America ’ਚ ਲੈਂਡ ਕਰਦੇ ਜਹਾਜ਼ ਦਾ ਖੁੱਲਿ੍ਆ ਪਹੀਆ
ਅਮਰੀਕਾ ਦੇ ਹਵਾਈ ਅੱਡੇ ’ਤੇ ਲੈਂਡ ਕਰ ਰਹੇ ਹਵਾਈ ਜਹਾਜ਼ ਵਿਚ ਸਵਾਰ 200 ਮੁਸਾਫ਼ਰਾਂ ਨਾਲ ਜੱਗੋਂ ਤੇਰਵੀਂ ਹੋ ਗਈ ਜਦੋਂ ਏਅਰਪੋਰਟ ’ਤੇ ਉਤਰਦਿਆਂ ਹੀ ਜਹਾਜ਼ ਦਾ ਪਹੀਆ ਖੁੱਲ੍ਹ ਕੇ ਇਕ ਪਾਸੇ ਚਲਾ ਗਿਆ ਅਤੇ ਹਾਲਾਤ ਡਾਵਾਂਡੋਲ ਨਜ਼ਰ ਆਏ

By : Upjit Singh
ਫ਼ਲੋਰੀਡਾ : ਅਮਰੀਕਾ ਦੇ ਹਵਾਈ ਅੱਡੇ ’ਤੇ ਲੈਂਡ ਕਰ ਰਹੇ ਹਵਾਈ ਜਹਾਜ਼ ਵਿਚ ਸਵਾਰ 200 ਮੁਸਾਫ਼ਰਾਂ ਨਾਲ ਜੱਗੋਂ ਤੇਰਵੀਂ ਹੋ ਗਈ ਜਦੋਂ ਏਅਰਪੋਰਟ ’ਤੇ ਉਤਰਦਿਆਂ ਹੀ ਜਹਾਜ਼ ਦਾ ਪਹੀਆ ਖੁੱਲ੍ਹ ਕੇ ਇਕ ਪਾਸੇ ਚਲਾ ਗਿਆ ਅਤੇ ਹਾਲਾਤ ਡਾਵਾਂਡੋਲ ਨਜ਼ਰ ਆਏ। ਫ਼ਲੋਰੀਡਾ ਸੂਬੇ ਦੇ ਓਰਲੈਂਡੋ ਏਅਰਪੋਰਟ ’ਤੇ ਵਾਪਰੀ ਹੈਰਾਨਕੁੰਨ ਘਟਨਾ ਦੌਰਾਨ ਜਹਾਜ਼ ਵਿਚ ਕੁਲ 206 ਜਣੇ ਸਵਾਰ ਸਨ ਜੋ ਵਾਲ-ਵਾਲ ਬਚ ਗਏ। ਯੂਨਾਈਟਡ ਏਅਰਲਾਈਨਜ਼ ਦੀ ਫ਼ਲਾਈਟ 2323 ਸ਼ਿਕਾਗੋ ਤੋਂ ਓਰਲੈਂਡੋ ਪੁੱਜੀ ਅਤੇ ਪਹੀਆ ਖੁੱਲ੍ਹਣ ਮਗਰੋਂ ਜਹਾਜ਼ ਇਕ ਵਾਰ ਗੇਂਦ ਵਾਂਗ ਬੁੜਕਿਆ ਪਰ ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਹੀਂ ਹੋਇਆ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਮੁਤਾਬਕ ਹਾਦਸੇ ਬਾਰੇ ਪਤਾ ਲਗਦਿਆਂ ਹੀ ਮੁਸਾਫ਼ਰਾਂ ਨੂੰ ਉਤਾਰਨ ਦੇ ਬੰਦੋਬਸਤ ਕੀਤੇ ਗਏ। ਫ਼ਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਫ਼ੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਕਰ ਕੇ ਜਹਾਜ਼ ਸੰਤੁਲਤ ਤਰੀਕੇ ਨਾਲ ਲੈਂਡ ਨਾ ਕਰ ਸਕਿਆ।
200 ਮੁਸਾਫ਼ਰ ਵਾਲ-ਵਾਲ ਬਚੇ, ਮਾਮਲੇ ਦੀ ਪੜਤਾਲ ਸ਼ੁਰੂ
ਨੈਸ਼ਨਲ ਵੈਦਰ ਸਰਵਿਸ ਮੁਤਾਬਕ ਘਟਨਾ ਵੇਲੇ ਓਰਲੈਂਡੋ ਹਵਾਈ ਅੱਡੇ ’ਤੇ 56 ਮੀਲ ਪ੍ਰਤੀ ਘੰਟਾ ਰਫ਼ਤਾਰ ਵਾਲੀਆਂ ਹਵਾਵਾਂ ਵਗ ਰਹੀਆਂ ਸਨ ਅਤੇ ਕੁਝ ਫ਼ਲਾਈਟਸ ਦੇ ਰਵਾਨਾ ਹੋਣ ਤੇ ਪੁੱਜਣ ਵਿਚ ਦੇਰ ਵੀ ਹੋਈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਸਤੰਬਰ ਵਿਚ ਯੂਨਾਈਟਡ ਏਅਰਲਾਈਨਜ਼ ਦੀ ਫਲਾਈਟ ਨੂੰ ਐਮਰਜੰਸੀ ਲੈਂਡਿੰਗ ਕਰਨੀ ਪਈ ਜਦੋਂ ਜਹਾਜ਼ ਵਿਚ ਅੱਗ ਦੀਆਂ ਲਾਟਾਂ ਨਜ਼ਰ ਆਈਆਂ। ਜਹਾਜ਼ ਦੇ ਸੁਰੱਖਿਅਤ ਲੈਂਡ ਕਰਨ ਮਗਰੋਂ ਦੋ ਜਣਿਆਂ ਨੂੰ ਮਾਮੂਲੀ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਦੂਜੇ ਪਾਸੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਮੌਸਮ ਦੀ ਖ਼ਰਾਬੀ ਕਰ ਕੇ ਵੈਸਟ ਜੈਟ ਦੀ ਫ਼ਲਾਈਟ ਲੈਂਡ ਕਰਵਾਉਣ ਦੇ ਕਈ ਯਤਨ ਅਸਫ਼ਲ ਹੋ ਗਏ ਅਤੇ ਪਾਇਲਟ ਅੰਤਲੇ ਮੌਕੇ ’ਤੇ ਜਹਾਜ਼ ਨੂੰ ਮੁੜ ਹਵਾ ਵਿਚ ਰੱਖਣ ਵਾਸਤੇ ਮਜਬੂਰ ਜਾਂਦੇ। ਜਹਾਜ਼ ਵਿਚ ਸਵਾਰ 180 ਮੁਸਾਫ਼ਰਾਂ ਦੇ ਦਿਲ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਸਨ ਪਰ ਨਾਟਕੀ ਘਟਨਾਕ੍ਰਮ ਤੋਂ ਬਾਅਦ ਆਖਰਕਾਰ ਜਹਾਜ਼ ਲੈਂਡ ਕਰ ਗਿਆ।
ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਵੀ ਨਾਟਕੀ ਘਟਨਾਕ੍ਰਮ
ਸੁਰੱਖਿਅਤ ਲੈਂਡਿੰਗ ਤੋਂ ਪਹਿਲਾਂ ਵੈਸਟ ਜੈਟ ਦੇ ਬੋਇੰਗ 737-800 ਜਹਾਜ਼ ਨੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਉਪਰ ਕਈ ਗੇੜੇ ਲਾਏ ਅਤੇ ਪਾਇਲਟ ਹਾਲਾਤ ਸਾਜ਼ਗਾਰ ਹੋਣ ਦੀ ਉਡੀਕ ਕਰ ਰਹੇ ਸਨ। ਪਾਇਲਟ ਜਹਾਜ਼ ਲੈਂਡ ਕਰਵਾਉਣ ਦੀ ਵਿਉਂਤਬੰਦੀ ਕਰ ਰਹੇ ਸਨ ਤਾਂ ਕਰੂ ਮੈਂਬਰਾਂ ਨੇ ਮੁਸਾਫ਼ਰਾਂ ਨੂੰ ਹੌਸਲਾ ਦਿਤਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ। ਤੀਜੇ ਯਤਨ ਦੌਰਾਨ ਜਹਾਜ਼ ਲੈਂਡ ਕਰ ਗਿਆ ਅਤੇ ਪੂਰੇ ਹਵਾਈ ਅੱਡੇ ’ਤੇ ਫਲਾਈਟ ਦੇ ਚਰਚੇ ਹੋਣ ਲੱਗੇ।


