ਅਮਰੀਕਾ ਦੇ 5 ਕਰੋੜ ਲੋਕ ਮੰਗ ਕੇ ਖਾਣ ਲਈ ਮਜਬੂਰ
ਅਮਰੀਕਾ ਵਿਚ ਪੰਜ ਕਰੋੜ ਤੋਂ ਵੱਧ ਲੋਕ ਮੰਗ ਕੇ ਰੋਟੀ ਖਾਣ ਲਈ ਮਜਬੂਰ ਹਨ ਅਤੇ ਵਧਦੀ ਮਹਿੰਗਾਈ ਨੇ ਉਨ੍ਹਾਂ ਦਾ ਕਚੂਮਰ ਕੱਢ ਕੇ ਰੱਖ ਦਿਤਾ ਹੈ।

By : Upjit Singh
ਨਿਊ ਯਾਰਕ : ਅਮਰੀਕਾ ਵਿਚ ਪੰਜ ਕਰੋੜ ਤੋਂ ਵੱਧ ਲੋਕ ਮੰਗ ਕੇ ਰੋਟੀ ਖਾਣ ਲਈ ਮਜਬੂਰ ਹਨ ਅਤੇ ਵਧਦੀ ਮਹਿੰਗਾਈ ਨੇ ਉਨ੍ਹਾਂ ਦਾ ਕਚੂਮਰ ਕੱਢ ਕੇ ਰੱਖ ਦਿਤਾ ਹੈ। ਫੂਡ ਬੈਂਕਸ ਉਤੇ ਨਿਰਭਰ ਲੋਕਾਂ ਦੀ ਗਿਣਤੀ ਵਿਚ 23 ਫੀ ਸਦੀ ਵਾਧਾ ਹੋਇਆ ਹੈ ਅਤੇ ਮੌਜੂਦਾ ਹਾਲਾਤ ਬਰਕਰਾਰ ਰਹੇ ਤਾਂ ਸਾਲ ਦੇ ਅੰਤ ਤੱਕ 10 ਫ਼ੀ ਸਦੀ ਹੋਰ ਵਾਧਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕਾ ਵਾਲਿਆਂ ਨੂੰ ਸਭ ਕੁਝ ਸਸਤਾ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਈਲੌਨ ਮਸਕ ਦੀ ਅਗਵਾਈ ਵਾਲਾ ਡੌਜ, ਫੂਡ ਬੈਂਕਸ ਨੂੰ ਮਿਲਣ ਵਾਲੀ ਰਕਮ ’ਤੇ ਆਰਾ ਚਲਾ ਰਹੇ ਹਨ। ਡਿਪਾਰਟਮੈਂਟ ਆਫ਼ ਗਵਰਨਮੈਂਟ ਐਫ਼ੀਸ਼ੀਐਂਸੀ ਵੱਲੋਂ ਕਨੈਕਟੀਕਟਦੇ ਫੂਡਸ਼ੇਅਰ ਨੂੰ ਮਿਲਣ ਵਾਲੀ ਰਕਮ ਵਿਚ 20 ਲੱਖ ਡਾਲਰ ਦੀ ਕਟੌਤੀ ਕੀਤੀ ਗਈ ਹੈ ਜਦਕਿ ਕੌਮੀ ਪੱਧਰ ’ਤੇ ਅਮਰੀਕਾ ਦੇ ਖੇਤੀ ਵਿਭਾਗ ਵੱਲੋਂ ਅਮਰੀਕਾ ਦੇ ਫੂਡ ਬੈਂਕਸ ਤੱਕ ਜਾ ਰਹੀ 500 ਮਿਲੀਅਨ ਡਾਲਰ ਦੀ ਸਪਲਾਈ ਰੋਕ ਦਿਤੀ ਗਈ। ਕਨੈਕਟੀਕਟ ਫੂਡਸ਼ੇਅਰ ਦੇ ਮੁੱਖ ਕਾਰਜਕਾਰੀ ਅਫਸਰ ਜੇਸਨ ਜੈਕਾਬੌਸਕੀ ਦਾ ਕਹਿਣਾ ਸੀ ਕਿ ਉਚ ਆਮਦਨ ਵਾਲੇ ਲੋਕਾਂ ਨੂੰ ਵੀ ਮਦਦ ਦੀ ਜ਼ਰੂਰਤ ਪੈਣ ਲੱਗੀ ਹੈ। ਇਨ੍ਹਾਂ ਵਿਚੋਂ ਕੁਝ ਆ ਕੇ ਕਹਿੰਦੇ ਹਨ, ‘‘ਦੇਖੋ ਅਸੀਂ ਕਈ ਸਾਲ ਤੋਂ ਤੁਹਾਨੂੰ ਦਾਨ ਦਿੰਦੇ ਆ ਰਹੇ ਹਾਂ ਪਰ ਹੁਣ ਸਾਨੂੰ ਵੀ ਮਦਦ ਦੀ ਜ਼ਰੂਰਤ ਹੈ।’’ ਜਦੋਂ ਅਜਿਹੇ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਕਿ ਆਖਰਕਾਰ ਐਨੀ ਜ਼ਰੂਰਤ ਕਿਵੇਂ ਪੈ ਗਈ ਤਾਂ ਜਵਾਬ ਮਿਲਦਾ ਹੈ ਕਿ ਆਰਥਿਕ ਹਾਲਾਤ ਗੈਰਯਕੀਨੀ ਵਾਲੇ ਬਣ ਚੁੱਕੇ ਹਨ।
ਫੂਡ ਬੈਂਕਸ ’ਤੇ ਨਿਰਭਰ ਲੋਕਾਂ ਦੀ ਗਿਣਤੀ ਵਿਚ ਤੇਜ਼ ਵਾਧਾ
