ਫਰਾਂਸ ਚੋਣਾਂ ਦੇ ਨਤੀਜਿਆਂ ਮਗਰੋਂ ਕਈ ਸ਼ਹਿਰਾਂ ਵਿਚ ਸਾੜ-ਫੂਕ
ਫਰਾਂਸ ਦੇ ਸ਼ਹਿਰਾਂ ਵਿਚ ਮੁੜ ਸਾੜ-ਫੂਕ ਸ਼ੁਰੂ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ ਜਿਥੇ ਆਮ ਚੋਣਾਂ ਦੇ ਪਹਿਲੇ ਗੇੜ ਵਿਚ ਸੱਜੇ ਪੱਖੀ ਨੈਸ਼ਨਲ ਰੈਲੀ ਪਾਰਟੀ ਅੱਗੇ ਚੱਲ ਰਹੀ ਹੈ।
By : Upjit Singh
ਪੈਰਿਸ : ਫਰਾਂਸ ਦੇ ਸ਼ਹਿਰਾਂ ਵਿਚ ਮੁੜ ਸਾੜ-ਫੂਕ ਸ਼ੁਰੂ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ ਜਿਥੇ ਆਮ ਚੋਣਾਂ ਦੇ ਪਹਿਲੇ ਗੇੜ ਵਿਚ ਸੱਜੇ ਪੱਖੀ ਨੈਸ਼ਨਲ ਰੈਲੀ ਪਾਰਟੀ ਅੱਗੇ ਚੱਲ ਰਹੀ ਹੈ। ਰਾਸ਼ਟਰਪਤੀ ਇਮੈਨੁਅਲ ਮੈਕ੍ਰੌਂਅ ਦਾ ਬਿਸਤਰਾ ਗੋਲ ਹੁੰਦਾ ਨਜ਼ਰ ਆ ਰਿਹਾ ਹੈ ਜਿਨ੍ਹਾਂ ਵੱਲੋਂ ਤੈਅ ਸਮੇਂ ਤੋਂ ਪਹਿਲਾਂ ਅਚਨਚੇਤ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ। ਮੈਕ੍ਰੌਂਅ ਦੀ ਅਗਵਾਈ ਵਾਲੇ ਗਠਜੋੜ ਤੀਜੇ ਸਥਾਨ ’ਤੇ ਚੱਲ ਰਿਹਾ ਹੈ। ‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਗਰਮਖਿਆਲ ਧੜੇ ਦੇ ਮੈਂਬਰਾਂ ਵੱਲੋਂ ਚੋਣ ਨਤੀਜਿਆਂ ਦਾ ਵਿਰੋਧ ਕਰਦਿਆਂ ਸੜਕਾਂ ’ਤੇ ਰੋਸ ਵਿਖਾਵੇ ਆਰੰਭ ਦਿਤੇ ਗਏ। ਮੁਢਲੇ ਰੁਝਾਨਾਂ ਮੁਤਾਬਕ ਕੱਟੜਪੰਥੀ ਨੈਸ਼ਨਲ ਰੈਲੀ ਪਾਰਟੀ ਨੂੰ 34 ਫੀ ਸਦੀ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ ਜਦਕਿ ਖੱਬੇ ਪੱਖੀ ਨਿਊ ਪਾਪੂਲਰ ਫਰੰਟ ਅਲਾਇੰਸ 29 ਫੀ ਸਦੀ ਦੇ ਅੰਕੜੇ ਨਾਲ ਦੂਜੇ ਸਥਾਨ ’ਤੇ ਚੱਲ ਰਿਹਾ ਹੈ।
