ਅਮਰੀਕਾ ਦੇ ਬਾਰਡਰ ’ਤੇ 5 ਹਜ਼ਾਰ ਭਾਰਤੀ ਗ੍ਰਿਫ਼ਤਾਰ
ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਗਿਣਤੀ ਵਿਚ ਹੈਰਾਨਕੁੰਨ ਵਾਧਾ ਹੋਇਆ ਹੈ ਅਤੇ ਟਰੰਪ ਸਰਕਾਰ ਦੀਆਂ ਸਖ਼ਤ ਰੋਕਾਂ ਦੇ ਬਾਵਜੂਦ ਲੋਕ ਆਪਣੇ ਸੁਪਨਿਆਂ ਦੇ ਮੁਲਕ ਵਿਚ ਕਦਮ ਰੱਖਣਾ ਚਾਹੁੰਦੇ ਹਨ

By : Upjit Singh
ਟੈਕਸਸ : ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਗਿਣਤੀ ਵਿਚ ਹੈਰਾਨਕੁੰਨ ਵਾਧਾ ਹੋਇਆ ਹੈ ਅਤੇ ਟਰੰਪ ਸਰਕਾਰ ਦੀਆਂ ਸਖ਼ਤ ਰੋਕਾਂ ਦੇ ਬਾਵਜੂਦ ਲੋਕ ਆਪਣੇ ਸੁਪਨਿਆਂ ਦੇ ਮੁਲਕ ਵਿਚ ਕਦਮ ਰੱਖਣਾ ਚਾਹੁੰਦੇ ਹਨ। ਜੀ ਹਾਂ, ਡੀ.ਐਚ.ਐਸ. ਦੇ ਅੰਕੜਿਆਂ ਮੁਤਾਬਕ ਜੁਲਾਈ ਦੇ ਮੁਕਾਬਲੇ ਸਤੰਬਰ ਮਹੀਨੇ ਦੌਰਾਨ ਮੈਕਸੀਕੋ ਦੇ ਬਾਰਡਰ ’ਤੇ ਫੜੇ ਪ੍ਰਵਾਸੀਆਂ ਦੀ ਗਿਣਤੀ ਵਿਚ 83 ਫ਼ੀ ਸਦੀ ਵਧ ਗਈ ਜਦਕਿ ਭਾਰਤੀ ਲੋਕਾਂ ਦੀ ਗਿਣਤੀ ਵਿਚ 100 ਫ਼ੀ ਸਦੀ ਵਾਧਾ ਹੋਇਆ ਹੈ। ਮੀਡੀਆ ਰਿਪੋਰਟ ਮੁਤਾਬਕ ਜੁਲਾਈ ਦੌਰਾਨ 4,592 ਪ੍ਰਵਾਸੀਆਂ ਨੂੰ ਕਸਟਮਜ਼ ਅਤੇ ਬਾਰਡਰ ਪੈਟਰੋਲ ਵਾਲਿਆਂ ਨੇ ਰੋਕਿਆ ਜਦਕਿ ਸਤੰਬਰ ਵਿਚ ਇਹ ਅੰਕੜਾ ਵਧ ਕੇ 8,386 ਹੋ ਗਿਆ। ਟਰੰਪ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਦੱਖਣੀ ਬਾਰਡਰ ਰਾਹੀਂ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਗਿਣਤੀ 50 ਸਾਲ ਦੇ ਹੇਠਲੇ ਪੱਧਰ ’ਤੇ ਪੁੱਜ ਚੁੱਕੀ ਹੈ।
ਸਤੰਬਰ ’ਚ ਬਾਰਡਰ ਪਾਰ ਕਰਨ ਵਾਲਿਆਂ ਦੀ ਗਿਣਤੀ 83 ਫ਼ੀ ਸਦੀ ਵਧੀ
ਅਕਤੂਬਰ 2024 ਤੋਂ ਤੋਂ ਸਤੰਬਰ 2025 ਤੱਕ ਦੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ 443,671 ਪ੍ਰਵਾਸੀ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਿਨ੍ਹਾਂ ਵਿਚੋਂ ਭਾਰਤੀ ਨੌਜਵਾਨਾਂ ਦੀ ਗਿਣਤੀ 4,962 ਬਣਦੀ ਹੈ। ਹੁਣ ਵੀ ਮੈਕਸੀਕੋ, ਗੁਆਟੇਮਾਲਾ ਅਤੇ ਨਿਕਾਰਾਗੁਆ ਨਾਲ ਸਬੰਧਤ ਗੈਰਕਾਨੂੰਨੀ ਪ੍ਰਵਾਸੀ ਸਭ ਤੋਂ ਵੱਧ ਗਿਣਤੀ ਵਿਚ ਅਮਰੀਕਾ ਵੱਲ ਆ ਰਹੇ ਹਨ। ਸਭਨਾਂ ਨੂੰ ਪਤਾ ਹੈ ਕਿ ਹੁਣ ਬਾਰਡਰ ’ਤੇ ਗ੍ਰਿਫਤਾਰੀ ਮਗਰੋਂ ਸਿੱਧੇ ਤੌਰ ’ਤੇ ਡਿਪੋਰਟ ਕੀਤਾ ਜਾਵੇਗਾ ਅਤੇ ਰਿਹਾਈ ਮਿਲਣ ਦੇ ਕੋਈ ਆਸਾਰ ਨਹੀਂ ਪਰ ਇਸ ਗੱਲ ਦੀ ਪ੍ਰਵਾਹ ਕੀਤੇ ਬਗੈਰ ਹੁਣ ਵੀ ਵਿਦੇਸ਼ੀ ਨਾਗਰਿਕਾਂ ਵੱਲੋਂ ਗੈਰਕਾਨੂੰਨੀ ਪ੍ਰਵਾਸ ਜਾਰੀ ਹੈ। ਦੂਜੇ ਪਾਸੇ ਬਾਇਡਨ ਸਰਕਾਰ ਵੇਲੇ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਤਾਜ਼ਾ ਅੰਕੜੇ ਬੇਹੱਦ ਘੱਟ ਬਣਦੇ ਹਨ। ਅਮਰੀਕਾ ਦੇ ਅੰਦਰੂਨੀ ਇਲਾਕਿਆਂ ਵਿਚ ਆਈਸ ਵੱਲੋਂ ਫੜੇ ਜਾ ਰਹੇ ਪ੍ਰਵਾਸੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਹੁਣ ਤੱਕ 5 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਦਕਿ 16 ਲੱਖ ਖੁਦ-ਬ-ਖੁਦ ਅਮਰੀਕਾ ਛੱਡ ਗਏ।
ਆਈਸ ਵੱਲੋਂ 5 ਲੱਖ ਤੋਂ ਵੱਧ ਪ੍ਰਵਾਸੀ ਡਿਪੋਰਟ ਕਰਨ ਦਾ ਦਾਅਵਾ
ਟਰੰਪ ਸਰਕਾਰ ਵੱਲੋਂ ਸੈਲਫ਼ ਡਿਪੋਰਟ ਹੋਣ ਵਾਲਿਆਂ ਨੂੰ ਇਕ ਹਜ਼ਾਰ ਡਾਲਰ ਦਾ ਬੋਨਸ ਅਤੇ ਹਵਾਈ ਜਹਾਜ਼ ਦੀ ਟਿਕਟ ਮੁਹੱਈਆ ਕਰਵਾਈ ਜਾ ਰਹੀ ਹੈ। ਅਮਰੀਕਾ ਦੀ ਸਹਾਇਕ ਗ੍ਰਹਿ ਸੁਰੱਖਿਆ ਮੰਤਰੀ ਟ੍ਰਿਸ਼ੀਆ ਮੈਕਲਾਫ਼ਲਿਨ ਨੇ ਦੱਸਿਆ ਕਿ ਦੇਸ਼ ਨਿਕਾਲੇ ਦੀ ਰਫ਼ਤਾਰ ਨੂੰ ਵੇਖਦਿਆਂ ਡਿਪੋਰਟੇਸ਼ਨ ਦੇ ਸਾਰੇ ਪੁਰਾਣੇ ਰਿਕਾਰਡ ਟੁੱਟਦੇ ਨਜ਼ਰ ਆ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੁਝ ਜੱਜਾਂ ਵੱਲੋਂ ਟਰੰਪ ਸਰਕਾਰ ਦੀ ਕਾਰਵਾਈ ਵਿਚ ਅੜਿੱਕੇ ਡਾਹੁਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਡੀ.ਐਚ.ਐਸ., ਆਈ ਅਤੇ ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਅਫ਼ਸਰਾਂ ਨੇ ਨਿਸ਼ਚਾ ਕਰ ਲਿਆ ਹੈ ਕਿ ਅਮਰੀਕਾ ਵਿਚ ਜ਼ਬਰਦਸਤੀ ਦਾਖਲ ਹੋਣ ਵਾਲਿਆਂ ਨੂੰ ਡਿਪੋਰਟ ਕਰ ਕੇ ਹੀ ਸਾਹ ਲੈਣਗੇ। ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸਪੱਸ਼ਟ ਆਵਾਜ਼ ਵਿਚ ਸੁਨੇਹਾ ਦਿਤਾ ਜਾ ਚੁੱਕਾ ਹੈ ਕਿ ਹੁਣ ਵੀ ਸੈਲਫ਼ ਡਿਪੋਰਟ ਹੋ ਜਾਉ, ਨਹੀਂ ਤਾਂ ਸਿੱਟੇ ਭੁਗਤਣ ਵਾਸਤੇ ਤਿਆਰ ਰਹੋ।


