US : ਗੈਂਗਸਟਰਾਂ ਦੇ ਡਰੋਂ ਨਸ਼ਾ ਤਸਕਰੀ ਕਰਨ ਲਈ ਮਜਬੂਰ ਪੰਜਾਬੀ ਡਰਾਈਵਰ
ਅਮਰੀਕਾ ਵਿਚ ਸਜ਼ਾ ਭੁਗਤ ਰਹੇ ਬਜ਼ੁਰਗ ਪੰਜਾਬੀ ਟਰੱਕ ਡਰਾਈਵਰ ਬਾਰੇ ਇਕ ਵੱਡਾ ਖੁਲਾਸਾ ਹੋਇਆ ਹੈ

By : Upjit Singh
ਲੌਸ ਐਂਜਲਸ : ਅਮਰੀਕਾ ਵਿਚ ਸਜ਼ਾ ਭੁਗਤ ਰਹੇ ਬਜ਼ੁਰਗ ਪੰਜਾਬੀ ਟਰੱਕ ਡਰਾਈਵਰ ਬਾਰੇ ਇਕ ਵੱਡਾ ਖੁਲਾਸਾ ਹੋਇਆ ਹੈ। ਜੀ ਹਾਂ, ਕੈਲੇਫੋਰਨੀਆ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਸਾਬਤ ਹੋ ਗਿਆ ਕਿ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਰਣਜੀਤ ਸਿੰਘ ਰੋਵਲ ਆਪਣੀ ਜਾਨ ਨੂੰ ਪੈਦਾ ਹੋਏ ਖ਼ਤਰੇ ਅਤੇ ਪਰਵਾਰ ਦੀ ਸੁਰੱਖਿਆ ਦੇ ਡਰੋਂ ਨਸ਼ਾ ਤਸਕਰੀ ਕਰ ਰਿਹਾ ਸੀ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਕੈਲੇਫੋਰਨੀਆ ਦੇ ਕੇਂਦਰੀ ਜ਼ਿਲ੍ਹੇ ਦੀ ਜੱਜ ਸ਼ੈਰੀਲਿਨ ਪੀਸ ਗਾਰਨੈਟ ਨੇ ਰਣਜੀਤ ਸਿੰਘ ਨੂੰ ਸਜ਼ਾ ਸੁਣਾਉਣ ਦੀ ਪ੍ਰਕਿਰਿਆ ਦੌਰਾਨ ਕਿਹਾ ਕਿ ਅਮਰੀਕਾ ਸਰਕਾਰ ਅਤੇ ਬਚਾਅ ਕਰ ਰਹੀ ਧਿਰ ਦੋਵੇਂ ਇਸ ਗੱਲ ’ਤੇ ਸਹਿਮਤ ਨਜ਼ਰ ਆਏ ਕਿ ਨਸ਼ਾ ਤਸਕਰੀ ਡਰ ਅਤੇ ਭੈਅ ਦੇ ਸਿੱਟੇ ਵਜੋਂ ਹੋ ਰਹੀ ਸੀ। ਕੈਨੇਡਾ ਵਿਚ ਪਨਾਹ ਮਿਲਣ ਮਗਰੋਂ ਰਣਜੀਤ ਸਿੰਘ ਨੇ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕੀਤੀ ਅਤੇ ਹੁਣ ਸਜ਼ਾ ਮੁਕੰਮਲ ਹੋਣ ’ਤੇ ਕੈਨੇਡਾ ਸਰਕਾਰ ਉਸ ਨੂੰ ਡਿਪੋਰਟ ਕਰ ਦੇਵੇਗੀ। ਮੁਕੱਦਮੇ ਦੀ ਸੁਣਵਾਈ ਦੌਰਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਕਤਲ ਦੀਆਂ ਵਾਰਦਾਤਾਂ ਦਿਖਾਈਆਂ ਜਾਂਦੀਆਂ ਅਤੇ ਆਧੁਨਿਕ ਹਥਿਆਰ ਨਸ਼ਾ ਸਪਲਾਈ ਕਰਨ ਵਾਲਿਆਂ ਕੋਲ ਮੌਜੂਦ ਹੁੰਦੇ।
