ਕੈਨੇਡਾ ਵਾਲਿਆਂ ਦੇ ਦਰਸ਼ਨਾਂ ਨੂੰ ਤਰਸੇ ਅਮਰੀਕੀ ਸੂਬੇ
ਕੈਨੇਡਾ ਵਾਲਿਆਂ ਦੀ ਗੈਰਹਾਜ਼ਰੀ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਨੂੰ ਸਭ ਤੋਂ ਵੱਧ ਰੜਕ ਰਹੀ ਹੈ ਅਤੇ ਗਵਰਨਰ ਗੈਵਿਨ ਨਿਊਸਮ ਵੱਲੋਂ ਗੁਆਂਢੀਆਂ ਨੂੰ ਲੁਭਾਉਣ ਲਈ 52 ਲੱਖ ਡਾਲਰ ਦੀ ਲਾਗਤ ਨਾਲ ਇਸ਼ਤਿਹਾਰ ਮੁਹਿੰਮ ਆਰੰਭੀ ਗਈ ਹੈ।

ਸੈਕਰਾਮੈਂਟੋ : ਕੈਨੇਡਾ ਵਾਲਿਆਂ ਦੀ ਗੈਰਹਾਜ਼ਰੀ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਨੂੰ ਸਭ ਤੋਂ ਵੱਧ ਰੜਕ ਰਹੀ ਹੈ ਅਤੇ ਗਵਰਨਰ ਗੈਵਿਨ ਨਿਊਸਮ ਵੱਲੋਂ ਗੁਆਂਢੀਆਂ ਨੂੰ ਲੁਭਾਉਣ ਲਈ 52 ਲੱਖ ਡਾਲਰ ਦੀ ਲਾਗਤ ਨਾਲ ਇਸ਼ਤਿਹਾਰ ਮੁਹਿੰਮ ਆਰੰਭੀ ਗਈ ਹੈ। ਟਰੰਪ ਦਾ ਨਾਂ ਲਏ ਬਗੈਰ ਕੈਲੇਫੋਰਨੀਆ ਦੇ ਗਵਰਨਰ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਦਫ਼ਾ ਕਰੋ ਜੋ ਤੁਹਾਡੇ ਸੈਰ ਸਪਾਟੇ ਦੀ ਯੋਜਨਾ ਬਰਬਾਦ ਕਰ ਰਹੇ ਹਨ। ਆਉ, ਤੁਹਾਡਾ ਮਨਪਸੰਦ ਸ਼ਿੱਦਤ ਨਾਲ ਤੁਹਾਡੀ ਉਡੀਕ ਕਰ ਰਿਹਾ ਹੈ। ਗੈਵਿਨ ਨਿਊਸਮ ਦੀ ਟਿੱਪਣੀ ਵੱਡੇ ਅਹਿਮੀਅਤ ਰਖਦੀ ਹੈ ਕਿਉਂਕਿ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਛੇੜੀ ਕਾਰੋਬਾਰੀ ਜੰਗ ਅਤੇ ਵਰਕ ਵੀਜ਼ਾ ’ਤੇ ਅਮਰੀਕਾ ਆਉਣ ਵਾਲੇ ਕੈਨੇਡੀਅਨਜ਼ ਨਾਲ ਹੋ ਰਹੇ ਮਾੜੇ ਸਲੂਕ ਨੂੰ ਦੇਖਦਿਆਂ ਲੱਖਾਂ ਲੋਕਾਂ ਨੇ ਦੱਖਣ ਵੱਲ ਸਫ਼ਰ ਕਰਨ ਤੋਂ ਤੌਬਾ ਕਰ ਲਈ ਹੈ।
ਕੈਲੇਫੋਰਨੀਆ ਦੇ ਗਵਰਨਰ ਵੱਲੋਂ ਕੈਨੇਡੀਅਨਜ਼ ਨੂੰ ਖੁੱਲ੍ਹਾ ਸੱਦਾ
ਕੈਲੇਫੋਰਨੀਆ ਵਿਚ ਸੈਰ ਸਪਾਟੇ ’ਤੇ ਖਰਚ ਕਰਨ ਦੇ ਮਾਮਲੇ ਵਿਚ ਕੈਨੇਡੀਅਨਜ਼ ਦੂਜੇ ਸਥਾਨ ’ਤੇ ਆਉਂਦੇ ਹਨ ਅਤੇ ਇਨ੍ਹਾਂ ਵੱਲੋਂ ਪਾਸਾ ਵੱਟਣ ਕਰ ਕੇ ਅਮਰੀਕਾ ਦੀ ਗੋਲਡਨ ਸਟੇਟ ਨੂੰ ਵੱਡਾ ਨੁਕਸਾਨ ਹੋਵੇਗਾ। ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਰਵੀ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੈਵਿਨ ਨਿਊਸਮ ਦੀ ਅਪੀਲ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਅਮਰੀਕਾ ਜਾਣ ਵਾਲੇ ਕੈਨੇਡੀਅਨਜ਼ ਦੀ ਗਿਣਤੀ ਵਿਚ ਵੱਡੀ ਕਮੀ ਆਈ ਹੈ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਵਾਰ ਵਾਰ ਕੈਨੇਡਾ ਨੂੰ 51ਵਾਂ ਸੂਬਾ ਕਹਿੰਦੇ ਰਹੇ ਪਰ ਸਾਡੇ ਲੋਕ ਇਸ ਗੱਲ ਨੂੰ ਹਲਕੇ ਤੌਰ ’ਤੇ ਨਹੀਂ ਲੈ ਰਹੇ। ਸਾਡਾ ਮੰਨਣਾ ਹੈ ਕਿ ਅਮਰੀਕਾ ਵੱਲੋਂ ਲਾਈਆਂ ਟੈਰਿਫ਼ਸ ਮੁਕੰਮਲ ਤੌਰ ’ਤੇ ਖਤਮ ਹੋਣੀਆਂ ਚਾਹੀਦੀਆਂ ਹਨ ਅਤੇ ਸਾਨੂੰ ਕੈਨੇਡੀਅਨ ਹੋਣ ’ਤੇ ਮਾਣ ਹੈ। ਇਸੇ ਦੌਰਾਨ ਵੈਨਕੂਵਰਦੇ ਇਕ ਟਰੈਵਲ ਕੰਸਲਟੈਂਟ ਮਕੈਨਜ਼ੀ ਮੈਕਮਿਲਨ ਨੇ ਦੱਸਿਆ ਕਿ ਅਮਰੀਕਾ ਜਾਣ ਦੇ ਇੱਛਕ ਲੋਕਾਂ ਦਾ ਸੋਕਾ ਪੈ ਰਿਹਾ ਹੈ ਪਰ ਕੁਝ ਲੋਕ ਯੂਰਪ ਅਤੇ ਮੈਕਸੀਕੋ ਵੱਲ ਬਦਲਵੇਂ ਟੂਰ ਪ੍ਰੋਗਰਾਮ ਵੀ ਬਣ ਰਹੇ ਹਨ। ਅਮਰੀਕਾ ਜਾ ਰਹੇ ਲੋਕ ਵਿਚੋਂ ਜ਼ਿਆਦਾਤਰ ਬਿਜ਼ਨਸ ਕਾਨਫਰੰਸ ਜਾਂ ਕਿਸੇ ਹੋਰ ਕਾਰੋਬਾਰੀ ਮਕਸਦ ਵਾਸਤੇ ਜਾ ਰਹੇ ਹਨ। ਮਕੈਨਜ਼ੀ ਨੇ ਦਾਅਵਾ ਕੀਤਾ ਕਿ ਸਿਰਫ ਸੈਰ ਸਪਾਟੇ ਵਾਸਤੇ ਜਾਣ ਵਾਲਿਆਂ ਦੀ ਗਿਣਤੀ ਵਿਚ ਫਰਵਰੀ ਮਗਰੋਂ 90 ਫੀ ਸਦੀ ਕਮੀ ਆਈ ਹੈ।
ਸੈਰ ਸਪਾਟੇ ਲਈ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ 90 ਫੀ ਸਦੀ ਘਟੀ
ਕੈਲੇਫੋਰਨੀਆ ਦੀ ਇਸ਼ਤਿਹਾਰ ਮੁਹਿੰਮ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਨੌਜਵਾਨ ਮੁਸਾਫਰਾਂ ਦੁਆਲੇ ਕੇਂਦਰਤ ਮਹਿਸੂਸ ਹੁੰਦੀ ਹੈ। ਕੈਲੇਫੋਰਨੀਆ ਦੇ ਇਸ਼ਤਿਹਾਰ ਇਹ ਵੀ ਦਰਸਾਉਂਦੇ ਹਨ ਕਿ ਉਹ ਟਰੰਪ ਦੀਆਂ ਨੀਤੀਆਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਅਤੇ ਅਮਰੀਕਾ ਦਾ ਧੁਰ ਦੱਖਣ-ਪੱਛਮੀ ਸੂਬਾ ਕੈਨੇਡਾ ਨਾਲ ਪਹਿਲਾਂ ਵਰਗੇ ਰਿਸ਼ਤੇ ਬਹਾਲ ਕਰਨ ਦਾ ਇੱਛਕ ਹੈ। ਬਿਨਾਂ ਸ਼ੱਕ ਲੱਖਾਂ ਦੀ ਗਿਣਤੀ ਵਿਚ ਕੈਨੇਡੀਅਨ ਹੁਣ ਵੀ ਅਮਰੀਕਾ ਦੇ ਗੇੜਾ ਲਾਉਣਾ ਚਾਹੁੰਦੇ ਹਨ ਪਰ ਆਪਣੇ ਮੁਲਕ ਨਾਲ ਵਫਾਦਾਰੀ ਤੋਂ ਵੀ ਪਿੱਛੇ ਨਹੀਂ ਹਟਣਾ ਚਾਹੁੰਦੇ। ਕੈਲਗਰੀ ਵਿਖੇ ਟਰੈਵਲ ਲੇਡੀ ਏਜੰਸੀ ਚਲਾ ਰਹੀ ਲੈਸਲੀ ਕੇਟਰ ਦਾ ਕਹਿਣਾ ਸੀ ਕਿ ਮੁਸਾਫਰਾਂ ਦੀਆਂ ਚਿੰਤਾਵਾਂ ਬੇਹੱਦ ਡੂੰਘੀਆਂ ਹਨ ਜਿਨ੍ਹਾਂ ਨੇ ਦਿਲ ’ਤੇ ਪੱਥਰ ਰੱਖ ਕੇ ਅਮਰੀਕਾ ਜਾਣ ਦੀਆਂ ਯੋਜਨਾਵਾਂ ਰੱਦ ਕਰ ਦਿਤੀਆਂ।