America : ਹੁਣ ਵਿਆਹ ਰਾਹੀਂ ਪੱਕੇ ਹੋਣ ਵਾਲਿਆਂ ਨੂੰ ਟੰਗਣਗੇ ਟਰੰਪ
ਟਰੰਪ ਸਰਕਾਰ ਦੀ ਅੱਖ ਹੁਣ ਵਿਆਹ ਕਰਵਾ ਕੇ ਅਮਰੀਕਾ ਵਿਚ ਪੱਕੇ ਹੋਣ ਵਾਲਿਆਂ ’ਤੇ ਹੈ ਜਿਨ੍ਹਾਂ ਵਿਚੋਂ ਹਜ਼ਾਰਾਂ ਕੌਂਟਰੈਕਟ ਮੈਰਿਜ ਰਾਹੀਂ ਗਰੀਨ ਕਾਰਡ ਹਾਸਲ ਕਰਦੇ ਹਨ

By : Upjit Singh
ਵਾਸ਼ਿੰਗਟਨ : ਟਰੰਪ ਸਰਕਾਰ ਦੀ ਅੱਖ ਹੁਣ ਵਿਆਹ ਕਰਵਾ ਕੇ ਅਮਰੀਕਾ ਵਿਚ ਪੱਕੇ ਹੋਣ ਵਾਲਿਆਂ ’ਤੇ ਹੈ ਜਿਨ੍ਹਾਂ ਵਿਚੋਂ ਹਜ਼ਾਰਾਂ ਕੌਂਟਰੈਕਟ ਮੈਰਿਜ ਰਾਹੀਂ ਗਰੀਨ ਕਾਰਡ ਹਾਸਲ ਕਰਦੇ ਹਨ ਅਤੇ ਇੰਮੀਗ੍ਰੇਸ਼ਨ ਵਾਲਿਆਂ ਕੋਲ ਕਾਰਵਾਈ ਦਾ ਕੋਈ ਠੋਸ ਆਧਾਰ ਨਹੀਂ ਹੁੰਦਾ। ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਹਰ ਸਾਲ ਸਪਾਊਜ਼ ਵੀਜ਼ਾ ਦੀਆਂ ਤਕਰੀਬਨ 4 ਲੱਖ 50 ਹਜ਼ਾਰ ਅਰਜ਼ੀਆਂ ਆਉਂਦੀਆਂ ਹਨ ਅਤੇ ਮੋਟੇ ਤੌਰ ’ਤੇ ਇਨ੍ਹਾਂ ਵਿਚੋਂ 10 ਫ਼ੀ ਸਦੀ ਰੱਦ ਹੋ ਜਾਂਦੀਆਂ ਹਨ। ਇਸੇ ਤਰ੍ਹਾਂ 2019 ਵਿਚ 3 ਲੱਖ 4 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੂੰ ਵਿਆਹ ਦੇ ਆਧਾਰ ’ਤੇ ਗਰੀਨ ਕਾਰਡ ਜਾਰੀ ਕੀਤੇ ਗਏ। ਟੈਕਸਸ ਦੇ ਇੰਮੀਗ੍ਰੇਸ਼ਨ ਵਕੀਲ ਕੋਡੀ ਬ੍ਰਾਊਨ ਦਾ ਕਹਿਣਾ ਹੈ ਕਿ ਗਰੀਨ ਕਾਰਡ ਮਿਲਣ ਮਗਰੋਂ ਆਪਣੇ ਜੀਵਨ ਸਾਥੀ ਛੱਡਣਾ ਆਮ ਵਰਤਾਰਾ ਬਣ ਚੁੱਕਾ ਹੈ ਅਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਇੰਮੀਗ੍ਰੇਸ਼ਨ ਫਰੌਡ ਦੇ ਦੋਸ਼ਾਂ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ।
ਇੰਮੀਗ੍ਰੇਸ਼ਨ ਵਕੀਲ ਵੱਲੋਂ ਹਜ਼ਾਰਾਂ ਮੈਰਿਜ ਫਰੌਡ ਹੋਣ ਦਾ ਦਾਅਵਾ
