ਫਰਾਂਸ ਵਿਚ ਓਲੰਪਿਕ ਖੇਡਾਂ ਤੋਂ ਐਨ ਪਹਿਲਾਂ ਹੋਇਆ ਵੱਡਾ ਹਮਲਾ
ਫਰਾਂਸ ਵਿਚ ਓਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਐਨ ਪਹਿਲਾਂ ਰੇਲਵੇ ਨੈਟਵਰਕ ’ਤੇ ਵੱਡਾ ਹਮਲਾ ਹੋ ਗਿਆ ਅਤੇ 8 ਲੱਖ ਲੋਕ ਰੇਲਵੇ ਸਟੇਸ਼ਨਾਂ ’ਤੇ ਫਸ ਗਏ। ਕਈ ਰੇਲਵੇ ਲਾਈਨਾਂ ਨੂੰ ਨੁਕਸਾਨ ਪਹੁੰਚਾਏ ਜਾਣ ਅਤੇ ਅਗਜ਼ਨੀ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ
By : Upjit Singh
ਪੈਰਿਸ : ਫਰਾਂਸ ਵਿਚ ਓਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਐਨ ਪਹਿਲਾਂ ਰੇਲਵੇ ਨੈਟਵਰਕ ’ਤੇ ਵੱਡਾ ਹਮਲਾ ਹੋ ਗਿਆ ਅਤੇ 8 ਲੱਖ ਲੋਕ ਰੇਲਵੇ ਸਟੇਸ਼ਨਾਂ ’ਤੇ ਫਸ ਗਏ। ਕਈ ਰੇਲਵੇ ਲਾਈਨਾਂ ਨੂੰ ਨੁਕਸਾਨ ਪਹੁੰਚਾਏ ਜਾਣ ਅਤੇ ਅਗਜ਼ਨੀ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ ਅਤੇ ਪੈਰਿਸ ਆਉਣ-ਜਾਣ ਵਾਲੀਆਂ ਜ਼ਿਆਦਾਤਰ ਟ੍ਰੇਨਜ਼ ਰੱਦ ਕਰ ਦਿਤੀਆਂ ਗਈਆਂ। ਫਰਾਂਸ ਦੀ ਸਰਕਾਰੀ ਰੇਲਵੇ ਕੰਪਨੀ ਐਸ.ਐਨ.ਸੀ.ਐਫ਼. ਵੱਲੋਂ ਮੁਸਾਫਰਾਂ ਨੂੰ ਸਟੇਸ਼ਨਾਂ ਵੱਲ ਨਾ ਜਾਣ ਦਾ ਸੁਝਾਅ ਦਿਤਾ ਗਿਆ ਹੈ।
ਰੇਲਵੇ ਨੈਟਵਰਕ ਤਬਾਹ ਕਰਨ ਦੇ ਕੀਤੇ ਯਤਨ
ਹਮਲੇ ਦੇ ਖਤਰੇ ਨੂੰ ਵੇਖਦਿਆਂ ਜਿਥੇ ਕਈ ਰੇਲਗੱਡੀਆਂ ਦਾ ਰਾਹ ਬਦਲ ਦਿਤਾ ਗਿਆ, ਉਥੇ ਹੀ ਕਈ ਡੇਢ ਘੰਟੇ ਤੱਕ ਦੇਰੀ ਨਾਲ ਚੱਲ ਰਹੀਆਂ ਸਨ। ਫਰਾਂਸ ਦੀ ਟ੍ਰਾਂਸਪੋਰਟ ਮੰਤਰੀ ਪੈਟ੍ਰਿਸ ਵਰਗਰਾਈਟੈ ਨੇ ਸੋਸ਼ਲ ਮੀਡੀਆ ਰਾਹੀਂ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਲਗਾਤਾਰ ਐਸ.