Begin typing your search above and press return to search.

America : ਇਸ਼ਕ ’ਚ ਅੰਨ੍ਹੇ ਪੰਜਾਬੀ ਨੇ ਮਾਰਤੀ ਸਾਲੀ

ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਨੂੰ ਆਪਣੀ ਸਾਲੀ ਦਾ ਵਹਿਸ਼ੀਆਨਾ ਤਰੀਕੇ ਨਾਲ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ ਜਿਸ ਦੇ ਸਰੀਰ ’ਤੇ ਛੁਰੇ ਨਾਲ 37 ਵਾਰ ਕੀਤੇ ਗਏ

America : ਇਸ਼ਕ ’ਚ ਅੰਨ੍ਹੇ ਪੰਜਾਬੀ ਨੇ ਮਾਰਤੀ ਸਾਲੀ
X

Upjit SinghBy : Upjit Singh

  |  7 March 2026 6:20 PM IST

  • whatsapp
  • Telegram

ਕੈਲੇਫੋਰਨੀਆ : ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਨੂੰ ਆਪਣੀ ਸਾਲੀ ਦਾ ਵਹਿਸ਼ੀਆਨਾ ਤਰੀਕੇ ਨਾਲ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ ਜਿਸ ਦੇ ਸਰੀਰ ’ਤੇ ਛੁਰੇ ਨਾਲ 37 ਵਾਰ ਕੀਤੇ ਗਏ ਅਤੇ ਘਰ ਦੇ ਅੰਦਰ ਸ਼ੁਰੂ ਹੋਇਆ ਖ਼ੂਨ-ਖਰਾਬਾ ਗੁਆਂਢੀਆਂ ਦੇ ਘਰ ਤੱਕ ਪੁੱਜ ਗਿਆ। ਰੌਲਾ ਸੁਣ ਕੇ ਬਾਹਰ ਨਿਕਲੇ ਗੁਆਂਢੀਆਂ ਨੇ ਵਰਿੰਦਰ ਸਿੰਘ ਨੂੰ ਰੋਕਣ ਦੇ ਯਤਨ ਕੀਤੇ ਪਰ 8 ਇੰਚ ਲੰਮਾ ਛੁਰਾ ਦੇਖ, ਨੇੜੇ ਜਾਣ ਦੀ ਹਿੰਮਤ ਕੋਈ ਨਾ ਕਰ ਸਕਿਆ ਜਦਕਿ ਦੂਜੇ ਪਾਸੇ ਵਰਿੰਦਰ, ਕੁਲਜੀਤ ਕੌਰ ਉਤੇ ਲਗਾਤਾਰ ਵਾਰ ਕਰ ਰਿਹਾ ਸੀ। ਕੁਲਜੀਤ ਕੌਰ ਨੇ ਆਪਣੀ ਜਾਨ ਬਚਾਉਣ ਦੀ ਪੂਰੀ ਵਾਹ ਲਾਈ ਅਤੇ ਉਸ ਦੇ ਹੱਥਾਂ ਅਤੇ ਬਾਹਾਂ ਉਤੇ ਡੂੰਘੇ ਜ਼ਖਮਾਂ ਦੇ 22 ਨਿਸ਼ਾਨ ਮਿਲੇ ਪਰ ਵਰਿੰਦਰ ਦਾ ਵਹਿਸ਼ੀਪੁਣਾ ਜਾਰੀ ਰਿਹਾ ਅਤੇ ਕੁਲਜੀਤ ਕੌਰ ਦੀਆਂ ਆਂਦਰਾ ਵੀ ਬਾਹਰ ਆ ਗਈਆਂ।

ਟਰੱਕ ਡਰਾਈਵਰ ਨੂੰ ਹੋਵੇਗੀ ਉਮਰ ਕੈਦ

25 ਅਪ੍ਰੈਲ 2022 ਨੂੰ ਵਾਪਰੀ ਵਾਰਦਾਤ ਬਾਰੇ ਜਾਂਚਕਰਤਾਵਾਂ ਨੇ ਦੱਸਿਆ ਕਿ 33 ਸਾਲ ਦੇ ਵਰਿੰਦਰ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਉਹ ਆਪਣੀ ਸਾਲੀ ਨੂੰ ਟਰੱਕ ’ਤੇ ਨਾਲ ਲਿਜਾਣ ਦੀ ਜ਼ਿਦ ਕਰਨ ਲੱਗਾ। ਪਰਵਾਰ ਵਿਚ ਇਸ ਤੋਂ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਸੀ ਅਤੇ ਵਰਿੰਦਰ ਦੀ ਪਤਨੀ ਨੇ ਆਪਣੀ ਭੈਣ ਨੂੰ ਲੰਮੇ ਟ੍ਰਿਪ ’ਤੇ ਜਾਣ ਤੋਂ ਵਰਜ ਦਿਤਾ। ਇਸ ਗੱਲ ਦਾ ਪਤਾ ਵਰਿੰਦਰ ਨੂੰ ਲੱਗਾ ਤਾਂ ਉਸ ਨੇ ਆਪਣੀ ਪਤਨੀ ਉਤੇ ਹਥੌੜੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮੁਕੱਦਮੇ ਦੀ ਸੁਣਵਾਈ ਦੌਰਾਨ ਟਰੱਕ ਡਰਾਈਵਰ ਦੀ ਪਤਨੀ ਦੀ ਪਛਾਣ ਸਿਰਫ਼ ਐਸ. ਕੇ. ਵਜੋਂ ਜ਼ਾਹਰ ਕੀਤੀ ਗਈ। ਕੈਲੇਫੋਰਨੀਆ ਦੇ ਸੈਂਟਾ ਰੋਜ਼ਾ ਸ਼ਹਿਰ ਦੀ ਵੈਸਟ ਕ੍ਰੀਕ ਲੇਨ ਵਿਖੇ ਰਹਿੰਦੇ ਵਰਿੰਦਰ ਸਿੰਘ ਨੇ ਮਨਘੜਤ ਕਹਾਣੀ ਸੁਣਾਉਂਦਿਆਂ ਅਦਾਲਤ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ। ਵਰਿੰਦਰ ਨੇ ਦਾਅਵਾ ਕੀਤਾ ਕਿ ਐਸ.ਕੇ. ਨਾਲ ਵਿਆਹ ਕਰਨ ਵਾਸਤੇ ਉਸ ਨੂੰ ਮਜਬੂਰ ਕੀਤਾ ਗਿਆ ਅਤੇ ਪਰਵਾਰ ਵਿਚ ਉਸ ਨੂੰ ਹੇਠਲੇ ਦਰਜੇ ਦਾ ਮੈਂਬਰ ਸਮਝਿਆ ਜਾਂਦਾ ਸੀ। ਸਿਰਫ਼ ਐਨਾ ਹੀ ਨਹੀਂ, ਉਸ ਨੇ ਨਵਾਂ ਟ੍ਰੈਕਟਰ-ਟ੍ਰੇਲਰ ਖਰੀਦਣ ਵਾਸਤੇ ਰਕਮ ਜੋੜੀ ਜੋ ਪਰਵਾਰ ਦੇ ਮੈਂਬਰਾਂ ਨੇ ਚੋਰੀ ਕਰ ਲਈ।

