America : ਇੰਮੀਗ੍ਰੇਸ਼ਨ ਅਫ਼ਸਰਾਂ ਤੇ immigrants ’ਚ ਗਹਿਗੱਚ ਲੜਾਈ
ਅਮਰੀਕਾ ਵਿਚ ਇੰਮੀਗ੍ਰੇਸ਼ਨ ਵਾਲਿਆਂ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਵਿਚਾਲੇ ਦੁਸ਼ਮਣੀ ਦੀ ਅੱਗ ਹੋਰ ਭੜਕ ਉਠੀ ਜਦੋਂ ਛਾਪਾ ਮਾਰਨ ਪੁੱਜੇ ਆਈਸ ਦੇ ਅਫ਼ਸਰਾਂ ਨੇ ਹਮਲਾ ਹੋਣ ਦਾ ਦੋਸ਼ ਲਾਉਂਦਿਆਂ ਗੋਲੀਆਂ ਚਲਾ ਦਿਤੀਆਂ

By : Upjit Singh
ਮਿਨੀਆਪੌਲਿਸ : ਅਮਰੀਕਾ ਵਿਚ ਇੰਮੀਗ੍ਰੇਸ਼ਨ ਵਾਲਿਆਂ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਵਿਚਾਲੇ ਦੁਸ਼ਮਣੀ ਦੀ ਅੱਗ ਹੋਰ ਭੜਕ ਉਠੀ ਜਦੋਂ ਛਾਪਾ ਮਾਰਨ ਪੁੱਜੇ ਆਈਸ ਦੇ ਅਫ਼ਸਰਾਂ ਨੇ ਹਮਲਾ ਹੋਣ ਦਾ ਦੋਸ਼ ਲਾਉਂਦਿਆਂ ਗੋਲੀਆਂ ਚਲਾ ਦਿਤੀਆਂ। ਮਿਨੇਸੋਟਾ ਸੂਬੇ ਦੀ ਰਾਜਧਾਨੀ ਵਿਚ ਬੁੱਧਵਾਰ ਦੇਰ ਰਾਤ ਤੱਕ ਹੰਝੂ ਗੈਸ ਦੇ ਗੋਲੇ ਚਲਦੇ ਨਜ਼ਰ ਆਏ ਅਤੇ ਖਾਨਾਜੰਗੀ ਵਰਗੇ ਮਾਹੌਲ ਲਈ ਮਿਨੀਆਪੌਲਿਸ ਦੇ ਮੇਅਰ ਨੇ ਆਈਸ ਏਜੰਟਾਂ ਨੂੰ ਜ਼ਿੰਮੇਵਾਰ ਠਹਿਰਾਇਆ। ਮੇਅਰ ਜੈਕਬ ਫਰੇਅ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਘਰੋ-ਘਰੀ ਜਾਣ ਦੀ ਅਪੀਲ ਕੀਤੀ ਗਈ ਪਰ ਅੰਤਮ ਰਿਪੋਰਟ ਮਿਲਣ ਤੱਕ ਮਿਨੀਆਪੌਲਿਸ ਦੀਆਂ ਸੜਕਾਂ ’ਤੇ ਹਿੰਸਾ ਜਾਰੀ ਸੀ। ਉਧਰ, ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਦੋਸ਼ ਲਾਇਆ ਕਿ ਤਿੰਨ ਗੈਰਕਾਨੂੰਨੀ ਪ੍ਰਵਾਸੀਆਂ ਨੇ ਉਨ੍ਹਾਂ ’ਤੇ ਹਮਲਾ ਕੀਤਾ ਜਿਸ ਮਗਰੋਂ ਗੋਲੀ ਚਲਾਉਣੀ ਪਈ।
ਮਿਨੇਸੋਟਾ ਸੂਬੇ ਦੀ ਰਾਜਧਾਨੀ ਵਿਚ ਮੁੜ ਚੱਲੀਆਂ ਗੋਲੀਆਂ
ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਤਰਜਮਾਨ ਟ੍ਰਿਸ਼ੀਆ ਮੈਕਲਾਫ਼ਲਿਨ ਨੇ ਦਲੀਲ ਦਿਤੀ ਕਿ ਆਈਸ ਏਜੰਟ ਨੇ ਆਪਣੀ ਜਾਨ ਖਤਰੇ ਵਿਚ ਮਹਿਸੂਸ ਕਰਦਿਆਂ ਗੋਲੀ ਚਲਾ ਦਿਤੀ ਜੋ ਗੈਰਕਾਨੂੰਨੀ ਪ੍ਰਵਾਸੀ ਦੀ ਲੱਤ ਵਿਚ ਵੱਜੀ। ਇਕ ਐਂਬੁਲੈਂਸ ਨੂੰ ਇਲਾਕੇ ਵਿਚੋਂ ਜਾਂਦਿਆਂ ਦੇਖਿਆ ਗਿਆ ਅਤੇ ਭੀੜ ਹੋਰ ਵਧਦੀ ਦੇਖ ਸਥਾਨਕ ਪੁਲਿਸ, ਇੰਮੀਗ੍ਰੇਸ਼ਨ ਵਾਲਿਆਂ ਦੀ ਮਦਦ ਵਾਸਤੇ ਪੁੱਜ ਗਈ। ਮੀਡੀਆ ਰਿਪੋਰਟਾਂ ਮੁਤਾਬਕ ਝਗੜੇ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਸ਼ਾਮ 