ਕੈਨੇਡਾ ਦੇ ਰਣਜੀਤ ਸਿੰਘ ਅਤੇ ਇਕਬਾਲ ਵਿਰਕ ਮਾਮਲੇ ਵਿਚ ਵੱਡਾ ਖੁਲਾਸਾ
65 ਸਾਲ ਦੇ ਰਣਜੀਤ ਸਿੰਘ ਰੋਵਲ ਅਤੇ 57 ਸਾਲ ਇਕਬਾਲ ਸਿੰਘ ਵਿਰਕ ਨੂੰ ਅਗਸਤ 2024 ਵਿਚ ਮਿਸ਼ੀਗਨ ਦੇ ਰਸਤੇ ਕੈਨੇਡਾ ਵਿਚ ਦਾਖਲ ਹੋਣ ਵੇਲੇ 95 ਕਿਲੋ ਕੋਕੀਨ ਅਤੇ 20 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਪਰ ਬਾਅਦ ਵਿਚ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਦੋਵੇਂ ਸਾਬਕਾ ਓਲੰਪੀਅਨ ਰਾਯਨ ਵੈਡਿੰਗ ਨਸ਼ਾ ਤਸਕਰੀ ਗਿਰੋਹ ਦਾ ਹਿੱਸਾ ਸਨ ਅਤੇ ਰਣਜੀਤ ਸਿੰਘ ਇਕ ਅਰਬ ਡਾਲਰ ਮੁੱਲ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਰਿਹਾ। ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਰਣਜੀਤ ਸਿੰਘ ਦੇ ਸਾਹਮਣੇ ਨਸ਼ਾ ਤਸਕਰਾਂ ਨੇ ਇਕ ਟਰੱਕ ਡਰਾਈਵਰ ਦੀ ਪੁੜਪੜੀ ’ਤੇ ਪਸਤੌਲ ਰੱਖ ਦਿਤੀ ਜਿਸ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ। ਦੂਜੇ ਪਾਸੇ ਇਕਬਾਲ ਸਿੰਘ ਵਿਰਕ ਨੂੰ ਧਮਕੀਆਂ ਭਰੇ ਸੁਨੇਹੇ ਮਿਲ ਰਹੇ ਸਨ ਜੋ ਉਸ ਨੇ ਰਣਜੀਤ ਸਿੰਘ ਨਾਲ ਸਾਂਝੇ ਕੀਤੇ। ਇਕਬਾਲ ਸਿੰਘ ਵਿਰਕ ਨੂੰ ਸਜ਼ਾ ਦਾ ਐਲਾਨ ਅਗਲੇ ਸਾਲ ਮਾਰਚ ਵਿਚ ਕੀਤਾ ਜਾ ਸਕਦਾ ਹੈ। ਅਦਾਲਤ ਵਿਚ ਪੇਸ਼ ਦਸਤਾਵੇਜ਼ਾਂ ਮੁਤਾਬਕ ਰਾਯਨ ਵੈਡਿੰਗ ਇਸ ਵੇਲੇ ਮੈਕਸੀਕੋ ਵਿਚ ਲੁਕਿਆ ਹੋ ਸਕਦਾ ਹੈ ਜੋ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ 10 ਪ੍ਰਮੁੱਖ ਭਗੌੜਿਆਂ ਦੀ ਸੂਚੀ ਵਿਚ ਸ਼ਾਮਲ ਹੈ ਅਤੇ ਕੈਨੇਡਾ ਵਿਚ ਕੋਕੀਨ ਦਾ ਇਕੋ ਇਕ ਦਰਾਮਦਕਾਰ ਮੰਨਿਆ ਜਾ ਰਿਹਾ ਹੈ।
