ਅਮਰੀਕਾ ਵਿਚ ਬਰਫ਼ੀਲੇ ਤੂਫ਼ਾਨ ਕਾਰਨ 5 ਮੌਤਾਂ
ਅਮਰੀਕਾ ਵਿਚ ਬਰਫ਼ੀਲੇ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 5 ਹੋ ਚੁੱਕੀ ਹੈ ਅਤੇ 1 ਲੱਖ 75 ਹਜ਼ਾਰ ਲੋਕ ਬਗੈਰ ਬਿਜਲੀ ਤੋਂ ਗੁਜ਼ਾਰਾ ਕਰਨ ਲਈ ਮਜਬੂਰ ਹਨ।
By : Upjit Singh
ਵਾਸ਼ਿੰਗਟਨ : ਅਮਰੀਕਾ ਵਿਚ ਬਰਫ਼ੀਲੇ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 5 ਹੋ ਚੁੱਕੀ ਹੈ ਅਤੇ 1 ਲੱਖ 75 ਹਜ਼ਾਰ ਲੋਕ ਬਗੈਰ ਬਿਜਲੀ ਤੋਂ ਗੁਜ਼ਾਰਾ ਕਰਨ ਲਈ ਮਜਬੂਰ ਹਨ। ਰਾਜਧਾਨੀ ਵਾਸ਼ਿੰਗਟਨ ਵਿਖੇ ਇਕ ਫੁੱਟ ਤੱਕ ਬਰਫ਼ਬਾਰੀ ਹੋ ਚੁੱਕੀ ਹੈ ਜਦਕਿ ਕਈ ਰਾਜਾਂ ਵਿਚ ਗੜਿਆਂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿਤਾ। ਨੈਸ਼ਨਲ ਵੈਦਰ ਸਰਵਿਸ ਵੱਲੋਂ ਦੱਖਣ ਪੂਰਬੀ ਰਾਜਾਂ ਵਿਚ ਵਾ-ਵਰੋਲੇ ਆਉਣ ਦੀ ਚਿਤਾਵਨੀ ਦਿਤੀ ਗਈ ਅਤੇ ਤਾਪਮਾਨ ਮਨਫ਼ੀ 18 ਡਿਗਰੀ ਤੱਕ ਜਾ ਸਕਦਾ ਹੈ।
1.75 ਲੱਖ ਲੋਕ ਬਗੈਰ ਬਿਜਲੀ ਤੋਂ ਗੁਜ਼ਾਰਾ ਕਰਨ ਲਈ ਮਜਬੂਰ
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਲਮੀ ਤਪਿਸ਼ ਕਾਰਨ ਹਾਲਾਤ ਲਗਾਤਾਰ ਬਦਲ ਰਹੇ ਹਨ ਅਤੇ ਤੀਬਰ ਮੌਸਮ ਦੁਨੀਆਂ ਦੇ ਹਰ ਕੋਨੇ ਵਿਚ ਦਸਤਕ ਦੇ ਰਿਹਾ ਹੈ। ਹਜ਼ਾਰਾਂ ਘਰਾਂ ਵਿਚ ਖਾਣ ਵਾਸਤੇ ਕੁਝ ਨਹੀਂ ਅਤੇ ਪਰਵਾਰਕ ਮੈਂਬਰ ਘਰਾਂ ਵਿਚੋਂ ਬਾਹਰ ਨਿਕਲਣ ਵਾਸਤੇ ਮਜਬੂਰ ਹਨ। ਇਕ ਪਾਸੇ ਲੋਕ ਮੁਸ਼ਕਲਾਂ ਦਾ ਟਾਕਰਾ ਕਰਦੇ ਨਜ਼ਰ ਆਏ ਜਦਕਿ ਕੁਝ ਲੋਕਾਂ ਨੇ ਬਰਫ਼ਬਾਰੀ ਨੂੰ ਖੇਡ ਦਾ ਜ਼ਰੀਆ ਬਣਾ ਲਿਆ। ਕੈਂਟਕੀ ਦੇ ਸਭ ਤੋਂ ਵੱਡੇ ਸ਼ਹਿਰ ਲੂਈਵਿਲ ਵਿਚ ਲੋਕ ਘਰਾਂ ਦੇ ਬਾਹਰੋਂ ਬਰਫ਼ ਹਟਾਉਂਦੇ ਨਜ਼ਰ ਆਏ ਜਿਨ੍ਹਾਂ ਦਾ ਕਹਿਣਾ ਸੀ ਕਿ ਜੇ ਸਮਾਂ ਰਹਿੰਦੇ ਅਜਿਹਾ ਨਾ ਕੀਤਾ ਤਾਂ ਵੱਡਾ ਢੇਰ ਲੱਗ ਜਾਵੇਗਾ ਅਤੇ ਸਾਫ਼ ਕਰਨਾ ਬਹੁਤ ਔਖਾ ਹੋ ਸਕਦਾ ਹੈ।
ਸੈਂਕੜੇ ਫਲਾਈਟਸ ਰੱਦ, ਹਜ਼ਾਰਾਂ ਦੇਰੀ ਨਾਲ ਹੋਈਆਂ ਰਵਾਨਾ
ਕੈਨਸਸ, ਨੇਬਰਾਸਕਾ ਅਤੇ ਇੰਡਿਆਨਾ ਦੇ ਕਈ ਹਿੱਸਿਆਂ ਵਿਚ ਸੜਕਾਂ ’ਤੇ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਨੈਸ਼ਨਲ ਗਾਰਡਜ਼ ਨੂੰ ਤੈਨਾਤ ਕੀਤਾ ਗਿਆ। ਦੂਜੇ ਪਾਸੇ ਹਵਾਈ ਸਫ਼ਰ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਅਤੇ 25 ਹਜ਼ਾਰ ਤੋਂ ਵੱਧ ਫਲਾਈਟਸ ਦੇਰ ਨਾਲ ਰਵਾਨਾ ਹੋਣ ਅਤੇ ਢਾਈ ਹਜ਼ਾਰ ਤੋਂ ਵੱਧ ਫਲਾਈਟਸ ਰੱਦ ਹੋਣ ਦੀ ਰਿਪੋਰਟ ਹੈ। ਇਸੇ ਦੌਰਾਨ ਮਿਜ਼ੂਰੀ ਵਿਖੇ 72 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਨੇ ਹਾਲਾਤ ਵਧੇਰੇ ਖਤਰਨਾਕ ਬਣਾ ਦਿਤੇ। ਨਿਊ ਜਰਸੀ ਵਿਚ ਮੰਗਲਵਾਰ ਸਵੇਰ ਤੱਕ ਬਰਫ਼ਬਾਰੀ ਜਾਰੀ ਰਹਿਣ ਦੀ ਚਿਤਾਵਨੀ ਦਿਤੀ ਗਈ ਹੈ।