Begin typing your search above and press return to search.

ਅਮਰੀਕਾ ਵਿਚ ਅਮੀਰ ਭਾਰਤੀ ਪਰਵਾਰ ਦੀ ਮੌਤ ਦੇ ਮਾਮਲੇ ’ਚ ਆਇਆ ਨਵਾਂ ਮੋੜ

ਅਮਰੀਕਾ ਵਿਚ ਅਮੀਰ ਭਾਰਤੀ ਪਰਵਾਰ ਦੀ ਮੌਤ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਜੀ ਹਾਂ, ਰਾਕੇਸ਼ ਕਮਲ, ਉਸ ਦੀ ਪਤਨੀ ਟੀਨਾ ਅਤੇ ਬੇਟੀ ਐਰੀਆਨਾ ਦੀ ਮੌਤ ਨੂੰ ਭਾਵੇਂ ਕਤਲ ਮਗਰੋਂ ਖੁਦਕੁਸ਼ੀ ਮੰਨਿਆ ਗਿਆ

ਅਮਰੀਕਾ ਵਿਚ ਅਮੀਰ ਭਾਰਤੀ ਪਰਵਾਰ ਦੀ ਮੌਤ ਦੇ ਮਾਮਲੇ ’ਚ ਆਇਆ ਨਵਾਂ ਮੋੜ
X

Upjit SinghBy : Upjit Singh

  |  11 July 2024 5:25 PM IST

  • whatsapp
  • Telegram

ਬੋਸਟਨ : ਅਮਰੀਕਾ ਵਿਚ ਅਮੀਰ ਭਾਰਤੀ ਪਰਵਾਰ ਦੀ ਮੌਤ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਜੀ ਹਾਂ, ਰਾਕੇਸ਼ ਕਮਲ, ਉਸ ਦੀ ਪਤਨੀ ਟੀਨਾ ਅਤੇ ਬੇਟੀ ਐਰੀਆਨਾ ਦੀ ਮੌਤ ਨੂੰ ਭਾਵੇਂ ਕਤਲ ਮਗਰੋਂ ਖੁਦਕੁਸ਼ੀ ਮੰਨਿਆ ਗਿਆ ਪਰ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਰਾਕੇਸ਼ ਕਮਲ ਵੱਲੋਂ ਆਪਣੇ ਭਰਾ ਮਨੋਜ ਕਮਲ ਨੂੰ ਲਾਈਫ ਇੰਸ਼ੋਰੈਂਸ ਦਾ ਲਾਭਪਾਤਰੀ ਬਣਾਏ ਜਾਣ ਦਾ ਕਦਮ ਕਿਸੇ ਨੂੰ ਸਮਝ ਨਹੀਂ ਆ ਰਿਹਾ। ‘ਬੋਸਟਨ ਗਲੋਬ’ ਦੀ ਰਿਪੋਰਟ ਮੁਤਾਬਕ 57 ਸਾਲ ਦੇ ਰਾਕੇਸ਼ ਕਮਲ ਦੀ ਪਤਨੀ ਦੇ ਨਾਂ ’ਤੇ 12 ਲੱਖ 50 ਹਜ਼ਾਰ ਡਾਲਰ ਦਾ ਜੀਵਨ ਬੀਮਾ ਸੀ ਅਤੇ ਵਾਰਦਾਤ ਤੋਂ ਚਾਰ ਦਿਨ ਪਹਿਲਾਂ ਇਸ ਦੇ ਲਾਭਪਾਤਰੀਆਂ ਵਿਚ ਮਨੋਜ ਕਮਲ ਦਾ ਨਾਂ ਸ਼ਾਮਲ ਹੋਇਆ। ਵਰਜੀਨੀਆ ਸਥਿਤ ਜੈਨਰੋਥ ਇੰਸ਼ੋਰੈਂਸ ਕੰਪਨੀ ਨੂੰ ਟੀਨਾ ਦੇ ਦਸਤਖਤ ਵਾਲਾ ਫੈਕਸ ਮਿਲਿਆ ਜਿਸ ਵਿਚ ਮਨੋਜ ਕਮਲ ਨਾਂ ਸ਼ਾਮਲ ਕਰਨ ਦੀ ਗੁਜ਼ਾਰਿਸ਼ ਕੀਤੀ ਗਈ। ਸਮੱਸਿਆ ਉਸ ਵੇਲੇ ਪੈਦਾ ਹੋਈ ਜਦੋਂ ਮਨੋਜ ਕਮਲ ਵੱਲੋਂ ਬੀਮਾ ਕੰਪਨੀ ਕੋਲ ਰਕਮ ਦਾ ਦਾਅਵਾ ਪੇਸ਼ ਕੀਤਾ ਗਿਆ ਪਰ ਟੀਨਾ ਦੇ ਭਰਾ ਸੰਦੀਪ ਬੇਦੀ ਨੇ ਬੀਮਾ ਕੰਪਨੀ ਨੂੰ ਚਿੱਠੀ ਲਿਖ ਕੇ ਚਿੰਤਾ ਜ਼ਾਹਰ ਕੀਤੀ।

