ਅਮਰੀਕਾ : ਸਿਰਫਿਰੇ ਭਾਰਤੀ ਨੇ ਮਾਮੇ ਦੇ ਭੁਲੇਖੇ ਮਾਰਿਆ ਅਕਸ਼ੇ ਗੁਪਤਾ
ਅਮਰੀਕਾ ਵਿਚ ਇਕ ਸਿਰਫਿਰੇ ਭਾਰਤੀ ਨੇ ਆਪਣੇ ਮਾਮੇ ਦੇ ਭੁਲੇਖੇ 30 ਸਾਲ ਦੇ ਅਕਸ਼ੇ ਗੁਪਤਾ ਦਾ ਕਤਲ ਕਰ ਦਿਤਾ।

By : Upjit Singh
ਔਸਟਿਨ : ਅਮਰੀਕਾ ਵਿਚ ਇਕ ਸਿਰਫਿਰੇ ਭਾਰਤੀ ਨੇ ਆਪਣੇ ਮਾਮੇ ਦੇ ਭੁਲੇਖੇ 30 ਸਾਲ ਦੇ ਅਕਸ਼ੇ ਗੁਪਤਾ ਦਾ ਕਤਲ ਕਰ ਦਿਤਾ। ਟੈਕਸਸ ਸੂਬੇ ਦੇ ਔਸਟਿਨ ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਵਾਰਦਾਤ ਬਾਰਟਨ ਸਪ੍ਰਿੰਗਜ਼ ਰੋਡ ਨੇੜੇ ਸਾਊਥ ਲਮਾਰ ਬੁਲੇਵਾਰਡ ਦੀ 500 ਬਲਾਕ ਵਿਚ ਵਾਪਰੀ। ਅਕਸ਼ੇ ਗੁਪਤਾ ਕੈਪ ਮੈਟਰੋ ਬੱਸ ਵਿਚ ਸਫ਼ਰ ਕਰ ਰਿਹਾ ਸੀ ਜਦੋਂ 31 ਸਾਲ ਦੇ ਦੀਪਕ ਕੰਦੇਲ ਨੇ ਬਗੈਰ ਕਿਸੇ ਭੜਕਾਹਟ ਤੋਂ ਉਸ ਦੀ ਗਰਦਨ ਵਿਚ ਛੁਰਾ ਮਾਰ ਦਿਤਾ ਅਤੇ ਇਕ ਬੱਸ ਸਟੌਪ ’ਤੇ ਉਤਰ ਕੇ ਫਰਾਰ ਹੋ ਗਿਆ। ਮੌਕੇ ’ਤੇ ਪੈਰਾਮੈਡਿਕਸ ਨੇ ਅਕਸ਼ੇ ਗੁਪਤਾ ਨੂੰ ਹਸਪਤਾਲ ਲਿਜਾਣ ਦਾ ਯਤਨ ਕੀਤਾ ਪਰ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਉਧਰ ਔਸਟਿਨ ਪੁਲਿਸ ਨੇ ਕੁਝ ਦੇਰ ਬਾਅਦ ਦੀਪਕ ਦੀ ਪੈੜ ਨੱਪ ਲਈ ਅਤੇ ਪੁੱਛ ਪੜਤਾਲ ਦੌਰਾਨ ਉਸ ਨੇ ਅਕਸ਼ੇ ਗੁਪਤਾ ਦਾ ਕਤਲ ਕਬੂਲ ਕਰ ਲਿਆ।
ਬੱਸ ਵਿਚ ਸ਼ਰ੍ਹੇਆਮ ਹੋਏ ਕਤਲ ਨੇ ਲੋਕਾਂ ਵਿਚ ਪੈਦਾ ਕੀਤਾ ਖੌਫ਼
ਦੀਪਕ ਨੇ ਦੱਸਿਆ ਕਿ ਉਸ ਨੇ ਆਪਣੇ ਇਕ ਰਿਸ਼ਤੇਦਾਰ ਦੇ ਭੁਲੇਖੇ ਅਕਸ਼ੇ ਗੁਪਤਾ ਦੀ ਹੱਤਿਆ ਕਰ ਦਿਤਾ। ਔਸਟਿਨ ਪੁਲਿਸ ਨੇ ਦੀਪਕ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦਾ ਦੋਸ਼ ਲਾਉਂਦਿਆਂ ਟ੍ਰੈਵਿਸ ਕਾਊਂਟੀ ਜੇਲ ਭੇਜ ਦਿਤਾ। ਦੂਜੇ ਪਾਸੇ ਚਲਦੀ ਬੱਸ ਵਿਚ ਹੋਈ ਛੁਰੇਬਾਜ਼ੀ ਮਗਰੋਂ ਲੋਕ ਸਹਿਮ ਗਏ ਅਤੇ ਆਪਣੀ ਜਾਨ ਬਚਾ ਕੇ ਸੁਰੱਖਿਅਤ ਇਲਾਕੇ ਵੱਲ ਦੌੜੇ। ਦੀਪਕ ਕੰਦੇਲ ਖੂਨ ਨਾਲ ਲਿਬੜਿਆ ਛੁਰਾ ਲੈ ਕੇ ਸੜਕ ਤੋਂ ਲੰਘ ਰਿਹਾ ਸੀ ਤਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿਤੀਆਂ ਪਰ ਇਸੇ ਦੌਰਾਨ ਦੀਪਕ ਇਕ ਦੁਕਾਨ ਵਿਚ ਦਾਖਲ ਹੋਇਆ ਅਤੇ ਦੁਕਾਨਦਾਰ ਨੂੰ 911 ’ਤੇ ਫੋਨ ਕਰਨ ਵਾਸਤੇ ਆਖਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਐਂਥਨੀ ਵੈਜ਼ਕੁਏਜ਼ ਨੇ ਦੱਸਿਆ ਕਿ ਕਾਤਲ ਨੂੰ ਸਾਹਮਣੇ ਦੇਖ ਕੇ ਉਸ ਦੀਆਂ ਲੱਤਾਂ ਕੰਬਣ ਲੱਗੀਆਂ। ਵੈਜ਼ਕੁਏਜ਼ ਮੁਤਾਬਕ ਉਸ ਨੇ ਆਪਣੇ 10 ਸਾਲ ਦੇ ਕੰਮਕਾਜੀ ਤਜਰਬੇ ਦੌਰਾਨ ਸੜਕ ਕਈ ਲੜਾਈਆਂ ਦੇਖੀਆਂ, ਹਾਦਸੇ ਦੇਖੇ ਪਰ ਅਜਿਹੀ ਵਾਰਦਾਤ ਕਦੇ ਵੀ ਸਾਹਮਣੇ ਨਹੀਂ ਆਈ।
ਟੈਕਸਸ ਸੂਬੇ ਦੇ ਔਸਟਿਨ ਸ਼ਹਿਰ ਵਿਚ ਵਾਪਰੀ ਵਾਰਦਾਤ
ਬੱਸ ਵਿਚ ਸਵਾਰ ਲੋਕਾਂ ’ਤੇ ਕੀ ਬੀਤੀ ਹੋਵੇਗੀ ਜਦੋਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਇਕ ਸ਼ਖਸ ਨੂੰ ਛੁਰੇ ਮਾਰ ਕੇ ਕਤਲ ਕਰ ਦਿਤਾ ਗਿਆ। ਕੈਪ ਮੈਟਰੋ ਨੇ ਵਾਰਦਾਤ ਮਗਰੋਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁਸਾਫ਼ਰਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ ਪਰ ਆਵਾਜਾਈ ਦੇ ਹੋਰਨਾਂ ਸਾਧਨਾਂ ਵਾਂਗ ਬੱਸ ਵਿਚ ਚੜ੍ਹਨ ਤੋਂ ਪਹਿਲਾਂ ਕਿਸੇ ਮੁਸਾਫ਼ਰ ਦੀ ਕੋਈ ਸਕ੍ਰੀਨਿੰਗ ਨਹੀਂ ਕੀਤੀ ਜਾਂਦੀ ਜਿਸ ਦੇ ਮੱਦੇਨਜ਼ਰ ਭਾਈਚਾਰੇ ਦੀ ਮਦਦ ਨਾਲ ਹੀ ਅਜਿਹੀਆਂ ਸਮੱਸਿਆਵਾਂ ਦਾ ਟਾਕਰਾ ਕੀਤਾ ਜਾ ਸਕਦਾ ਹੈ। ਕੈਪ ਮੈਟਰੋ ਦੇ ਮੁੱਖ ਕਾਰਜਕਾਰੀ ਅਫ਼ਸਰ ਡੌਟੀ ਵਾਟਕਿਨ ਨੇ ਅਕਸ਼ੇ ਗੁਪਤਾ ਦੇ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਹੌਲਨਾਕ ਵਾਰਦਾਤ ਨਾਲ ਸਮੁੱਚੀ ਕਮਿਊਨਿਟੀ ਨੂੰ ਵੱਡਾ ਝਟਕਾ ਲੱਗਾ ਹੈ।


