America : ਬਜ਼ੁਰਗਾਂ ਦੇ ਨਰਸਿੰਗ ਹੋਮ ’ਚ ਵੱਡਾ ਧਮਾਕਾ, 2 ਹਲਾਕ, 20 ਜ਼ਖਮੀ
ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ ਬਜ਼ੁਰਗਾਂ ਦੀ ਸੰਭਾਲ ਵਾਲਾ ਇਕ ਨਰਸਿੰਗ ਹੋਮ ਧਮਾਕੇ ਨਾਲ ਦਹਿਲ ਗਿਆ ਅਤੇ ਘੱਟੋ ਘੱਟ 2 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ

By : Upjit Singh
ਬ੍ਰਿਸਟਲ : ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ ਬਜ਼ੁਰਗਾਂ ਦੀ ਸੰਭਾਲ ਵਾਲਾ ਇਕ ਨਰਸਿੰਗ ਹੋਮ ਧਮਾਕੇ ਨਾਲ ਦਹਿਲ ਗਿਆ ਅਤੇ ਘੱਟੋ ਘੱਟ 2 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ ਜਦਕਿ 20 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਪੰਜ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਬ੍ਰਿਸਟਲ ਪੁਲਿਸ ਵੱਲੋਂ ਮੰਗਲਵਾਰ ਦੇਰ ਰਾਤ ਮਰਨ ਵਾਲਿਆਂ ਦੀ ਗਿਣਤੀ ਤਿੰਨ ਦੱਸੀ ਗਈ ਪਰ ਕੁਝ ਦੇਰ ਬਾਅਦ ਸਪੱਸ਼ਟੀਕਰਨ ਪੇਸ਼ ਕਰਦਿਆਂ ਕਿਹਾ ਕਿ ਮ੍ਰਿਤਕ ਸਮਝੇ ਇਕ ਬਜ਼ੁਰਗ ਦੇ ਸਾਹ ਮੁੜ ਚੱਲਣ ਲੱਗੇ ਜਿਸ ਦੀ ਹਾਲਤ ਫ਼ਿਲਹਾਲ ਸਥਿਰ ਬਣੀ ਹੋਈ ਹੈ। ਮੁਢਲੇ ਤੌਰ ’ਤੇ ਧਮਾਕੇ ਦਾ ਕਾਰਨ ਗੈਸ ਲੀਕ ਮੰਨਿਆ ਜਾ ਰਿਹਾ ਹੈ ਕਿ ਇਸ ਬਾਰੇ ਤਸਦੀਕ ਨਹੀਂ ਕੀਤੀ ਗਈ।
ਪੈਨਸਿਲਵੇਨੀਆ ਸੂਬੇ ਦੇ ਬ੍ਰਿਸਟਲ ਸ਼ਹਿਰ ਵਿਚ ਵਾਪਰੀ ਘਟਨਾ
ਬ੍ਰਿਸਟਲ ਦੇ ਸਿਲਵਰ ਲੇਕ ਨਰਸਿੰਗ ਹੋਮ ਵਿਚ 174 ਮੰਜਿਆਂ ਦਾ ਪ੍ਰਬੰਧ ਹੈ ਅਤੇ ਆਮ ਤੌਰ ’ਤੇ ਇਥੇ 150 ਬਜ਼ੁਰਗ ਹੁੰਦੇ ਹਨ ਜਿਨ੍ਹਾਂ ਦੀ ਉਮਰ 95 ਸਾਲ ਤੱਕ ਹੈ। ਪੈਨਸਿਲਵੇਨੀਆ ਹੈਲਥ ਡਿਪਾਰਟਮੈਂਟ ਵੱਲੋਂ ਨਰਸਿੰਗ ਹੋਮ ਦੀ ਘੋਖ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਲਾਈਫ਼ ਸੇਫ਼ਟੀ ਕੋਡ ਨਾਲ ਸਬੰਧਤ ਕਈ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਮੀਡੀਆ ਰਿਪੋਰਟਾਂ ਮੁਤਾਬਕ ਗੈਸ ਦੀ ਦੁਰਗੰਧ ਆਉਣ ’ਤੇ ਐਮਰਜੰਸੀ ਕਾਮਿਆਂ ਨੂੰ ਸੱਦਿਆ ਗਿਆ ਅਤੇ ਉਨ੍ਹਾਂ ਦੇ ਪੁੱਜਣ ਤੋਂ ਕੁਝ ਪਲ ਬਾਅਦ ਧਮਾਕਾ ਹੋ ਗਿਆ। ਐਮਰਜੰਸੀ ਕਾਮਿਆਂ ਵੱਲੋਂ ਗੈਸ ਅਤੇ ਬਿਜਲੀ ਦੀ ਸਪਲਾਈ ਬੰਦ ਕਰ ਦਿਤੀ ਗਈ ਅਤੇ ਨਰਸਿੰਗ ਹੋਮ ਦੇ ਆਲੇ ਦੁਆਲੇ ਮੌਜੂਦ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਗਿਆ।
ਜ਼ਖਮੀਆਂ ਨੂੰ ਪੰਜ ਵੱਖ ਵੱਖ ਹਸਪਤਾਲਾਂ ਵਿਚ ਕਰਵਾਇਆ ਭਰਤੀ
ਧਮਾਕੇ ਕਾਰਨ ਨਰਸਿੰਗ ਹੋਮ ਦੀ ਇਮਾਰਤ ਦਾ ਇਕ ਹਿੱਸਾ ਢਹਿ-ਢੇਰੀ ਹੋ ਗਿਆ ਅਤੇ ਬਜ਼ੁਰਗਾਂ ਦਾ ਪਰਵਾਰਾਂ ਨਾਲ ਮਿਲਾਪ ਕਰਵਾਉਣ ਲਈ ਟਰੂਮੈਨ ਹਾਈ ਸਕੂਲ ਵਿਚ ਕੈਂਪ ਸਥਾਪਤ ਕੀਤਾ ਗਿਆ ਹੈ। ਪੈਨਸਿਲਵੇਨੀਆ ਦੇ ਗਵਰਨਰ ਜੌਸ਼ ਸ਼ਪੀਰੋ ਵੱਲੋਂ ਫਾਇਰ ਫਾਈਟਰਜ਼ ਅਤੇ ਹੋਰਨਾਂ ਐਮਰਜੰਸੀ ਕਾਮਿਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਇਮਾਰਤ ਵਿਚ ਫਸੇ ਬਜ਼ੁਰਗਾਂ ਨੂੰ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਦਸੰਬਰ ਦੇ ਸ਼ੁਰੂ ਵਿਚ ਨਵੇਂ ਮਾਲਕ ਨੇ ਸਿਲਵਰ ਲੇਕ ਨਰਸਿੰਗ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲਿਆ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ 10 ਦਸੰਬਰ ਨੂੰ ਇਮਾਰਤ ਦਾ ਦੌਰਾ ਕੀਤਾ ਗਿਆ। ਫ਼ਿਲਾਡੈਲਫ਼ੀਆ ਤੋਂ 20 ਮੀਲ ਉਤਰ-ਪੂਰਬ ਵੱਲ ਸਥਿਤ ਬ੍ਰਿਸਟਲ ਸ਼ਹਿਰ ਦੇ ਲੋਕਾਂ ਨੂੰ ਹੱਲਾਸ਼ੇਰੀ ਦਿੰਦਿਆਂ ਗਵਰਨਰ ਨੇ ਕਿਹਾ ਕਿ ਉਹ ਜਲਦ ਮੁਲਾਕਾਤ ਕਰਨ ਪੁੱਜ ਰਹੇ ਹਨ।