ਰਣਜੀਤ ਸਿੰਘ ਨੂੰ ਪਿਛਲੇ ਮਹੀਨੇ ਕੈਲੇਫੋਰਨੀਆ ਦੀ ਅਦਾਲਤ ਨੇ ਸੁਣਾਈ ਸੀ ਸਜ਼ਾ
ਹਾਲ ਹੀ ਵਿਚ ਐਫ਼.ਬੀ.ਆਈ. ਵੱਲੋਂ ਰਾਯਨ ਵੈਡਿੰਗ ਦੇ ਵਕੀਲ ਦੀਪਕ ਬਲਵੰਤ ਪਰਾਡਕਰ ਅਤੇ ਕਰਾਈਮ ਬਲੌਗਰ ਗੁਰਸੇਵਕ ਸਿੰਘ ਬੱਲ ਸਣੇ 11 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਵਿਚੋਂ ਦੀਪਲ ਪਰਾਡਕਰ 50 ਲੱਖ ਡਾਲਰ ਦੇ ਬੌਂਡ ’ਤੇ ਜ਼ਮਾਨਤ ਹਾਸਲ ਕਰਨ ਵਿਚ ਸਫ਼ਲ ਰਿਹਾ। ਹਰਦੀਪ ਰੱਤੇ ਅਤੇ ਗੁਰਪ੍ਰੀਤ ਸਿੰਘ ਇਸ ਵੇਲੇ ਕੈਨੇਡੀਅਨ ਜੇਲ ਵਿਚ ਬੰਦ ਹਨ ਅਤੇ ਦੋਹਾਂ ਨੂੰ ਅਮਰੀਕਾ ਦੇ ਸਪੁਰਦ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਮਈ 2024 ਵਿਚ ਨਸ਼ਾ ਤਸਕਰਾਂ ਦੇ ਆਪਸੀ ਵਿਵਾਦ ਮਗਰੋਂ ਨਸ਼ਿਆਂ ਦੀ ਇਕ ਵੱਡੀ ਖੇਪ ਕੈਨੇਡਾ ਭੇਜਣ ਦੀ ਯੋਜਨਾ ਟਾਲ ਦਿਤੀ ਗਈ। ਰਾਯਨ ਵੈਡਿੰਗ ਵੱਲੋਂ ਆਪਣੇ ਇਕ ਵਿਚੋਲੇ ਰਾਹੀਂ 250 ਕਿਲੋ ਨਸ਼ਾ ਕੈਨੇਡਾ ਲਿਜਾਣ ਦੇ ਇਵਜ਼ ਵਿਚ ਸਿਰਫ਼ ਡੇਢ ਲੱਖ ਡਾਲਰ ਦੀ ਪੇਸ਼ਕਸ਼ ਕੀਤੀ ਗਈ ਜਦਕਿ ਪਹਿਲਾਂ 2 ਲੱਖ 20 ਹਜ਼ਾਰ ਡਾਲਰ ਦਾ ਸੌਦਾ ਹੋਇਆ ਸੀ। ਟ੍ਰਾਂਸਪੋਰਟ ਨੈਟਵਰਕ ਦੇ ਕਥਿਤ ਸਰਗਰਣੇ ਗੁਰਪ੍ਰੀਤ ਸਿੰਘ ਨੇ ਨਸ਼ਿਆਂ ਦੀ ਖੇਪ ਲਿਜਾਣ ਤੋਂ ਨਾਂਹ ਕਰ ਦਿਤੀ। ਚੇਤੇ ਰਹੇ ਕਿ ਨਸ਼ਾ ਤਸਕਰਾਂ ਦੇ ਇਸੇ ਗਿਰੋਹ ਵੱਲੋਂ ਕਥਿਤ ਤੌਰ ’ਤੇ ਕੈਲੇਡਨ ਵਿਚ ਗੁਰਸਿੱਖ ਜੋੜੇ ਦਾ ਕਤਲ ਕਰਵਾਇਆ ਗਿਆ ਜਿਸ ਨੂੰ ਬਾਅਦ ਵਿਚ ਪਛਾਣ ਦਾ ਭੁਲੇਖਾ ਦੱਸ ਕੇ ਪੱਲਾ ਝਾੜ ਦਿਤਾ ਗਿਆ।


