ਕਰੈਸ਼ ਮਗਰੋਂ ਦੂਜੀ ਵਾਰ ਰੱਦ ਹੋਈ ਅਹਿਮਦਾਬਾਦ-ਗੈਟਵਿਕ ਫਲਾਈਟ
ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਏ.ਆਈ. 159 ਨੂੰ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿਤਾ ਗਿਆ ਅਤੇ ਮੁਸਾਫ਼ਰਾਂ ਨੂੰ ਇਸ ਬਾਰੇ ਦੋ ਘੰਟੇ ਬਾਅਦ ਪਤਾ ਲੱਗਾ।

By : Upjit Singh
ਅਹਿਮਦਾਬਾਦ : ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਏ.ਆਈ. 159 ਨੂੰ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿਤਾ ਗਿਆ ਅਤੇ ਮੁਸਾਫ਼ਰਾਂ ਨੂੰ ਇਸ ਬਾਰੇ ਦੋ ਘੰਟੇ ਬਾਅਦ ਪਤਾ ਲੱਗਾ। ਮੁਸਾਫ਼ਰਾਂ ਨੇ ਸ਼ਿਕਾਇਤ ਭਰੇ ਲਹਿਜ਼ੇ ਵਿਚ ਕਿਹਾ ਕਿ ਫਲਾਈਟ 159 ਨੇ ਯੂ.ਕੇ. ਦੇ ਗੈਟਵਿਕ ਹਵਾਈ ਅੱਡੇ ’ਤੇ ਜਾਣਾ ਸੀ ਪਰ ਲੰਮਾ ਸਮਾਂ ਖੱਜਲ ਖੁਆਰ ਕਰਨ ਮਗਰੋਂ ਫਲਾਈਟ ਰੱਦ ਕਰਨ ਦੀ ਇਤਲਾਹ ਆ ਗਈ। ਏਅਰਲਾਈਨ ਵੱਲੋਂ ਕਿਰਾਏ ਦੀ ਵਾਪਸੀ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿਤੀ ਗਈ। ਦੂਜੇ ਪਾਸੇ ਅਮਰੀਕਾ ਤੋਂ ਭਾਰਤ ਆ ਰਹੇ ਏਅਰ ਇੰਡੀਆ ਦੇ ਇਕ ਜਹਾਜ਼ ਵਿਚ ਤਕਨੀਕੀ ਖਰਾਬੀ ਪੈਦਾ ਹੋਣ ਮਗਰੋਂ ਮੁਸਾਫ਼ਰਾਂ ਨੂੰ ਕੋਲਕਾਤਾ ਹਵਾਈ ਅੱਡੇ ’ਤੇ ਜਹਾਜ਼ ਤੋਂ ਉਤਾਰ ਦਿਤਾ ਗਿਆ।
ਏਅਰ ਇੰਡੀਆ ਦੇ ਜਹਾਜ਼ਾਂ ਵਿਚ ਚੜ੍ਹਨ ਤੋਂ ਡਰਨ ਲੱਗੇ ਲੋਕ
ਸੈਨ ਫਰਾਂਸਿਸਕੋ ਤੋਂ ਰਵਾਨਾ ਹੋਈ ਫਲਾਈਟ ਏ.ਆਈ. 180 ਮੰਗਲਵਾਰ ਵੱਡੇ ਤੜਕੇ ਕੋਲਕਾਤਾ ਹਵਾਈ ਅੱਡੇ ’ਤੇ ਲੈਂਡ ਹੋਈ ਅਤੇ ਤਕਰੀਬਨ ਸਵਾ ਘੰਟੇ ਬਾਅਦ ਮੁੰਬਈ ਰਵਾਨਾ ਹੋਣਾ ਸੀ ਪਰ ਇਸੇ ਦੌਰਾਨ ਜਹਾਜ਼ ਦੇ ਖੱਬੇ ਇੰਜਣ ਵਿਚ ਤਕਨੀਕੀ ਨੁਕਸ ਸਾਹਮਣੇ ਆ ਗਿਆ। ਹਵਾਈ ਜਹਾਜ਼ ਦੇ ਕੈਪਟਨ ਨੇ ਮੁਸਾਫ਼ਰਾਂ ਨੂੰ ਦੱਸਿਆ ਕਿ ਸਭਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਫ਼ਿਲਹਾਲ ਫਲਾਈਟ ਟੇਕਔਫ਼ ਨਹੀਂ ਕਰ ਸਕੇਗੀ। ਕੋਲਕਾਤਾ ਹਵਾਈ ਅੱਡੇ ਤੋਂ ਸਾਹਮਣੇ ਆਈਆਂ ਕੁਝ ਤਸਵੀਰਾਂ ਵਿਚ ਏਅਰ ਇੰਡੀਆ ਦੇ ਜਹਾਜ਼ ਦਾ ਮੁਆਇਨਾ ਕਰਦੇ ਮੁਲਾਜ਼ਮ ਨਜ਼ਰ ਆ ਰਹੇ ਸਨ। ਏਅਰ ਇੰਡੀਆ ਦੇ ਹਵਾਈ ਜਹਾਜ਼ਾਂ ਨਾਲ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਵੇਖਦਿਆਂ ਮੁਸਾਫ਼ਰਾਂ ਵਿਚ ਡਰ ਦਾ ਮਾਹੌਲ ਹੈ। ਸੋਮਵਾਰ ਸਵੇਰੇ ਹੌਂਗਕੌਂਗ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਤਕਨੀਕੀ ਸਮੱਸਿਆ ਦੇ ਚਲਦਿਆਂ ਵਾਪਸ ਲਿਜਾਣਾ ਪਿਆ ਜਦਕਿ ਇਸ ਤੋਂ ਪਹਿਲਾਂ ਅਹਿਮਦਾਬਾਦ ਵਿਖੇ ਏਅਰ ਇੰਡੀਆ ਦਾ ਹਵਾਈ ਜਹਾਜ਼ ਕਰੈਸ਼ ਹੋਣ ਕਾਰਨ 272 ਜਣੇ ਮਾਰੇ ਗਏ ਸਨ। ਇਸ ਤੋਂ ਇਲਾਵਾ ਦਿੱਲੀ ਤੋਂ ਰਾਂਚੀ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਇਕ ਫਲਾਈਟ ਨੂੰ ਸ਼ੱਕੀ ਤਕਨੀਕੀ ਸਮੱਸਿਆ ਕਰ ਕੇ ਟੇਕਔਫ਼ ਕਰਨ ਤੋਂ ਤੁਰਤ ਬਾਅਦ ਦਿੱਲੀ ਡਾਇਵਰਟ ਕਰ ਦਿਤਾ ਗਿਆ।


