ਅਮਰੀਕਾ : ਪੰਜਾਬੀਆਂ ਦੀ ਜਾਨ ਲੈਣ ਲੱਗੇ ਟਰੰਪ ਦੇ ਛਾਪੇ
ਅਮਰੀਕਾ ਵਿਚ ਟਰੰਪ ਦੇ ਇੰਮੀਗ੍ਰੇਸ਼ਨ ਛਾਪੇ ਅਤੇ ਡਿਪੋਰਟੇਸ਼ਨ ਦਾ ਡਰ ਪੰਜਾਬੀ ਨੌਜਵਾਨਾਂ ਦੀ ਜਾਨ ਦਾ ਖੌਅ ਬਣ ਚੁੱਕੇ ਹਨ

By : Upjit Singh
ਕੈਲੇਫੋਰਨੀਆ : ਅਮਰੀਕਾ ਵਿਚ ਟਰੰਪ ਦੇ ਇੰਮੀਗ੍ਰੇਸ਼ਨ ਛਾਪੇ ਅਤੇ ਡਿਪੋਰਟੇਸ਼ਨ ਦਾ ਡਰ ਪੰਜਾਬੀ ਨੌਜਵਾਨਾਂ ਦੀ ਜਾਨ ਦਾ ਖੌਅ ਬਣ ਚੁੱਕੇ ਹਨ। ਜੀ ਹਾਂ, ਤਕਰੀਬਨ ਢਾਈ ਸਾਲ ਪਹਿਲਾਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਸਬੀਰ ਸਿੰਘ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ ਜੋ ਅਕਸਰ ਹੀ ਆਪਣੇ ਇੰਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ ਚਿੰਤਤ ਰਹਿੰਦਾ ਸੀ। ਇਸ ਤੋਂ ਪਹਿਲਾਂ ਅਸਾਇਲਮ ਕੇਸ ਰੱਦ ਹੋਣ ਕਾਰਨ ਚਿੰਤਾਵਾਂ ਵਿਚ ਡੁੱਬੇ ਸਿਮਰਨਜੀਤ ਸਿੰਘ ਦੀ ਅਚਨਚੇਤ ਮੌਤ ਹੋਣ ਦੀ ਖਬਰ ਆਈ ਸੀ। ਜਸਬੀਰ ਸਿੰਘ ਦੇ ਛੋਟੇ ਭਰਾ ਨਿਰਵੈਰ ਸਿੰਘ ਨੇ ਦੱਸਿਆ ਕਿ ਜਸਬੀਰ ਇੰਡਿਆਨਾ ਸੂਬੇ ਦੇ ਇਕ ਰੈਸਟੋਰੈਂਟ ਵਿਚ ਕੰਮ ਕਰਦਾ ਸੀ। ਨਿਰਵੈਰ ਸਿੰਘ ਮੁਤਾਬਕ ਸੋਮਵਾਰ ਨੂੰ ਜਸਬੀਰ ਦੇ ਇਕ ਦੋਸਤ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਉਹ ਰਾਤ ਨੂੰ ਰੋਟੀ ਖਾ ਕੇ ਸੁੱਤਾ ਪਰ ਸਵੇਰੇ ਨਾ ਉਠਿਆ।
ਗੈਰਕਾਨੂੰਨੀ ਪ੍ਰਵਾਸੀਆਂ ਵਿਚ ਘਬਰਾਹਟ ਵਾਲਾ ਮਾਹੌਲ
ਜਸਬੀਰ ਦੇ ਦੋਸਤਾਂ ਨੇ ਐਂਬੁਲੈਂਸ ਸੱਦ ਕੇ ਉਸ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿਤਾ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਪੈਂਦੇ ਪਿੰਡ ਜੁੰਡਲਾ ਨਾਲ ਸਬੰਧਤ ਜਸਬੀਰ ਸਿੰਘ ਦੇ ਪਿਤਾ ਚਾਰ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਅਤੇ ਪਰਵਾਰ ਵਿਚ ਹੁਣ ਸਿਰਫ਼ ਬਜ਼ੁਰਗ ਮਾਂ ਅਤੇ ਭਰਾ ਰਹਿ ਗਏ। ਨਿਰਵੈਰ ਸਿੰਘ ਮੁਤਾਬਕ 2023 ਵਿਚ ਜਸਬੀਰ ਸਿੰਘ ਨੇ ਕਿਸੇ ਏਜੰਟ ਰਾਹੀਂ ਵਿਦੇਸ਼ ਜਾਣ ਦਾ ਫੈਸਲਾ ਲਿਆ ਪਰ 30 ਲੱਖ ਰੁਪਏ ਦਾ ਪ੍ਰਬੰਧ ਕਰਨਾ ਔਖਾ ਹੋ ਰਿਹਾ ਸੀ। ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਕਰਜ਼ਾ ਲੈ ਕੇ ਕਿਸੇ ਤਰੀਕੇ ਨਾਲ ਰਕਮ ਦਾ ਪ੍ਰਬੰਧ ਹੋਇਆ ਅਤੇ ਜਸਬੀਰ ਡੌਂਕੀ ਰੂਟ ਰਾਹੀਂ ਯੂਰਪ ਰਵਾਨਾ ਹੋ ਗਿਆ ਜਿਥੋਂ ਅੱਗੇ ਦਾ ਸਫਰ ਸ਼ੁਰੂ ਹੋਣਾ ਸੀ। ਅਮਰੀਕਾ ਪੁੱਜਣ ਮਗਰੋਂ ਉਹ ਤਕਰੀਬਨ ਰੋਜ਼ਾਨਾ ਆਪਣਾ ਪਰਵਾਰ ਨੂੰ ਫੋਨ ਕਰਦਾ ਪਰ ਬੀਤੇ ਸ਼ਨਿੱਚਰਵਾਰ ਨੂੰ ਕਾਲ ਨਾ ਆਈ। ਪਰਵਾਰ ਨੇ ਸੋਚਿਆ ਕਿ ਕਿਸੇ ਕੰਮ ਵਿਚ ਰੁੱਝਿਆ ਹੋਵੇਗਾ ਪਰ ਕੋਈ ਨਹੀਂ ਸੀ ਜਾਣਦਾ ਕਿ ਭਾਣਾ ਵਰਤ ਚੁੱਕਿਆ ਹੈ। ਨਿਰਵੈਰ ਸਿੰਘ ਨੇ ਦੱਸਿਆ ਕਿ ਪਰਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਜਿਸ ਦੇ ਮੱਦੇਨਜ਼ਰ ਜਸਬੀਰ ਸਿੰਘ ਦੀ ਦੇਹ ਲਿਆਉਣ ਦਾ ਪ੍ਰਬੰਧ ਕਰਨਾ ਮੁਸ਼ਕਲ ਹੈ। ਪਿੰਡ ਜੁੰਡਲਾ ਦੀ ਪੰਚਾਇਤ ਅਤੇ ਨਿਰਵੈਰ ਸਿੰਘ ਵੱਲੋਂ ਕੇਂਦਰ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਜਸਬੀਰ ਦੇ ਦੋਸਤਾਂ ਵੱਲੋਂ ਗੋਫੰਡਮੀ ਪੇਜ ਰਾਹੀਂ ਲੋੜੀਂਦੀ ਰਕਮ ਇਕੱਤਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਯੂ.ਕੇ. ’ਚ ਸੜਕ ਹਾਦਸੇ ਦੌਰਾਨ ਪੰਜਾਬੀ ਨੇ ਦਮ ਤੋੜਿਆ
ਇਸੇ ਦੌਰਾਨ ਯੂ.ਕੇ. ਵਿਚ 13 ਸਤੰਬਰ ਨੂੰ ਵਾਪਰੇ ਹੌਲਨਾਕ ਸੜਕ ਹਾਦਸੇ ਦੌਰਾਨ 22 ਸਾਲ ਦਾ ਸੁਖਮਨਪ੍ਰੀਤ ਸਿੰਘ ਦਮ ਤੋੜ ਗਿਆ। ਮਾਪਿਆਂ ਦਾ ਇਕਲੌਤਾ ਪੁੱਤਾ ਸੁਖਮਨਪ੍ਰੀਤ ਕੰਮ ਤੋਂ ਘਰ ਪਰਤ ਰਿਹਾ ਸੀ ਜਦੋਂ ਉਸ ਦੀ ਕਾਰ ਹਾਦਸੇ ਦੇ ਸ਼ਿਕਾਰ ਹੋ ਗਈ। ਥੇਮਜ਼ ਵੈਲੀ ਪੁਲਿਸ ਨੇ ਦੱਸਿਆ ਕਿ ਹਾਦਸੇ ਦੌਰਾਨ ਜ਼ਖਮੀ ਨੌਜਵਾਨ ਨੂੰ ਹਸਪਤਾਲ ਲਿਜਾਣ ਦੇ ਯਤਨ ਕੀਤੇ ਗਏ ਪਰ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ। ਫ਼ਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਸੁਖਮਨਪ੍ਰੀਤ ਸਿੰਘ ਬਿਹਤਰ ਭਵਿੱਖ ਦੀ ਤਲਾਸ਼ ਵਿਚ ਸਿਰਫ਼ ਡੇਢ ਸਾਲ ਪਹਿਲਾਂ ਹੀ ਇੰਗਲੈਂਡ ਪੁੱਜਾ ਸੀ। ਸੁਖਮਨਪ੍ਰੀਤ ਦੇ ਦੋਸਤ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਸ ਦੀ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।