ਐਨ.ਸੀ.ਐਫ਼. ਦੇ ਸੰਪਰਕ ਵਿਚ ਹਨ। ਇਸੇ ਦੌਰਾਨ ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਫਰਾਂਸ ਵਿਚ ਤਿੰਨ ਹਾਈ ਸਪੀਡ ਰੇਲਵੇ ਟਰੈਕਸ ’ਤੇ ਗੱਡੀਆਂ ਦੀ ਆਵਾਜਾਈ ਬਿਲਕੁਲ ਬੰਦ ਕਰ ਦਿਤੀ ਗਈ ਹੈ ਜਿਨ੍ਹਾਂ ਵਿਚ ਐਟਲਾਂਟਿਕ, ਨੌਰਦਨ ਅਤੇ ਈਸਟ੍ਰਨ ਲਾਈਨਾਂ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਹਮਲੇ ਦੀ ਸ਼ੁਰੂਆਤ ਆਰਸ ਸ਼ਹਿਰ ਤੋਂ ਹੋਈ ਜੋ ਪੈਰਿਸ ਤੋਂ 160 ਕਿਲੋਮੀਟਰ ਦੂਰ ਹੈ।
8 ਲੱਖ ਲੋਕ ਹੋਏ ਪ੍ਰਭਾਵਤ
ਇਸ ਮਗਰੋਂ ਕੋਰਟਲੇਨ ਸ਼ਹਿਰ ਵਿਚ ਰੇਲਵੇ ਟਰੈਕ ’ਤੇ ਹਮਲਾ ਹੋਇਆ ਅਤੇ ਇਹ ਸ਼ਹਿਰ ਪੈਰਿਸ ਤੋਂ 145 ਕਿਲੋਮੀਟਰ ਦੂਰ ਹੈ। ਐਸ.ਐਲ.ਸੀ.ਐਫ਼. ਦੇ ਮੁਖੀ ਨੇ ਕਿਹਾ ਕਿ ਸਾਡੇ ਰੇਲ ਨੈਟਵਰਕ ’ਤੇ ਹਮਲਾ ਕਰ ਕੇ ਰੇਲ ਆਵਾਜਾਈ ਠੱਪ ਕਰਨ ਦਾ ਯਤਨ ਕੀਤਾ ਗਿਆ। ਲਿਓਨ ਅਤੇ ਮੈਡੀਟੈਰੀਅਨ ਸੀਅ ਦੇ ਦੱਖਣ ਵੱਲ ਜਾਣ ਵਾਲੀ ਰੇਲਵੇ ਲਾਈਨ ’ਤੇ ਅਗਜ਼ਨੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਪੈਰਿਸ ਓਲੰਪਿਕਸ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਦੁਨੀਆਂ ਦੇ ਕੋਨੇ ਕੋਨੇ ਤੋਂ 3 ਲੱਖ ਲੋਕ ਪੁੱਜੇ ਹੋਏ ਹਨ ਅਤੇ ਰੇਲ ਸੇਵਾ ਨੂੰ ਮੁੜ ਪਹਿਲਾਂ ਵਾਲੀ ਹਾਲਤ ਵਿਚ ਲਿਆਉਣ ਵਿਚ ਦੋ ਦਿਨ ਲੱਗ ਸਕਦੇ ਹਨ। ਉਦਘਾਟਨੀ ਸਮਾਗਮ ਦੇ ਸੁਰੱਖਿਆ ਬੰਦੋਬਸਤ ਵਾਸਤੇ 45 ਹਜ਼ਾਰ ਫੌਜੀ ਤੈਨਾਤ ਕੀਤੇ ਗਏ ਹਨ ਜਦਕਿ ਵੱਖ ਵੱਖ ਖੇਡ ਕੰਪਲੈਕਸਾਂ ਵਿਚ ਸੁਰੱਖਿਆ ਬਲਾਂ ਦੇ 35 ਹਜ਼ਾਰ ਜਵਾਨ ਪਹਿਰਾ ਦੇ ਰਹੇ ਹਨ।