱਲੋਂ ਪਰਵਾਰ ਦੀ ਆਰਥਿਕ ਮਦਦ ਵਾਸਤੇ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਨੌਰਥ ਕੈਰੋਲਾਈਨਾ ਦੇ ਕੌਨਕਰਡ ਸ਼ਹਿਰ ਵਿਚ 12 ਸਾਲਾ ਵਿਵਾਨ ਤਰਾਸਦੀ ਦਾ ਸ਼ਿਕਾਰ ਬਣ ਗਿਆ। ਵਿਵਾਨ ਦੇ ਪਿਤਾ ਸੁਭਾਸ਼ ਕੈਟੀਪਲੀ ਦੇ ਦੋਸਤ ਸ੍ਰੀਕਰ ਨਾਗੁਲਾ ਨੇ ਦੱਸਿਆ ਕਿ ਵਿਵਾਨ 6ਵੀਂ ਜਮਾਤ ਵਿਚ ਪੜ੍ਹਦਾ ਸੀ ਅਤੇ 19 ਨਵੰਬਰ ਨੂੰ ਅਚਨਚੇਤ ਇਸ ਦੁਨੀਆਂ ਤੋਂ ਚਲਾ ਗਿਆ। ਵਿਵਾਨ ਦੀ ਭੈਣ ਵੰਸ਼ਿਕਾ ਸਿਰਫ਼ ਤਿੰਨ ਸਾਲ ਦੀ ਹੈ ਅਤੇ ਉਹ ਮਾਪਿਆਂ ਦੇ ਦੁੱਖ ਸਮਝਣ ਦੇ ਸਮਰੱਥ ਨਹੀਂ। ਸੁਭਾਸ਼ ਅਤੇ ਸਾਕੇਤਾ ਆਪਣੇ ਬੇਟੇ ਦੀ ਦੇਹ ਭਾਰਤ ਲਿਜਾਣਾ ਚਾਹੁੰਦੇ ਹਨ ਤਾਂਕਿ ਜੱਦੀ ਪਿੰਡ ਵਿਚ ਅੰਤਮ ਸਸਕਾਰ ਕੀਤਾ ਜਾ ਸਕੇ।