7 ਵਜੇ ਇੰਮੀਗ੍ਰੇਸ਼ਨ ਵਾਲਿਆਂ ਨੇ ਨਾਕਾ ਲਾ ਲਿਆ ਅਤੇ ਗੱਡੀਆਂ ਵਿਚ ਜਾ ਰਹੇ ਲੋਕਾਂ ਦਾ ਇੰਮੀਗ੍ਰੇਸ਼ਨ ਸਟੇਟਸ ਚੈੱਕ ਕਰਨ ਲੱਗੇ। ਇਕ ਗੱਡੀ ਵਿਚ ਸਵਾਰ ਗੈਰਕਾਨੂੰਨੀ ਪ੍ਰਵਾਸੀ ਨੂੰ ਰੋਕਿਆ ਗਿਆ ਤਾਂ ਉਸ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਗੱਡੀ ਭਜਾਉਣ ਦਾ ਯਤਨ ਕੀਤਾ ਪਰ ਦੂਜੀ ਗੱਡੀ ਨਾਲ ਟੱਕਰ ਹੋ ਗਈ ਅਤੇ ਉਹ ਪੈਦਲ ਹੀ ਮੌਕੇ ਤੋਂ ਫ਼ਰਾਰ ਹੋ ਗਿਆ। ਆਈਸ ਦੇ ਅਫ਼ਸਰ ਵੀ ਉਸ ਦੇ ਪਿੱਛੇ ਦੌੜੇ ਅਤੇ ਧਰਤੀ ’ਤੇ ਸੁੱਟ ਲਿਆ ਪਰ ਇਸੇ ਦੌਰਾਨ ਦੋ ਜਣੇ ਗੈਰਕਾਨੂੰਨੀ ਪ੍ਰਵਾਸੀ ਦੀ ਮਦਦ ਕਰਨ ਪੁੱਜੇ ਅਤੇ ਬਰਫ਼ ਹਟਾਉਣ ਵਾਲੇ ਸ਼ੌਵਲ ਨਾਲ ਹਮਲਾ ਕਰ ਦਿਤਾ।
ਗੈਰਕਾਨੂੰਨੀ ਪ੍ਰਵਾਸੀ ਜ਼ਖਮੀ, ਆਈਸ ਨੇ ਲਾਏ ਹਮਲਾ ਕਰਨ ਦੇ ਦੋਸ਼
ਇਸ ਰੌਲੇ-ਗੌਲੇ ਦੌਰਾਨ ਗੈਰਕਾਨੂੰਨੀ ਪ੍ਰਵਾਸੀ ਨੇ ਅਫ਼ਸਰ ਉਤੇ ਵਾਰ ਕਰਨੇ ਸ਼ੁਰੂ ਕਰ ਦਿਤੇ ਅਤੇ ਸਵੈ ਰੱਖਿਆ ਦੌਰਾਨ ਆਈਸ ਏਜੰਟ ਨੇ ਗੋਲੀ ਚਲਾ ਦਿਤੀ। ਦੱਸ ਦੇਈਏ ਕਿ ਮਿਨੀਆਪੌਲਿਸ ਦੀਆਂ ਸੜਕਾਂ ’ਤੇ 2 ਹਜ਼ਾਰ ਤੋਂ ਵੱਧ ਆਈਸ ਏਜੰਟ ਗਸ਼ਤ ਕਰ ਰਹੇ ਹਨ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜ-ਫੜ ਕੇ ਡਿਪੋਰਟ ਕੀਤਾ ਜਾ ਰਿਹਾ ਹੈ। ਪਿਛਲੇ ਪੰਜ ਦਿਨ ਦੌਰਾਨ ਘੱਟੋ ਘੱਟ 60 ਵਿਖਾਵਾਕਾਰੀਆਂ ਵਿਰੁਧ ਆਈਸ ਏਜੰਟਾਂ ’ਤੇ ਹਮਲਾ ਕਰਨ ਦੇ ਦੋਸ਼ ਆਇਦ ਹੋ ਚੁੱਕੇ ਹਨ। ਇਸੇ ਸ਼ਹਿਰ ਵਿਚ ਤਿੰਨ ਬੱਚਿਆਂ ਦੀ ਮਾਂ ਰੈਨੀ ਨਿਕੋਲ ਗੁੱਡ ਨੂੰ ਗੋਲੀ ਮਾਰ ਕੇ ਹਲਾਕ ਕੀਤਾ ਗਿਆ ਜੋ ਛਾਪਿਆਂ ਦਾ ਵਿਰੋਧ ਕਰ ਰਹੀ ਸੀ। ਉਧਰ ਮਿਨੀਆਪੌਲਿਸ ਦੇ ਮੇਅਰ ਜੈਕਬ ਫਰੇਅ ਨੇ ਮੁਜ਼ਾਹਰਾਕਾਰੀਆਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਤੁਹਾਡੇ ਵਿਖਾਵਿਆਂ ਨਾਲ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮਦਦ ਨਹੀਂ ਮਿਲਣੀ ਪਰ ਮੇਅਰ ਦੀਆਂ ਅਪੀਲਾਂ ਨੂੰ ਦਰਕਿਨਾਰ ਕਰਦਿਆਂ ਵਿਖਾਵਾਕਾਰੀ, ਆਈਸ ਏਜੰਟਾਂ ’ਤੇ ਬਰਫ਼ ਦੇ ਗੋਲੇ ਸੁੱਟਦੇ ਨਜ਼ਰ ਆਏ ਅਤੇ ਇੰਮੀਗ੍ਰੇਸ਼ਨ ਵਾਲਿਆਂ ਨੂੰ ਨਿਸ਼ਾਨਾ ਬਣਾ ਕੇ ਪਟਾਕੇ ਵੀ ਚਲਾਏ ਜਾ ਰਹੇ ਸਨ।