‘ਦਾ ਡੇਲੀ ਮੇਲ’ ਨਾਲ ਗੱਲਬਾਤ ਕਰਦਿਆਂ ਬ੍ਰਾਊਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਲਾਅ ਫ਼ਰਮ ਅਮਰੀਕਾ ਵਿਚ ਇਕੋ-ਇਕ ਫ਼ਰਮ ਹੈ ਜੋ ਇੰਮੀਗ੍ਰੇਸ਼ਨ ਮਾਮਲਿਆਂ ਵਿਚ ਯੂ.ਐਸ. ਸਿਟੀਜ਼ਨਜ਼ ਦੀ ਨੁਮਾਇੰਦਗੀ ਕਰਦੀ ਹੈ। ਉਧਰ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦਾ ਕਹਿਣਾ ਹੈ ਕਿ ਵਿਆਹ ਰਾਹੀਂ ਅਮਰੀਕਾ ਵਿਚ ਪੱਕਾ ਹੋਣ ਵਾਲਿਆਂ ਦੀ ਡੂੰਘਾਈ ਨਾਲ ਪੁਣ-ਛਾਣ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੋਡੀ ਬ੍ਰਾਊਨ ਦੀਆਂ ਤਜਵੀਜ਼ਾਂ ਅਮਰੀਕਾ ਵਿਚ ਨਵੇਂ ਆਉਣ ਵਾਲਿਆਂ ਸਾਹਮਣੇ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ। ਦੂਜੇ ਪਾਸੇ ਬ੍ਰਾਊਨ ਦਾ ਕਹਿਣਾ ਹੈ ਕਿ ਵੱਡੇ ਪੱਧਰ ’ਤੇ ਫ਼ਰਜ਼ੀ ਵਿਆਹ ਹੋ ਰਹੇ ਹਨ ਅਤੇ ਪੀੜਤਾਂ ਕੋਲ ਕਾਨੂੰਨੀ ਕਾਰਵਾਈ ਦਾ ਕੋਈ ਹੱਕ ਨਹੀਂ ਹੁੰਦਾ। ਆਮ ਤੌਰ ’ਤੇ ਉਨ੍ਹਾਂ ਯੂ.ਐਸ. ਸਿਟੀਜ਼ਨਜ਼ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜੋ ਤਲਾਕਸ਼ੁਦਾ, ਇਕੱਲੇ, ਵਡੇਰੀ ਉਮਰ ਵਾਲੇ ਜਾਂ ਆਰਥਿਕ ਤੌਰ ’ਤੇ ਕਮਜ਼ੋਰ ਹੁੰਦੇ ਹਨ। ਵਿਆਹ ਰਾਹੀਂ ਅਮਰੀਕਾ ਵਿਚ ਇੰਮੀਗ੍ਰੇਸ਼ਨ ਸਟੇਟਸ ਮਿਲ ਜਾਂਦਾ ਹੈ ਅਤੇ ਪੱਕੇ ਹੋਣ ਦਾ ਕਾਗਜ਼ ਹੱਥ ਵਿਚ ਆਉਂਦਿਆਂ ਹੀ ਵਿਦੇਸ਼ ਤੋਂ ਆਈ ਲਾੜੀ ਜਾਂ ਲਾੜਾ ਗਾਇਬ ਹੋ ਜਾਂਦੇ ਹਨ। ਕੁਝ ਲਾੜੀਆਂ ਕਾਨੂੰਨ ਦੀ ਰੱਜ ਕੇ ਦੁਰਵਰਤੋਂ ਕਰਦੀਆਂ ਹਨ ਅਤੇ ਤਲਾਕ ਮਗਰੋਂ ਖਰਚਾ ਵੀ ਮੰਗਿਆ ਜਾਂਦਾ ਹੈ। ਕੋਡੀ ਬ੍ਰਾਊਨ ਮੁਤਾਬਕ ਡੀ.ਐਚ.ਐਸ. ਕੋਲ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕਿਉਂਕਿ ਮੈਰਿਜ ਫ਼ਰੌਡ ਦੇ ਜ਼ਿਆਦਾਤਰ ਮਾਮਲਿਆਂ ਵਿਚ ਡੂੰਘਾਈ ਨਾਲ ਪੜਤਾਲ ਨਹੀਂ ਕੀਤੀ ਜਾਂਦੀ।