ਦੂਜੀ ਆਲਮੀ ਜੰਗ ਮਗਰੋਂ ਪਹਿਲੀ ਵਾਰ ਸੱਜੇ ਪੱਖੀ ਪਾਰਟੀ ਦੀ ਸਰਕਾਰ ਬਣੇਗੀ
ਰਾਸ਼ਟਰਪਤੀ ਇਮੈਨੁਅਲ ਮੈਕ੍ਰੌਂਅ ਦੀ ਅਗਵਾਈ ਵਾਲਾ ਧੜਾ 22 ਫੀ ਸਦੀ ਵੋਟਾਂ ਦੀ ਸੰਭਾਵਨਾ ਨਾਲ ਤੀਜੇ ਸਥਾਨ ’ਤੇ ਮੰਨਿਆ ਜਾ ਰਿਹਾ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਮਹਿੰਗਾਈ ਦੇ ਅਸਮਾਨ ਚੜ੍ਹਨ ਅਤੇ ਹੋਰ ਆਰਥਿਕ ਚਿੰਤਾਵਾਂ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਫਰਾਂਸਿਸੀ ਲੋਕਾਂ ਦਾ ਇਮੈਨੁਅਲ ਮੈਕ੍ਰੌਂਅ ਤੋਂ ਮੋਹ ਭੰਗ ਹੋ ਗਿਆ। ਨੈਸ਼ਨਲ ਰੈਲੀ ਪਾਰਟੀ ਨੇ ਸੋਸ਼ਲ ਮੀਡੀਆ ਰਾਹੀਂ ਧੜੱਲੇਦਾਰ ਪ੍ਰਚਾਰ ਕਰਦਿਆਂ ਇਸ ਗੁੱਸੇ ਦਾ ਫਾਇਦਾ ਉਠਾਇਆ ਅਤੇ ਹੁਣ ਜਿੱਤ ਦਾ ਰਾਹ ਪੱਧਰਾ ਹੁੰਦਾ ਮਹਿਸੂਸ ਹੋ ਰਿਹਾ ਹੈ। ਚੋਣ ਨਤੀਜਿਆਂ ਕਾਰਨ ਨਾਜ਼ੁਕ ਹਾਲਾਤ ਅਜਿਹੇ ਸਮੇਂ ਪੈਦਾ ਹੋਏ ਹਨ ਜਦੋਂ 25 ਦਿਨ ਬਾਅਦ ਪੈਰਿਸ ਓਲੰਪਿਕਸ ਦਾ ਉਦਘਾਟਨ ਹੋਣਾ ਹੈ। ਕੌਮੀ ਰਾਜਧਾਨੀ ਵਿਚ ਪਹਿਲਾਂ ਹੀ ਭੀੜ ਬੇਕਾਬੂ ਹੋ ਚੁੱਕੀ ਹੈ ਅਤੇ ਕਈ ਥਾਵਾਂ ’ਤੇ ਅਗਜ਼ਨੀ ਦੀਆਂ ਵਾਰਦਾਤਾਂ ਹੋਣ ਦੀ ਰਿਪੋਰਟ ਹੈ। ਰਾਤ ਵੇਲੇ ਸੜਕਾਂ ’ਤੇ ਸੈਰ ਕਰਨ ਦੀਆਂ ਸ਼ੌਕੀਨ ਕੁੜੀਆਂ ਨੂੰ ਹਥਿਆਰਬੰਦ ਪੁਲਿਸ ਨੇ ਬਚਾਇਆ ਜਦਕਿ ਕਈ ਥਾਈਂ ਲੱਗੀ ਅੱਗ ਬੁਝਾਉਣ ਲਈ ਫਾਇਰ ਫਾਈਟਰ ਸੰਘਰਸ਼ ਕਰਦੇ ਦੇਖੇ ਗਏ।
ਰਾਸ਼ਟਰਪਤੀ ਮੈਕ੍ਰੌਂਅ ਦੀ ਅਗਵਾਈ ਵਾਲੀ ਗਠਜੋੜ ਤੀਜੇ ਸਥਾਨ ’ਤੇ ਪੱਛੜਿਆ
