ਅਮਰੀਕਾ : ਸੜਕ ’ਤੇ ਜਾਂਦੀਆਂ ਗੱਡੀਆਂ ਉਤੇ ਡਿੱਗੀ ਅਸਮਾਨੀ ਬਿਜਲੀ
ਅਮਰੀਕਾ ਵਿਚ ਕੁਦਰਤ ਨੇ ਮੁੜ ਕਹਿਰ ਢਾਹ ਦਿਤਾ ਜਦੋਂ ਹਾਈਵੇਅ ’ਤੇ ਜਾਂਦੇ ਟਰੱਕਾਂ ਅਤੇ ਗੱਡੀਆਂ ਉਤੇ ਅਸਮਾਨੀ ਬਿਜਲੀ ਡਿੱਗੀ ਅਤੇ ਹਰ ਪਾਸੇ ਅੱਗ ਦੀਆਂ ਲਾਟਾਂ ਨਜ਼ਰ ਆਈਆਂ।

By : Upjit Singh
ਚਾਰਲਸਟਨ : ਅਮਰੀਕਾ ਵਿਚ ਕੁਦਰਤ ਨੇ ਮੁੜ ਕਹਿਰ ਢਾਹ ਦਿਤਾ ਜਦੋਂ ਹਾਈਵੇਅ ’ਤੇ ਜਾਂਦੇ ਟਰੱਕਾਂ ਅਤੇ ਗੱਡੀਆਂ ਉਤੇ ਅਸਮਾਨੀ ਬਿਜਲੀ ਡਿੱਗੀ ਅਤੇ ਹਰ ਪਾਸੇ ਅੱਗ ਦੀਆਂ ਲਾਟਾਂ ਨਜ਼ਰ ਆਈਆਂ। ਸਾਊਥ ਕੈਰੋਲਾਈਨਾ ਸੂਬੇ ਦੇ ਚਾਰਲਸਟਨ ਸ਼ਹਿਰ ਨੇੜੇ ਹਾਈਵੇਅ 17 ’ਤੇ ਵਾਪਰੀ ਘਟਨਾ ਇਕ ਡੈਸ਼ਕੈਮ ਵਿਚ ਕੈਦ ਹੋ ਗਈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਤੇਜ਼ ਹਵਾਵਾਂ ਅਤੇ ਮੀਂਹ ਦੌਰਾਨ ਅਸਮਾਨੀ ਬਿਜਲੀ ਡਿਗਦੀ ਹੈ ਅਤੇ ਸੜਕ ਦੇ ਇਕ ਪਾਸੇ ਲੱਗੇ ਟ੍ਰਾਂਸਫਾਰਮਰ ਵਿਚ ਧਮਾਕਾ ਹੋ ਜਾਂਦਾ ਹੈ। ਇਸੇ ਦੌਰਾਨ ਓਵਰਲੋਡ ਹੋਈਆਂ ਬਿਜਲੀ ਦੀਆਂ ਤਾਰਾਂ ਨੂੰ ਵੀ ਅੱਗ ਲੱਗ ਜਾਂਦੀ ਹੈ ਅਤੇ ਨੀਲੇ ਰੰਗ ਦੇ ਧਮਾਕੇ ਨਜ਼ਰ ਆਉਂਦੇ ਹਨ।
ਸਾਊਥ ਕੈਰੋਲਾਈਨਾ ਦੇ ਹਾਈਵੇਅ 17 ’ਤੇ ਹੌਲਨਾਕ ਘਟਨਾ
ਹੌਲਨਾਕ ਘਟਨਾ ਨੂੰ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਕੁਝ ਪਲਾਂ ਵਾਸਤੇ ਸਵੇਰ ਦਾ ਸਮਾਂ ਹਨੇਰੀ ਰਾਤ ਵਿਚ ਤਬਦੀਲ ਹੋ ਗਿਆ ਅਤੇ ਸੰਘਣਾ ਧੂੰਆਂ ਉਠਦਾ ਨਜ਼ਰ ਆਇਆ। ਟ੍ਰੈਫਿਕ ਲਾਈਟਸ ਨੇ ਕੰਮ ਕਰਨਾ ਬੰਦ ਕਰ ਦਿਤਾ ਅਤੇ ਤਿੰਨ ਘੰਟੇ ਤੱਕ ਇਨ੍ਹਾਂ ਨੂੰ ਠੀਕ ਨਾ ਕੀਤਾ ਜਾ ਸਕਿਆ। ਮਾਊਂਟ ਪਲੈਜ਼ੈਂਟ ਪੁਲਿਸ ਨੇ ਦੱਸਿਆ ਕਿ ਸੋਮਵਾਰ ਸਵੇਰੇ ਹੈਰਾਨਕੁੰਨ ਹਾਲਾਤ ਵੇਖਣ ਨੂੰ ਮਿਲੇ। ਹਾਈਵੇਅ ਤੋਂ ਲੰਘ ਰਹੇ ਲੋਕਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਅਜਿਹੀ ਘਟਨਾ ਵਾਪਰ ਸਕਦੀ ਹੈ। ਪੁਲਿਸ ਮੁਤਾਬਕ ਅਸਮਾਨੀ ਬਿਜਲੀ ਡਿੱਗਣ ਕਰ ਕੇ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਟ੍ਰੈਫਿਕ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ। ਘਟਨਾ ਮਗਰੋਂ ਡੌਮੀਨੀਅਨ ਐਨਰਜੀ ਦੇ ਮੁਲਾਜ਼ਮ ਹਰਕਤ ਵਿਚ ਆ ਗਏ ਅਤੇ ਬਿਜਲੀ ਸਪਲਾਈ ਬਹਾਲ ਕਰਨ ਦੇ ਯਤਨ ਆਰੰਭ ਦਿਤੇ। ਖੁਸ਼ਕਿਸਮਤੀ ਨਾਲ ਬਿਜਲੀ ਡਿੱਗਣ ਦੀ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ।
ਹਨੇਰੀ ਰਾਤ ਵਿਚ ਤਬਦੀਲ ਹੋ ਗਿਆ ਸਵੇਰ ਦਾ ਸਮਾਂ
ਉਧਰ ਮੌਸਮ ਵਿਭਾਗ ਨੇ ਦੱਸਿਆ ਕਿ ਸਮੁੰਦਰੀ ਤੂਫਾਨ ਐਰਿਨ ਹੋਂਦ ਵਿਚ ਆ ਚੁੱਕਾ ਹੈ ਅਤੇ ਜਲਦ ਹੀ 2025 ਦੇ ਪਹਿਲੇ ਤੂਫਾਨ ਵਜੋਂ ਦਸਤਕ ਦੇ ਸਕਦਾ ਹੈ। ਫਿਲਹਾਲ ਇਹ ਤੂਫਾਨ ਕੈਰੇਬੀਅਨ ਮੁਲਕਾਂ ਤੋਂ 430 ਮੀਲ ਦੂਰ ਉੱਤਰ-ਪੱਛਮ ਵੱਲ ਹੈ ਅਤੇ ਤੀਬਰ ਹੋਣ ਦੀ ਸੂਰਤ ਵਿਚ ਖਤਰਨਾਕ ਸਾਬਤ ਹੋ ਸਕਦਾ ਹੈ। ਮਿਆਮੀ ਸਥਿਤ ਨੈਸ਼ਨਲ ਹਰੀਕੇਨ ਸੈਂਟਰ ਵੱਲੋਂ ਸੋਮਵਾਰ ਬਾਅਦ ਦੁਪਹਿਰ ਤੱਕ ਸਮੁੰਦਰ ਤੂਫਾਨ ਬਾਰੇ ਕੋਈ ਚਿਤਾਵਨੀ ਜਾਰੀ ਨਹੀਂ ਸੀ ਕੀਤੀ ਗਈ ਅਤੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਮਰੀਕਾ ਦੀ ਧਰਤੀ ਦੇ ਨੇੜੇ ਪੁੱਜਣ ’ਤੇ ਲੋਕਾਂ ਨੂੰ ਸੁਚੇਤ ਕੀਤਾ ਜਾਵੇਗਾ। ਸਮੁੰਦਰੀ ਤੂਫਾਨ ਐਰਿਨ ਦੇ ਪੱਛਮ ਵੱਲ ਵਧਣ ਦੀ ਰਫ਼ਤਾਰ 20 ਮੀਲ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ ਅਤੇ ਅਮਰੀਕਾ ਦੀ ਧਰਤੀ ਤੱਕ ਪੁੱਜਣ ਤੋਂ ਪਹਿਲਾਂ ਇਸ ਦੇ ਕਮਜ਼ੋਰ ਹੋਣ ਤੋਂ ਇਨਕਾਰ ਵੀ ਨਹੀਂ ਕੀਤਾ ਗਿਆ। ਸਮੁੰਦਰੀ ਤੂਫਾਨ ਤੀਬਰ ਰੂਪ ਵਿਚ ਆਉਂਦਾ ਹੈ ਤਾਂ ਨੌਰਥ ਕੈਰੋਲਾਈਨ ਦੇ ਕੁਝ ਇਲਾਕਿਆਂ ਸਣੇ ਨਿਊ ਯਾਰਕ ਦਾ ਲੌਂਗ ਆਇਲੈਂਡ ਇਲਾਕਾ ਸਭ ਤੋਂ ਵੱਧ ਪ੍ਰਭਾਵਤ ਹੋ ਸਕਦੇ ਹਨ।