ਹਰ ਸਾਲ 3 ਲੱਖ ਲਾੜੇ-ਲਾੜੀਆਂ ਨੂੰ ਮਿਲਦੇ ਨੇ ਗਰੀਨ ਕਾਰਡ
ਉਨ੍ਹਾਂ ਅੱਗੇ ਕਿਹਾ ਕਿ ਇਹ ਫਰੌਡ ਹੈ ਵੀ ਸੌਖਾ ਅਤੇ ਯੂ.ਐਸ. ਸਿਟੀਜ਼ਨ ਨੂੰ ਪਤਾ ਵੀ ਨਹੀਂ ਲਗਦਾ ਕਿ ਗਰੀਨ ਕਾਰਡ ਹੱਥ ਆਉਣ ਮਗਰੋਂ ਉਸ ਦਾ ਜੀਵਨ ਸਾਥੀ ਕਿੰਨਾ ਮਾੜਾ ਸਲੂਕ ਕਰੇਗਾ। ਦੱਸ ਦੇਈਏ ਕਿ ਅਮਰੀਕੀ ਨਾਗਰਿਕ ਨਾਲ ਵਿਆਹ, ਗਰੀਨ ਕਾਰਡ ਹਾਸਲ ਕਰਨ ਦਾ ਸਭ ਤੋਂ ਤੇਜ਼ ਅਤੇ ਸੌਖਾ ਤਰੀਕਾ ਹੈ। ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਵਿਆਹ ਕਰਵਾਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਕਈ ਰਿਆਇਤਾਂ ਦਿਤੀਆਂ ਜਾਂਦੀਆਂ ਹਨ ਜੋ ਹੋਰਨਾਂ ਸ਼ੇ੍ਰਣੀਆਂ ਵਿਚ ਨਹੀਂ ਮਿਲਦੀਆਂ। ਕੋਡੀ ਬ੍ਰਾਊਨ ਨੇ 15 ਸਾਲ ਪਹਿਲਾਂ ਖੁਦ ਨਾਲ ਵਾਪਰੀ ਇਕ ਘਟਨਾ ਦੀ ਮਿਸਾਲ ਦਿਤੀ। ਉਨ੍ਹਾਂ ਦੱਸਿਆ ਕਿ ਇਕ ਗੈਰਕਾਨੂੰਨੀ ਪ੍ਰਵਾਸੀ ਦਾ ਪਿੱਛਾ ਕਰਨ ਦੀ ਝੂਠੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਵਿਚ ਡੱਕ ਦਿਤਾ। ਮਾਮਲਾ ਅਦਾਲਤ ਵਿਚ ਪੁੱਜਾ ਤਾਂ ਪਤਾ ਲੱਗਾ ਕਿ ਗੈਰਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਮੌਜੂਦ ਔਰਤ ਯੂ ਵੀਜ਼ਾ ਚਾਹੁੰਦੀ ਸੀ ਜੋ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੋਕਾਂ ਨੂੰ ਮਿਲਦਾ ਹੈ। ਆਖਰਕਾਰ ਬ੍ਰਾਊਨ ਵਿਰੁੱਧ ਚੱਲ ਰਿਹਾ ਮੁਕੱਦਮਾ ਖਾਰਜ ਹੋ ਗਿਆ। ਉਧਰ ਫਲੋਰੀਡਾ ਵਿਖੇ ਆਈਸ ਵੱਲੋਂ ਮੈਰਿਜ ਫਰੌਡ ਦੇ ਵੱਡੇ ਸਕੈਂਡਲ ਦਾ ਪਰਦਾ ਫ਼ਾਸ਼ ਕੀਤਾ ਗਿਆ ਹੈ ਜਿਥੇ ਅਮਰੀਕਾ ਦੀ ਸਮੁੰਦਰੀ ਫੌਜ ਦੇ ਸਾਬਕਾ ਅਫ਼ਸਰਾਂ ਨਾਲ ਵਿਆਹ ਕਰਵਾਉਣ ਲਈ 40-40 ਹਜ਼ਾਰ ਡਾਲਰ ਅਦਾ ਕੀਤੇ ਜਾ ਰਹੇ ਸਨ।