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਕੌਮੀ ਪੱਧਰ ’ਤੇ 67.5 ਫੀ ਸਦੀ ਲੋਕਾਂ ਨੇ ਵੋਟ ਪਾਈ ਜੋ 1981 ਤੋਂ ਬਾਅਦ ਸਭ ਤੋਂ ਉਚਾ ਅੰਕੜਾ ਬਣਦਾ ਹੈ। 2022 ਵਿਚ ਹੋਈਆਂ ਚੋਣਾਂ ਦੌਰਾਨ ਸਿਰਫ 47.5 ਫੀ ਸਦੀ ਵੋਟਾਂ ਪਈਆਂ ਅਤੇ ਇਮੈਨੁਅਲ ਮੈਕ੍ਰੌਂਅ ਮੁੜ ਸੱਤਾ ਵਿਚ ਪਰਤੇ। ਮੁਢਲੇ ਗੇੜ ਵਿਚ ਅੱਗੇ ਹੋਣ ਦੇ ਬਾਵਜੂਦ ਮੈਰੀਨ ਲਾ ਪੈਨ ਦੀ ਪਾਰਟੀ ਨੂੰ ਮੁਕੰਮਲ ਬਹੁਮਤ ਹਾਸਲ ਹੋਣ ਬਾਰੇ ਯਕੀਨੀ ਤੌਰ ’ਤੇ ਕੁਝ ਵੀ ਕਹਿਣਾ ਮੁਸ਼ਕਲ ਹੈ। ਵੋਟਾਂ ਦੇ ਦੂਜਾ ਗੇੜ 7 ਜੁਲਾਈ ਨੂੰ ਹੋਵੇਗਾ ਅਤੇ ਦੂਜੀ ਆਲਮੀ ਜੰਗ ਮਗਰੋਂ ਪਹਿਲੀ ਵਾਰ ਫਰਾਂਸ ਵਿਚ ਸੱਜੇ ਪੱਖੀ ਧਿਰ ਸੱਤਾ ’ਤੇ ਕਾਬਜ਼ ਹੋ ਸਕਦੀ ਹੈ। ਆਰ.ਐਨ. ਪਾਰਟੀ ਦੇ ਮੁਖੀ ਜੌਰਡਨ ਬਾਰਡੈਲਾ ਸਪੱਸ਼ਟ ਲਫ਼ਜ਼ਾਂ ਵਿਚ ਆਖ ਚੁੱਕੇ ਹਨ ਕਿ ਬਹੁਮਤ ਮਿਲਣ ਦੀ ਸੂਰਤ ਵਿਚ ਹੀ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਵੇਗੀ। ਚੋਣਾਂ ਨਤੀਜਿਆਂ ਦੇ ਬਾਵਜੂਦ ਇਮੈਨੁਅਲ ਮੈਕ੍ਰੌਂਅ 2027 ਵਿਚ ਆਪਣਾ ਕਾਰਜਕਾਲ ਖਤਮ ਹੋਣ ਤੱਕ ਰਾਸ਼ਟਰਪਤੀ ਬਣੇ ਰਹਿਣਗੇ। ਫਰਾਂਸ ਦੇ ਮੌਜੂਦਾ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਨੇ ਕਿਹਾ ਹੈ ਕਿ ਸੱਜੇ ਪੱਖੀ ਧੜਾ ਸੱਤਾ ਦੇ ਬਿਲਕੁਲ ਨੇੜੇ ਪੁੱਜ ਚੁੱਕਾ ਹੈ। ਇਸੇ ਦੌਰਾਨ ਲਾ ਪੈਨ ਨੇ ਕਿਹਾ ਕਿ ਲੋਕਤੰਤਰ ਵਿਚ ਸਿਆਸੀ ਤਬਦੀਲੀ ਤੋਂ ਚੰਗੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਸੱਤਾ ਵਿਚ ਆਉਣ ’ਤੇ ਫਰਾਂਸ ਦੇ ਕਿਸੇ ਵਸਨੀਕ ਨੂੰ ਆਪਣੇ ਹੱਕ ਗੁਆਣੇ ਨਹੀਂ ਪੈਣਗੇ।