ਫੂਡ ਬੈਂਕ ਨੈਟਵਰਕ ਫੀਡਿੰਗ ਅਮੈਰਿਕਾ ਦੇ ਅੰਕੜਿਆਂ ਮੁਤਾਬਕ ਕਨੈਕਟੀਕਟ ਵਿਖੇ ਹਰ ਅੱਠ ਲੋਕਾਂ ਵਿਚੋਂ ਇਕ ਆਪਣੀਆਂ ਖੁਰਾਕ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰੱਥ ਨਹੀਂ। ਸੂਬੇ ਦੇ ਵੌÇਲੰਗਫਰਡ ਸ਼ਹਿਰ ਦੀ ਚੰਦਰਾ ਕੈਲਸੀ ਨੇ ਦੱਸਿਆ ਕਿ ਉਹ ਤਿੰਨ ਬੱਚਿਆਂ ਦੀ ਮਾਂ ਹੈ ਅਤੇ ਯੇਲ ਸਕੂਲ ਆਫ਼ ਪਬਲਿਕ ਹੈਲਥ ਵਿਚ ਕੰਮ ਕਰਦੀ ਹੈ। ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਪਾਰਟ ਟਾਈਮ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਦੋ ਜਣਿਆਂ ਦੀ ਕਮਾਈ ਨਾਲ ਵੀ ਘਰ ਦਾ ਖਰਚਾ ਮੁਸ਼ਕਲ ਨਾਲ ਚਲਦਾ ਹੈ ਕਿਉਂਕਿ ਟੈਕਸ ਕਟੌਤੀਆਂ ਤੋਂ ਬਾਅਦ ਮੌਰਗੇਜ ਅਤੇ ਇੰਸ਼ਰੈਂਸ ਵਰਗੇ ਖਰਚੇ ਮੂੰਹ ਅੱਡੀਂ ਖੜ੍ਹੇ ਹੁੰਦੇ ਹਨ। ਕੈਲਸੀ ਨੇ ਦੱਸਿਆ ਕਿ ਫੂਡ ਬੈਂਕ ਵਾਲਾ ਮਸਲਾ ਬਚਪਨ ਤੋਂ ਹੀ ਉਸ ਦੇ ਨਾਲ ਪਰਛਾਵੇਂ ਵਾਂਗ ਤੁਰਦਾ ਆ ਰਿਹਾ ਹੈ। ਕਈ ਵਾਰ ਮਾਪਿਆਂ ਦੀ ਘੱਟ ਕਮਾਈ ਨਾਲ ਉਹ ਫੂਡ ਬੈਂਕ ਜਾਣ ਲਈ ਮਜਬੂਰ ਹੋ ਜਾਂਦੀ ਹੈ ਅਤੇ ਹੁਣ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦਿਆਂ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਟਰੰਪ ਦੇ ਸੱਤਾ ਵਿਚ ਆਉਣ ਮਗਰੋਂ ਕੈਲਸੀ ਹੋਰ ਜ਼ਿਆਦਾ ਡਰੀ ਹੋਈ ਹੈ।
ਟਰੰਪ ਵੱਲੋਂ ਫੂਡ ਬੈਂਕਸ ਨੂੰ ਦਿਤੀ ਜਾ ਰਹੀ ਰਕਮ ਵਿਚ ਕਟੌਤੀ
ਸੀ.ਬੀ.ਐਸ. ਨਿਊਜ਼ ਨਾਲ ਗੱਲਬਾਤ ਕਰਦਿਆਂ ਕੈਲਸੀ ਨੇ ਕਿਹਾ ਕਿ ਯੂਨੀਵਰਸਿਟੀਜ਼ ਨੂੰ ਮਿਲਦੀ ਸਰਕਾਰੀ ਗ੍ਰਾਂਟ ਵਿਚ ਕਟੌਤੀ ਕੀਤੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਦੇ ਵਿਹਲੇ ਹੋਣ ਦਾ ਖਤਰਾ ਮੰਡਰਾਅ ਰਿਹਾ ਹੈ। ਇਸੇ ਦੌਰਾਨ ਜੇਸਨ ਜੈਕਾਬੌਸਕੀ ਨੇ ਕਿਹਾ ਕਿ ਫੂਡ ਬੈਂਕਸ ਨੂੰ ਮਿਲਣ ਵਾਲੀ ਰਕਮ ਦਾ ਕੋਈ ਬਦਲ ਨਹੀਂ ਪਰ ਉਮੀਦ ’ਤੇ ਦੁਨੀਆਂ ਕਾਇਮ ਹੈ। ਉਨ੍ਹਾਂ ਅੱਗੇ ਕਿਹਾ, ‘‘ਅਸੀਂ ਅਮਰੀਕਾ ਵਿਚ ਵਸਦੇ ਹਾਂ ਅਤੇ ਮੁਲਕ ਦੇ ਲੋਕ ਮਿਹਨਤ ਤੋਂ ਕਦੇ ਪਿੱਛੇ ਨਹੀਂ ਹਟਦੇ। ਫੂਡ ਬੈਂਕਸ ਵੱਲੋਂ ਵੀ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਖਾਤਰ ਹਰ ਸੰਭਵ ਉਪਰਾਲੇ ਜਾਣਗੇ।’’


