ਅਮਰੀਕਾ : 52 ਟ੍ਰਾਂਸਪੋਰਟ ਕੰਪਨੀਆਂ ਬੰਦ, ਸੈਂਕੜੇ ਡਰਾਈਵਰ ਵਿਹਲੇ
ਟਰੰਪ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਜਾ ਰਹੀ ਸਖ਼ਤੀ ਨੂੰ ਵੇਖਦਿਆਂ 52 ਟ੍ਰਾਂਸਪੋਰਟ ਕੰਪਨੀਆਂ ਨੇ ਆਪਣਾ ਕਾਰੋਬਾਰ ਸਮੇਟਣ ਦਾ ਐਲਾਨ ਕਰ ਦਿਤਾ ਹੈ

By : Upjit Singh
ਸਿਐਟਲ : ਟਰੰਪ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਜਾ ਰਹੀ ਸਖ਼ਤੀ ਨੂੰ ਵੇਖਦਿਆਂ 52 ਟ੍ਰਾਂਸਪੋਰਟ ਕੰਪਨੀਆਂ ਨੇ ਆਪਣਾ ਕਾਰੋਬਾਰ ਸਮੇਟਣ ਦਾ ਐਲਾਨ ਕਰ ਦਿਤਾ ਹੈ ਅਤੇ ਸੈਂਕੜੇ ਡਰਾਈਵਰ ਵਿਹਲੇ ਹੋ ਚੁੱਕੇ ਹਨ। ਮਿਸਾਲ ਵਜੋਂ ਵਾਸ਼ਿੰਗਟਨ ਸੂਬੇ ਦੇ ਪਿਊਐਲਪ ਸ਼ਹਿਰ ਨਾਲ ਸਬੰਧਤ ਐਲਡਰ ਲੌਜਿਸਟਿਕਸ ਵੱਲੋਂ 24 ਅਕਤੂਬਰ ਨੂੰ ਦਰਵਾਜ਼ੇ ਬੰਦ ਕਰ ਦਿਤੇ ਗਏ। ਸਾਲ 2010 ਵਿਚ 2 ਟਰੱਕਾਂ ਨਾਲ ਸ਼ੁਰੂ ਹੋਈ ਟ੍ਰਾਂਸਪੋਰਟ ਕੰਪਨੀ ਦਾ ਕਾਫ਼ਲਾ ਕਿਸੇ ਵੇਲੇ 145 ਤੱਕ ਪੁੱਜ ਗਿਆ ਅਤੇ ਇਸ ਵੇਲੇ 52 ਟਰੱਕ ਕੰਪਨੀ ਦੇ ਬੈਨਰ ਹੇਠ ਚੱਲ ਰਹੇ ਸਨ। ਕੰਪਨੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਟ੍ਰਾਂਸਪੋਰਟ ਸੈਕਟਰ ਵਿਚ ਪਹਿਲਾਂ ਹੀ ਹਾਲਾਤ ਸੁਖਾਵੇਂ ਨਹੀਂ ਸਨ ਪਰ ਮੌਜੂਦਾ ਸਮੇਂ ਵਿਚ ਅੱਗੇ ਵਧਣਾ ਬੇਹੱਦ ਮੁਸ਼ਕਲ ਹੋ ਗਿਆ।
ਟਰੰਪ ਦੇ ਛਾਪਿਆਂ ਮਗਰੋਂ ਪੰਜਾਬੀਆਂ ’ਤੇ ਦੂਹਰੀ ਮਾਰ
ਦੂਜੇ ਪਾਸੇ ਇਲੀਨੌਇ ਦੀ ਇਕ ਟ੍ਰਕਿੰਗ ਕੰਪਨੀ ਦੇ ਮਾਲਕ ਨੇ ਕਿਹਾ ਹੈ ਕਿ ਪ੍ਰਵਾਸੀ ਡਰਾਈਵਰਾਂ ਦਾ ਠੱਗ ਟ੍ਰਾਂਸਪੋਰਟ ਕੰਪਨੀਆਂ ਵੱਲੋਂ ਵੱਡੇ ਪੱਧਰ ’ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਰੌਕਫ਼ਰਡ ਦੀ ਮੇਅਬੌਰਗ ਬ੍ਰਦਰ ਟ੍ਰਕਿੰਗ ਦੇ ਮਾਲਕ ਜ਼ੈਕ ਮੇਅਬੌਰਗ ਨੇ ਦੱਸਿਆ ਕਿ ਹਾਲ ਹੀ ਵਿਚ ਹਰਜਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨਾਲ ਵਾਪਰੇ ਹੌਲਨਾਕ ਹਾਦਸਿਆਂ ਲਈ ਅਸਲ ਵਿਚ ਠੱਗੀ ਠੋਰੀ ਕਰਨ ਵਾਲੇ ਟ੍ਰਾਂਸਪੋਰਟਰ ਜ਼ਿੰਮੇਵਾਰ ਹਨ ਜੋ ਇਲੈਕਟ੍ਰਾਨਿਕ ਲੌਗ ਬੁੱਕ ਨਾਲ ਛੇੜਛਾੜ ਕਰਨ ਤੋਂ ਵੀ ਨਹੀਂ ਟਲਦੇ ਅਤੇ ਹੋਰਨਾਂ ਫੈਡਰਲ ਕਾਨੂੰਨਾਂ ਦੀਆਂ ਧੱਜੀਆਂ ਉਡਾਉਣੀਆਂ ਆਮ ਗੱਲ ਹੈ। ਮੇਅਬੌਰਗ ਨੇ ਤਫ਼ਸੀਲ ਵਿਚ ਜਾਂਦਿਆਂ ਦੱਸਿਆ ਕਿ ਅਜਿਹੀਆਂ ਟ੍ਰਾਂਸਪੋਰਟ ਕੰਪਨੀਆਂ ਵੱਲੋਂ ਅਕਸਰ ਹੀ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲੇ ਡਰਾਈਵਰ ਭਰਤੀ ਕੀਤੇ ਜਾਂਦੇ ਹਨ ਜਿਨ੍ਹਾਂ ਰਾਹੀਂ ਮਨਮਾਨੀਆਂ ਕੀਤੀਆਂ ਜਾ ਸਕਣ। ਇਨ੍ਹਾਂ ਕੰਪਨੀਆਂ ਦੇ ਮਾਲਕ ਭਾਰਤ, ਪਾਕਿਸਤਾਨ ਜਾਂ ਸਰਬੀਆ ਵਰਗੇ ਮੁਲਕਾਂ ਨਾਲ ਸਬੰਧਤ ਹੁੰਦੇ ਹਨ।
ਠੱਗ ਟ੍ਰਾਂਸਪੋਰਟਰਾਂ ’ਤੇ ਲੱਗੇ ਜਾਨਲੇਵਾ ਹਾਦਸਿਆਂ ਦੇ ਦੋਸ਼
ਮੇਅਬੌਰਗ ਨੇ ਦਾਅਵਾ ਕੀਤਾ ਕਿ ਈ-ਲੌਗ ਪ੍ਰੋਵਾਈਡਰਜ਼ ਦੀ ਗਿਣਤੀ 200 ਤੋਂ ਉਤੇ ਹੈ ਅਤੇ ਇਨ੍ਹਾਂ ਵਿਚੋਂ ਤਕਰੀਬਨ ਅੱਧੇ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਹਨ। ਉਹ ਡਰਾਈਵਰਾਂ ਦੇ ਕੰਮਕਾਜੀ ਘੰਟਿਆਂ ਦਾ ਰਿਕਾਰਡ ਖ਼ਤਮ ਕਰਦਿਆਂ ਨਵੇਂ ਸਿਰੇ ਤੋਂ 11 ਘੰਟੇ ਟਰੱਕ ਚਲਾਉਣ ਦਾ ਪ੍ਰਬੰਧ ਕਰ ਦਿੰਦੇ ਹਨ। ਇਨ੍ਹਾਂ ਠੱਗਾਂ ਕਰ ਕੇ ਹੀ ਚੰਗੀਆਂ ਟ੍ਰਾਂਸਪੋਰਟ ਕੰਪਨੀਆਂ ਘਾਟੇ ਵਿਚ ਜਾਣ ਮਗਰੋਂ ਬੰਦ ਕਰਨ ਦੀ ਨੌਬਤ ਆਉਂਦੀ ਹੈ। ਮੇਅਬੌਰਗ ਦਾ ਕਹਿਣਾ ਸੀ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਜ਼ਿਆਦਾਤਰ ਡਰਾਈਵਰ ਗਰੀਬ ਮੁਲਕਾਂ ਨਾਲ ਸਬੰਧਤ ਹੁੰਦੇ ਹਨ ਜਿਥੇ ਸਾਲਾਨਾ ਕਮਾਈ 5 ਹਜ਼ਾਰ ਡਾਲਰ ਹੁੰਦੀ ਹੈ ਅਤੇ ਠੱਗ ਟ੍ਰਾਂਸਪੋਰਟਰ ਉਨ੍ਹਾਂ ਨੂੰ 30 ਹਜ਼ਾਰ ਡਾਲਰ ਦਾ ਲਾਲਚ ਦੇ ਕੇ ਭਰਮਾਉਣ ਵਿਚ ਸਫ਼ਲ ਹੋ ਜਾਂਦੇ ਹਨ। ਅਮਰੀਕਾ ਦੇ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਕੁਝ ਈ-ਲੌਗ ਪ੍ਰੋਵਾਈਡਰਜ਼ ਨੂੰ ਹਟਾ ਦਿਤਾ ਗਿਆ ਹੈ ਪਰ ਹੁਣ ਵੀ 100 ਤੋਂ ਵੱਧ ਮੌਜੂਦ ਹਨ।


