ਅਮਰੀਕਾ ਦੇ 7.25 ਕਰੋੜ ਲੋਕਾਂ ’ਤੇ ਮੰਡਰਾਇਆ ਖ਼ਤਰਾ
ਅਮਰੀਕਾ ਦੇ ਸਵਾ ਸੱਤ ਕਰੋੜ ਲੋਕਾਂ ਉਤੇ ਖਤਰਾ ਮੰਡਰਾਉਂਦਾ ਮਹਿਸੂਸ ਹੋ ਰਿਹਾ ਹੈ ਅਤੇ ਆਉਂਦੇ 30 ਤੋਂ 90 ਦਿਨ ਦੇ ਅੰਦਰ ਸੋਸ਼ਲ ਸਕਿਉਰਿਟੀ ਅਧੀਨ ਮਿਲਣ ਵਾਲੀ ਰਕਮ ਬੰਦ ਹੋ ਸਕਦੀ ਹੈ।

ਵਾਸ਼ਿੰਗਟਨ : ਅਮਰੀਕਾ ਦੇ ਸਵਾ ਸੱਤ ਕਰੋੜ ਲੋਕਾਂ ਉਤੇ ਖਤਰਾ ਮੰਡਰਾਉਂਦਾ ਮਹਿਸੂਸ ਹੋ ਰਿਹਾ ਹੈ ਅਤੇ ਆਉਂਦੇ 30 ਤੋਂ 90 ਦਿਨ ਦੇ ਅੰਦਰ ਸੋਸ਼ਲ ਸਕਿਉਰਿਟੀ ਅਧੀਨ ਮਿਲਣ ਵਾਲੀ ਰਕਮ ਬੰਦ ਹੋ ਸਕਦੀ ਹੈ। ਜੀ ਹਾਂ, ਸੋਸ਼ਲ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ ਸਾਬਕਾ ਕਮਿਸ਼ਨਰ ਮਾਰਟਿਨ ਓ ਮੈਲੀ ਨੇ ਚਿਤਾਵਨੀ ਦਿਤੀ ਹੈ ਕਿ ਸਰਫ਼ਾ ਕਰਨ ਦੀ ਮੁਹਿੰਮ ਤਹਿਤ ਈਲੌਨ ਮਸਕ ਦੇ ਵਿਭਾਗ ਵੱਲੋਂ ਕੀਤੀਆਂ ਤਬਦੀਲੀਆਂ ਵੱਡੇ ਸੰਕਟ ਦਾ ਕਾਰਨ ਬਣਨਗੀਆਂ ਅਤੇ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਿਆਂ ਵਿਚ ਸੇਵਾ ਮੁਕਤ ਜਾਂ ਸਰੀਰਕ ਤੌਰ ’ਤੇ ਅਪਾਹਜ ਲੋਕ ਸ਼ਾਮਲ ਹੋਣਗੇ ਜਿਨ੍ਹਾਂ ਦਾ ਗੁਜ਼ਾਰਾ ਹੀ ਸਰਕਾਰ ਤੋਂ ਮਿਲਣ ਵਾਲੀ ਆਰਥਿਕ ਸਹਾਇਤਾ ਨਾਲ ਚਲਦਾ ਹੈ। ਮਾਰਟਿਨ ਓ ਮੈਲੀ ਨੇ ਦੱਸਿਆ ਕਿ ਡੌਜ ਦੇ ਦਖਲ ਨਾਲ ਮੁਲਾਜ਼ਮਾਂ ਦੀ ਕਿੱਲਤ ਹੋਵੇਗੀ ਜਿਸ ਮਗਰੋਂ ਦਫ਼ਤਰ ਬੰਦ ਹੋਣ ਦੀ ਨੌਬਤ ਆ ਸਕਦੀ ਹੈ।
ਸਮਾਜਿਕ ਸੁਰੱਖਿਆ ਤਹਿਤ ਮਿਲਣ ਵਾਲੀ ਰਕਮ ਹੋ ਸਕਦੀ ਹੈ ਬੰਦ
ਇਥੇ ਦਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਸੋਸ਼ਲ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੀ ਕਾਰਜਕਾਰੀ ਕਮਿਸ਼ਨਰ ਮਿਸ਼ੇਲ ਕਿੰਗ ਨੂੰ ਅਹੁਦਾ ਛੱਡਣ ਲਈ ਮਜਬੂਰ ਹੋਣਾ ਪਿਆ ਜਦੋਂ ਡੌਜ ਵੱਲੋਂ ਬੇਹੱਦ ਸੰਜੀਦਾ ਜਾਣਕਾਰੀ ਦੀ ਮੰਗ ਕੀਤੀ ਗਈ। ਮਿਸ਼ੇਲ ਦੀ ਥਾਂ ਟਰੰਪ ਸਰਕਾਰ ਵੱਲੋਂ ਫਰੈਂਕ ਬਿਸਾਈਨਾਨੋ ਦੀ ਨਾਮਜ਼ਦਗੀ ਕੀਤੀ ਗਈ ਪਰ ਸੈਨੇਟ ਵੱਲੋਂ ਤਸਦੀਕ ਕੀਤੀ ਜਾਣੀ ਬਾਕੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਸ਼ਲ ਸਕਿਉਰਿਟੀ ਐਡਮਨਿਸਟ੍ਰੇਸ਼ਨ ਵੱਲੋਂ ਘੱਟੋ ਘੱਟੋ 7 ਹਜ਼ਾਰ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਰਹੀ ਹੈ ਜਦਕਿ ਕੁਝ ਰਿਪੋਰਟਾਂ ਵਿਚ 60 ਹਜ਼ਾਰ ਮੁਲਾਜ਼ਮਾਂ ਵਿਚੋਂ ਅੱਧਿਆਂ ਦੀ ਛਾਂਟੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਐਨੀ ਵੱਡੀ ਕਟੌਤੀ ਕੀਤੀ ਗਈ ਤਾਂ ਲੱਖਾਂ ਲੋਕਾਂ ਨੂੰ ਸਮਾਜਿਕ ਸਹਾਇਤਾ ਮਿਲਣੀ ਮੁਸ਼ਕਲ ਹੋ ਸਕਦੀ ਹੈ ਜਦਕਿ ਪ੍ਰੋਸੈਸਿੰਗ ਦਾ ਸਮਾਂ ਸਾਰੀਆਂ ਹੱਦਾਂ ਪਾਰ ਕਰ ਸਕਦਾ ਹੈ। ਡੌਜ ਦੀ ਵੈਬਸਾਈਟ ’ਤੇ ਮੁਹੱਈਆ ਜਾਣਕਾਰੀ ਮੁਤਾਬਕ ਕਈ ਰਾਜਾਂ ਵਿਚ ਸੋਸ਼ਲ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ ਦਫ਼ਤਰਾਂ ਦੀ ਲੀਜ਼ ਰੱਦ ਕਰ ਦਿਤੀ ਗਈ ਹੈ ਜਿਨ੍ਹਾਂ ਵਿਚ ਟੈਕਸਸ, ਲੂਈਜ਼ਿਆਨਾ, ਫਲੋਰੀਡਾ, ਕੈਂਟਕੀ, ਨੌਰਥ ਕੈਰੋਲਾਈਨਾ ਅਤੇ ਹੋਰ ਕਈ ਸੂਬੇ ਸ਼ਾਮਲ ਹਨ। ਅਮੈਰਿਕਨ ਫੈਡਰੇਸ਼ਨ ਆਫ਼ ਗਵਰਨਮੈਂਟ ਇੰਪਲੌਈਜ਼ ਦੇ ਆਗੂ ਜਿਲ ਹੌਰਨਿਕ ਦਾ ਕਹਿਣਾ ਸੀ ਕਿ ਅਸਰ ਸਾਹਮਣੇ ਆਉਣ ਵਿਚ ਕੁਝ ਸਮਾਂ ਲੱਗ ਸਕਦਾ ਹੈ ਪਰ ਇਹ ਯਕੀਨੀ ਤੌਰ ’ਤੇ ਦੌੜੇ ਆ ਰਹੇ ਹਨ।
14 ਮਾਰਚ ਮਗਰੋਂ ਵਿਹਲੇ ਕਰ ਦਿਤੇ ਜਾਣਗੇ ਹਜ਼ਾਰਾਂ ਮੁਲਾਜ਼ਮ
ਸੇਵਾ ਮੁਕਤੀ ਦੇ ਨਵੇਂ ਦਾਅਵਿਆਂ ਦਾ ਨਿਪਟਾਰਾ ਕਰਨਾ ਪਹਿਲਾਂ ਹੀ ਸਟਾਫ਼ ਦੀ ਕਮੀ ਕਾਰਨ ਮੁਸ਼ਕਲ ਹੋ ਰਿਹਾ ਹੈ ਅਤੇ ਭਵਿੱਖ ਵਿਚ ਹਾਲਾਤ ਹੋਰ ਵੀ ਗੁੰਝਲਦਾਰ ਹੋ ਜਾਣਗੇ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਈਲੌਨ ਮਸਕ ਦੀ ਅਗਵਾਈ ਵਾਲੇ ਡੌਜ ਵੱਲੋਂ ਐਸ.ਐਸ.ਏ. ਦੇ 45 ਫੀਲਡ ਦਫ਼ਤਰ ਬੰਦ ਕਰਨ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਸੈਨੇਟ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਚਕ ਸ਼ੂਮਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੌਜ ਦੀਆਂ ਹਰਕਤਾਂ ਅਮਰੀਕਾ ਦੀ ਸਮਾਜਿਕ ਸੁਰੱਖਿਆ ਉਤੇ ਹਮਲਾ ਕਰ ਰਹੀਆਂ ਹਨ। ਇਹ ਗੱਲ ਹਜ਼ਮ ਕਰਨੀ ਮੁਸ਼ਕਲ ਹੈ ਕਿ ਟਰੰਪ ਸਰਕਾਰ ਸਮਾਜਿਕ ਸੁਰੱਖਿਆ ਵਿਚ ਕਟੌਤੀ ਕਰਨਾ ਚਾਹੁੰਦੀ ਹੈ ਪਰ ਸਭਨਾਂ ਦੀਆਂ ਅੱਖਾਂ ਸਾਹਮਣੇ ਇਹ ਹੋ ਰਿਹਾ ਹੈ। ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਹਕੀਮ ਜੈਫਰੀਜ਼ ਨੇ ਆਪਣੀ ਚਿੰਤਾ ਸਾਂਝੀ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀ ਕਟੌਤੀ ਦਾ ਵੱਡਾ ਅਸਰ ਦੇਖਣ ਨੂੰ ਮਿਲੇਗਾ। ਦੱਸ ਦੇਈਏ ਕਿ ਐਸ.ਐਸ.ਏ. ਦੇ ਮੁਲਾਜ਼ਮਾਂ ਕੋਲ ਟਰੰਪ ਸਰਕਾਰ ਦੀ ਪੇਸ਼ਕਸ਼ ਪ੍ਰਵਾਨ ਕਰਨ ਵਾਸਤੇ 14 ਮਾਰਚ ਤੱਕ ਦਾ ਸਮਾਂ ਬਾਕੀ ਹੈ ਅਤੇ ਇਸ ਮਗਰੋਂ ਲੱਖਾਂ ਅਮਰੀਕਾ ਵਾਸੀਆਂ ਦਾ ਭਵਿੱਖ ਹਨੇਰੇ ਵਿਚ ਡੁੱਬ ਸਕਦਾ ਹੈ।