ਕੁਲਜੀਤ ਕੌਰ ਦੇ ਸਰੀਰ ’ਤੇ ਕੀਤੇ 32 ਵਾਰ

ਵਾਰਦਾਤ ਵਾਲੇ ਦਿਨ ਦਾ ਜ਼ਿਕਰ ਕਰਦਿਆਂ ਵਰਿੰਦਰ ਨੇ ਕਿਹਾ ਕਿ ਕੁਲਜੀਤ ਕੌਰ ਨੇ ਛੁਰਾ ਚੁੱਕ ਕੇ ਉਸ ਦੇ ਚਿਹਰੇ ਉਤੇ ਵਾਰ ਕਰਨ ਦੀ ਧਮਕੀ ਦਿਤੀ ਅਤੇ ਇਸੇ ਦੌਰਾਨ ਐਸ.ਕੇ. ਨੇ ਪਿੱਛੋਂ ਜੱਫਾ ਪਾ ਲਿਆ ਜੋ ਕਹਿ ਰਹੀ ਸੀ ਕਿ ਉਸ ਨੂੰ ਜਿਊਂਦਾ ਨਹੀਂ ਛੱਡੇਗੀ। ਵਰਿੰਦਰ ਦੇ ਵਕੀਲ ਮੁਤਾਬਕ ਉਸ ਦੇ ਮੁਵੱਕਲ ਨੇ ਕੁਲਜੀਤ ਕੌਰ ਤੋਂ ਬਚਣ ਲਈ ਸਿਰਫ਼ ਦੋ ਵਾਰ ਕੀਤੇ ਅਤੇ ਇਸ ਬਾਅਦ ਵਾਲਾ ਘਟਨਾਕ੍ਰਮ ਉਸ ਨੂੰ ਯਾਦ ਨਹੀਂ। ਪੰਜਾਬੀ ਅਨੁਵਾਦਕ ਰਾਹੀਂ ਵਰਿੰਦਰ ਸਿੰਘ ਨੇ ਕਿਹਾ, ‘‘ਮੇਰਾ ਦਿਮਾਗ ਘੁੰਮ ਗਿਆ ਅਤੇ ਪਤਾ ਹੀ ਨਾ ਲੱਗਿਆ ਕਿ ਕੀ ਕੁਝ ਵਾਪਰ ਰਿਹਾ ਹੈ।’’ ਦੂਜੇ ਪਾਸੇ ਸਰਕਾਰੀ ਵਕੀਲ ਨੇ ਬਚਾਅ ਧਿਰ ਦੀਆਂ ਦਲੀਲਾਂ ਨੂੰ ਥੋਥੀਆਂ ਕਰਾਰ ਦਿੰਦਿਆਂ ਕਿਹਾ ਕਿ ਜਿਊਰੀ ਮੈਂਬਰਾਂ ਦੀ ਹਮਦਰਦੀ ਹਾਸਲ ਕਰਨ ਵਾਸਤੇ ਇਹ ਸਭ ਕੀਤਾ ਜਾ ਰਿਹਾ ਹੈ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਜਿਊਰੀ ਮੈਂਬਰਾਂ ਨੇ ਵਰਿੰਦਰ ਨੂੰ ਪਹਿਲੇ ਦਰਜੇ ਦੀ ਹੱਤਿਆ ਦੀ ਬਜਾਏ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ ਦਿਤਾ। ਅਦਾਲਤ ਵੱਲੋਂ ਵਰਿੰਦਰ ਸਿੰਘ ਨੂੰ ਸਜ਼ਾ ਦਾ ਐਲਾਨ 28 ਅਪ੍ਰੈਲ ਨੂੰ ਕੀਤਾ ਜਾਵੇਗਾ ਅਤੇ 15 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ।

Next Story
ਤਾਜ਼ਾ ਖਬਰਾਂ
Share it