ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰਾਂ ਵਿਚ 66 ਹਜ਼ਾਰ ਪ੍ਰਵਾਸੀ ਬੰਦ
ਅਮਰੀਕਾ ਦੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰਾਂ ਵਿਚ ਬੰਦ ਪ੍ਰਵਾਸੀਆਂ ਦੀ ਗਿਣਤੀ ਵਧ ਕੇ 66 ਹਜ਼ਾਰ ਤੱਕ ਪੁੱਜ ਚੁੱਕੀ ਹੈ ਅਤੇ ਟਰੰਪ ਸਰਕਾਰ ਵੱਲੋਂ ਇਸ ਮਾਮਲੇ ਵਿਚ ਵੀ ਨਵਾਂ ਰਿਕਾਰਡ ਕਾਇਮ ਕੀਤਾ ਗਿਆ

By : Upjit Singh
ਸ਼ਿਕਾਗੋ : ਅਮਰੀਕਾ ਦੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰਾਂ ਵਿਚ ਬੰਦ ਪ੍ਰਵਾਸੀਆਂ ਦੀ ਗਿਣਤੀ ਵਧ ਕੇ 66 ਹਜ਼ਾਰ ਤੱਕ ਪੁੱਜ ਚੁੱਕੀ ਹੈ ਅਤੇ ਟਰੰਪ ਸਰਕਾਰ ਵੱਲੋਂ ਇਸ ਮਾਮਲੇ ਵਿਚ ਵੀ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ। ਆਈਸ ਦੇ ਇਤਿਹਾਸ ਵਿਚ ਕਦੇ ਵੀ ਹਿਰਾਸਤ ਵਿਚ ਰੱਖੇ ਪ੍ਰਵਾਸੀਆਂ ਦਾ ਅੰਕੜਾ 60 ਹਜ਼ਾਰ ਤੋਂ ਨਹੀਂ ਟੱਪਿਆ ਅਤੇ ਆਖਰੀ ਵਾਰ ਸਭ ਤੋਂ ਉਚਾ ਅੰਕੜਾ ਡੌਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 2019 ਵਿਚ ਦਰਜ ਕੀਤਾ ਗਿਆ ਜਦੋਂ 56 ਹਜ਼ਾਰ ਪ੍ਰਵਾਸੀ ਇੰਮੀਗ੍ਰੇਸ਼ਨ ਹਿਰਾਸਤ ਵਿਚ ਸਨ। ਰਵਾਇਤੀ ਤੌਰ ’ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਊਂਟੀ ਜੇਲ ਅਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਉਸਾਰੀਆਂ ਜੇਲਾਂ ਵਿਚ ਰੱਖਿਆ ਜਾਂਦਾ ਹੈ ਪਰ ਟਰੰਪ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਫੌਜੀ ਅੱਡਿਆਂ ਨੂੰ ਵੀ ਪ੍ਰਵਾਸੀਆਂ ਦੀ ਜੇਲ ਵਿਚ ਤਬਦੀਲ ਕਰ ਦਿਤਾ ਗਿਆ।
70 ਫ਼ੀ ਸਦੀ ਅਪਰਾਧਕ ਪਿਛੋਕੜ ਵਾਲੇ ਹੋਣ ਦਾ ਦਾਅਵਾ
ਇਸ ਵੇਲੇ ਆਈਸ 70 ਹਜ਼ਾਰ ਪ੍ਰਵਾਸੀਆਂ ਨੂੰ ਕੈਦ ਕਰਨ ਦੀ ਸਮਰੱਥਾ ਰਖਦੀ ਹੈ ਜਦਕਿ ਟਰੰਪ ਦੇ ਸੱਤਾ ਸੰਭਾਲਣ ਵੇਲੇ 41,500 ਮੰਜਿਆਂ ਦਾ ਪ੍ਰਬੰਧ ਮੌਜੂਦ ਸੀ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਅੰਕੜਿਆਂ ਮੁਤਾਬਕ ਆਈਸ ਦੀ ਹਿਰਾਸਤ ਵਿਚ ਮੌਜੂਦ 33 ਹਜ਼ਾਰ ਪ੍ਰਵਾਸੀਆਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਅਤੇ ਸਿਰਫ਼ ਗੈਰਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਦਾਖਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਡਿਪੋਰਟੇਸ਼ਨ ਦਾ ਸਿਲਸਿਲਾ ਲਗਾਤਾਰ ਜਾਰੀ ਰਹਿਣ ਕਰ ਕੇ ਅੰਕੜਾ ਘਟਦਾ-ਵਧਦਾ ਰਹਿੰਦਾ ਹੈ ਪਰ ਪ੍ਰਵਾਸੀਆਂ ਦੀ ਰਿਹਾਈ ਦਾ ਕੋਈ ਰਿਵਾਜ ਨਹੀਂ। ਬੇਹੱਦ ਖਾਸ ਮਾਮਲਿਆਂ ਵਿਚ ਹੀ ਪ੍ਰਵਾਸੀਆਂ ਦੀ ਰਿਹਾਈ ਸੰਭਵ ਹੋ ਸਕੀ ਹੈ। ਦੂਜੇ ਪਾਸੇ ਡੀ.ਐਚ.ਐਸ. ਦੀ ਤਰਜਮਾਨ ਟ੍ਰਿਸ਼ੀਆ ਮੈਕਲਾਫ਼ਲਿਨ ਦਾ ਕਹਿਣਾ ਸੀ ਕਿ ਆਈਸ ਵੱਲੋਂ ਗ੍ਰਿਫ਼ਤਾਰ 70 ਫ਼ੀ ਸਦੀ ਗੈਰਕਾਨੂੰਨੀ ਪ੍ਰਵਾਸੀ ਅਪਰਾਧਕ ਪਿਛੋਕੜ ਵਾਲੇ ਹਨ ਜਿਨ੍ਹਾਂ ਦੀ ਇਸ ਮੁਲਕ ਵਿਚ ਕੋਈ ਜ਼ਰੂਰਤ ਨਹੀਂ।
ਭਾਰਤੀਆਂ ਦੀ ਗਿਣਤੀ ਇਕ ਹਜ਼ਾਰ ਦੇ ਨੇੜੇ
ਇਸ ਦੇ ਉਲਟ ਮਾਇਗ੍ਰੇਸ਼ਨ ਪੌਲਿਸੀ ਇੰਸਟੀਚਿਊਟ ਦੇ ਸੀਨੀਅਰ ਫੈਲੋ ਮੁਜ਼ੱਫ਼ਰ ਚਿਸ਼ਤੀ ਨੇ ਕਿਹਾ ਕਿ ਅਸਲ ਵਿਚ ਟਰੰਪ ਸਰਕਾਰ ਵੱਲੋਂ ਤੈਅ ਵੱਡੇ ਵੱਡੇ ਟੀਚਿਆਂ ਕਰ ਕੇ ਇੰਮੀਗ੍ਰੇਸ਼ਨ ਹਿਰਾਸਤੀਆਂ ਦੀ ਗਿਣਤੀ ਜ਼ਿਆਦਾ ਨਜ਼ਰ ਆ ਰਹੀ ਹੈ। ਟਰੰਪ ਸਰਕਾਰ ਨੇ ਰੋਜ਼ਾਨਾ 3 ਹਜ਼ਾਰ ਪ੍ਰਵਾਸੀ ਕਾਬੂ ਕਰਨ ਅਤੇ ਹਰ ਸਾਲ 10 ਲੱਖ ਡਿਪੋਰਟ ਕਰਨ ਦਾ ਦਮਗਜਾ ਮਾਰਿਆ ਸੀ। ਹੁਣ ਡੀ.ਐਚ.ਐਸ. ਦਾ ਆਪਣਾ ਅੰਕੜਾ ਦਰਸਾਉਂਦਾ ਹੈ ਕਿ ਆਈਸ ਨੇ ਟਰੰਪ ਦੇ ਸੱਤਾ ਸੰਭਾਲਣ ਮਗਰੋਂ 2 ਲੱਖ 78 ਹਜ਼ਾਰ ਗ੍ਰਿਫ਼ਤਾਰੀਆਂ ਕੀਤੀਆਂ ਅਤੇ ਰੋਜ਼ਾਨਾ ਔਸਤ 965 ਬਣਦੀ ਹੈ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੀਆਂ ਗ੍ਰਿਫ਼ਤਾਰੀਆਂ ਨੂੰ ਵੀ ਜੋੜ ਦਿਤਾ ਜਾਵੇ ਤਾਂ ਅੰਕੜਾ 5 ਲੱਖ 20 ਹਜ਼ਾਰ ਹੋ ਜਾਂਦਾ ਹੈ ਅਤੇ ਰੋਜ਼ਾਨਾ ਔਸਤ 1,800 ਬਣਦੀ ਹੈ। ਮੁਜ਼ੱਫ਼ਰ ਚਿਸ਼ਤੀ ਨੇ ਚਿੰਤਾ ਜ਼ਾਹਰ ਕੀਤੀ ਕਿ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰ ਵਿਚ ਹਾਲਾਤ ਬੇਹੱਦ ਬਦਤਰ ਬਣੇ ਹੋਏ ਹਨ ਅਤੇ ਸ਼ਿਕਾਗੋ ਦੀ ਅਦਾਲਤ ਵੱਲੋਂ ਹਦਾਇਤ ਦਿਤੀ ਗਈ ਹੈ ਕਿ ਹਿਰਾਸਤੀਆਂ ਨੂੰ ਸਾਫ਼ ਗੱਦੇ, ਤਿੰਨ ਵਾਰ ਖਾਣਾ, ਨਹਾਉਣ ਦਾ ਪ੍ਰਬੰਧ ਅਤੇ ਫੋਨ ਕਾਲਜ਼ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।