ਵਾਰਦਾਤ ਤੋਂ ਚਾਰ ਦਿਨ ਪਹਿਲਾਂ ਜੀਵਨ ਬੀਮੇ ਵਿਚ ਹੋਈ ਸੀ ਵੱਡੀ ਤਬਦੀਲੀ

ਸੰਦੀਪ ਬੇਦੀ ਦੀ ਐਂਟਰੀ ਮਗਰੋਂ ਬੀਮਾ ਕੰਪਨੀ ਅਦਾਲਤ ਪੁੱਜ ਗਈ ਅਤੇ ਹੁਣ ਮਨੋਜ ਕਮਲ ਤੇ ਸੰਦੀਪ ਬੇਦੀ ਨੂੰ ਆਪਸੀ ਸਮਝੌਤਾ ਕਰਨ ਵਾਸਤੇ 2 ਅਗਸਤ ਤੱਕ ਦਾ ਸਮਾਂ ਮਿਲਿਆ ਹੈ। ਜੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਅਦਾਲਤੀ ਮੁਕੱਦਮਾ ਸ਼ੁਰੂ ਹੋਵੇਗਾ ਜਿਸ ਨਾਲ ਕਈ ਗੁੱਝੇ ਭੇਤ ਸਾਹਮਣੇ ਆ ਸਕਦੇ ਹਨ। ਸੰਦੀਪ ਬੇਦੀ ਦਾ ਕਹਿਣਾ ਹੈ ਕਿ ਉਸ ਨੇ ਰਾਕੇਸ਼ ਕਮਲ 5 ਲੱਖ ਡਾਲਰ ਉਧਾਰ ਦਿਤੇ ਸਨ ਅਤੇ ਰਾਕੇਸ਼ ਨੇ ਇਹ ਗੱਲ ਟੀਨਾ ਕੋਲ ਨਾ ਕਰਨ ਦੀ ਗੁਜ਼ਾਰਿਸ਼ ਕੀਤੀ ਸੀ। ਸੰਦੀਪ ਮੁਤਾਬਕ ਟੀਨਾ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਉਸ ਦਾ ਪਤੀ ਗੰਭੀਰ ਆਰਥਿਕ ਮੁਸ਼ਕਲਾਂ ਵਿਚ ਘਿਰਿਆ ਹੋਇਆ ਹੈ। ਇਥੇ ਦਸਣਾ ਬਣਦਾ ਹੈ ਕਿ ਰਾਕੇਸ਼ ਕਮਲ ਨੇ 2019 ਵਿਚ ਕਰਜ਼ਾ ਚੁੱਕ ਕੇ 40 ਲੱਖ ਡਾਲਰ ਦਾ ਆਲੀਸ਼ਾਨ ਬੰਗਲਾ ਖਰੀਦਿਆ ਅਤੇ ਵਾਰਦਾਤ ਤੋਂ ਤਿੰਨ ਹਫਤੇ ਪਹਿਲਾਂ ਕਰਜ਼ਾ ਵਸੂਲੀ ਦਾ ਨੋਟਿਸ ਪੁੱਜ ਗਿਆ ਕਿਉਂਕਿ ਕਈ ਕਿਸ਼ਤਾਂ ਟੁੱਟ ਚੁੱਕੀਆਂ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 38 ਲੱਖ ਡਾਲਰ ਦਾ ਕਰਜ਼ਾ ਬੈਂਕ ਦੀ ਬਜਾਏ ਪ੍ਰੌਪਰਟੀ ਦੇ ਬਿਲਡਰ ਤੋਂ ਲਿਆ ਗਿਆ ਅਤੇ ਦੋ ਸਾਲ ਦੇ ਅੰਦਰ ਸਾਰੀ ਰਕਮ ਵਾਪਸ ਕਰਨੀ ਸੀ।

ਰਾਕੇਸ਼ ਦਾ ਭਰਾ ਮਨੋਜ ਅਤੇ ਟੀਨਾ ਦਾ ਭਰਾ ਸੰਦੀਪ ਬੇਦੀ ਹੋਏ ਆਹਮੋ-ਸਾਹਮਣੇ

2021 ਤੱਕ ਵਿਆਜ ਅਤੇ ਜੁਰਮਾਨੇ ਦੀ ਰਕਮ ਬੇਕਾਬੂ ਹੋ ਗਈ ਅਤੇ ਆਖਰਕਾਰ ਫੋਰਕਲੋਜ਼ਰ ਨੋਟਿਸ ਜਾਰੀ ਕਰ ਦਿਤੇ ਗਏ। ਸੰਦੀਪ ਬੇਦੀ ਦਾ ਕਹਿਣਾ ਹੈ ਕਿ ਇਹ ਕੋਈ ਵੱਡੀ ਸਮੱਸਿਆ ਨਹੀਂ ਸੀ ਅਤੇ ਇਸ ਨੂੰ ਸੁਲਝਾਇਆ ਜਾ ਸਕਦਾ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਰਾਕੇਸ਼ ਕਮਲ ਨੇ ਆਪਣੀ ਪਤਨੀ ਅਤੇ ਬੇਟੀ ਨੂੰ ਉਸ ਵੇਲੇ ਗੋਲੀ ਮਾਰੀ ਜਦੋਂ ਉਹ ਸੌਂ ਰਹੀਆਂ ਸਨ ਪਰ ਸੰਦੀਪ ਬੇਦੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਰਾਕੇਸ਼ ਕਮਲ ਅਤੇ ਟੀਨਾ ਝੀਲ ਦੇ ਐਨ ਕਿਨਾਰੇ ਬਣਿਆ ਇਕ ਹੋਰ ਬੰਗਲਾ ਖਰੀਦਣ ਬਾਰੇ ਸੋਚ ਰਹੇ ਸਨ ਜਿਸ ਦੀ ਕੀਮਤ 1 ਕਰੋੜ 65 ਲੱਖ ਡਾਲਰ ਦੱਸੀ ਗਈ। ਦੂਜੇ ਪਾਸੇ ਨੌਰਫੌਕ ਜ਼ਿਲ੍ਹਾ ਅਟਾਰਨੀ ਦਫ਼ਤਰ ਦੇ ਬੁਲਾਰੇ ਡੇਵਿਡ ਟਰੌਬ ਨੇ ਕਿਹਾ ਕਿ ਪੜਤਾਲ ਦੌਰਾਨ ਇਸ ਗੱਲ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਟੀਨਾ ਆਪਣੇ ਪਤੀ ਦੀਆਂ ਵਿੱਤੀ ਸਮੱਸਿਆਵਾਂ ਬਾਰੇ ਕਿੰਨਾ ਜਾਣਦੀ ਸੀ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਪੁਲਿਸ ਮਾਮਲੇ ਨੂੰ ਹੱਤਿਆ ਮਗਰੋਂ ਖੁਦਕੁਸ਼ੀ ਦੱਸ ਰਹੀ ਹੈ ਜਦਕਿ ਸੰਦੀਪ ਬੇਦੀ ਦਾ ਦਾਅਵਾ ਨਵੇਂ ਸ਼ੱਕ ਪੈਦਾ ਕਰ ਰਿਹਾ ਹੈ।

Next Story
ਤਾਜ਼ਾ ਖਬਰਾਂ
Share it