ਸਪੇਨ ਜਾ ਰਹੇ 45 ਪਾਕਿਸਤਾਨੀ ਸਮੁੰਦਰ ਵਿਚ ਡੁੱਬੇ
ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬਣ ਕਾਰਨ 45 ਪਾਕਿਸਤਾਨੀ ਨਾਗਰਿਕਾਂ ਸਣੇ 50 ਤੋਂ ਵੱਧ ਲੋਕ ਮਾਰੇ ਗਏ ਜਦਕਿ ਦੋ ਦਰਜਨ ਤੋਂ ਵੱਧ ਲਾਪਤਾ ਦੱਸੇ ਜਾ ਰਹੇ ਹਨ।
By : Upjit Singh
ਮੈਡਰਿਡ : ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬਣ ਕਾਰਨ 45 ਪਾਕਿਸਤਾਨੀ ਨਾਗਰਿਕਾਂ ਸਣੇ 50 ਤੋਂ ਵੱਧ ਲੋਕ ਮਾਰੇ ਗਏ ਜਦਕਿ ਦੋ ਦਰਜਨ ਤੋਂ ਵੱਧ ਲਾਪਤਾ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਫ਼ਰੀਕਾ ਮਹਾਂਦੀਪ ਦੇ ਪੱਛਮੀ ਇਲਾਕੇ ਤੋਂ ਸਪੇਨ ਵੱਲ ਜਾ ਰਹੀ ਕਿਸ਼ਤੀ ਮੋਰੱਕੋ ਨੇੜੇ ਡੁੱਬ ਗਈ ਜਿਸ ਵਿਚ ਸਮਰੱਥਾ ਤੋਂ ਵਧੇ ਮੁਸਾਫ਼ਰ ਸਵਾਰ ਸਨ। ਪਾਕਿਸਤਾਨਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਨੁੱਖੀ ਤਸਕਰੀ ਰੋਕਣ ਵਾਸਤੇ ਠੋਸ ਕਦਮ ਉਠਾਏ ਜਾਣ ਦੀ ਵਕਾਲਤ ਕੀਤੀ।
ਕਿਸ਼ਤੀ ਵਿਚ ਸਵਾਰ ਸਨ 80 ਤੋਂ ਵੱਧ ਪ੍ਰਵਾਸੀ
ਉਧਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੱਲੋਂ ਅਧਿਕਾਰੀਆਂ ਤੋਂ ਘਟਨਾ ਦੀ ਰਿਪੋਰਟ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਤਸਕਰੀ ਵਰਗੇ ਸੰਗੀਨ ਜੁਰਮ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਰੱਕੋ ਵਿਖੇ ਪਾਕਿਸਤਾਨੀ ਅੰਬੈਸੀ ਮਾਮਲੇ ’ਤੇ ਨਜ਼ਰ ਰੱਖ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੌਰੀਟੈਨੀਆ ਤੋਂ ਇਕ ਕਿਸ਼ਤੀ 86 ਪ੍ਰਵਾਸੀਆਂ ਨੂੰ ਲੈ ਕੇ ਰਵਾਨਾ ਹੋਈ ਅਤੇ ਇਨ੍ਹਾਂ ਵਿਚ 65 ਪਾਕਿਸਤਾਨ ਨਾਲ ਸਬੰਧਤ ਸਨ। ਇਥੇ ਦਸਣਾ ਬਣਦਾ ਹੈ ਕਿ ਪਾਕਿਸਤਾਨੀ ਨਾਗਰਿਕਾਂ ਵਾਲੀ ਕਿਸ਼ਤੀ ਡੁੱਬਣ ਤੋਂ ਇਕ ਦਿਨ ਪਹਿਲਾਂ ਹੀ ਮੋਰੱਕੋ ਦੇ ਕੋਸਟ ਗਾਰਡਜ਼ ਵੱਲੋਂ ਇਕ ਕਿਸ਼ਤੀ ਵਿਚੋਂ 36 ਜਣਿਆਂ ਨੂੰ ਬਚਾਇਆ ਗਿਆ। ਸਾਲ 2024 ਵਿਚ ਨਾਜਾਇਜ਼ ਤਰੀਕੇ ਨਾਲ ਯੂਰਪੀ ਮੁਲਕਾਂ ਵੱਲ ਜਾ ਰਹੇ 10 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਦੀ ਜਾਨ ਗਈ।
ਮੋਰੱਕੋ ਨੇੜੇ ਵਾਪਰਿਆ ਹਾਦਸਾ, ਦੋ ਦਰਜਨ ਲਾਪਤਾ
ਸਾਊਥ ਏਸ਼ੀਆ ਸਣੇ ਸੀਰੀਆ, ਇਰਾਕ ਅਤੇ ਲੈਬਨਾਨ ਵਰਗੇ ਮੁਲਕਾਂ ਤੋਂ ਲੱਖਾਂ ਦੇ ਗਿਣਤੀ ਵਿਚ ਲੋਕ ਹਰ ਸਾਲ ਯੂਰਪੀ ਮੁਲਕ ਵਿਚ ਦਾਖਲ ਹੋਣ ਦਾ ਯਤਨ ਕਰਦੇ ਹਨ। ਪ੍ਰਵਾਸੀਆਂ ਬਾਰੇ ਜਾਣਕਾਰੀ ਇਕੱਤਰ ਕਰਨ ਵਾਲੇ ਏਜੰਸੀ ਫਰੌਂਟੈਕਸ ਮੁਤਾਬਕ 2024 ਵਿਚ ਤਕਰੀਬਨ ਢਾਈ ਲੱਖ ਲੋਕ ਨਾਜਾਇਜ਼ ਤਰੀਕੇ ਨਾਲ ਯੂਰਪੀ ਮੁਲਕਾਂ ਵਿਚ ਦਾਖਲ ਹੋਏ। ਮਨੁੱਖੀ ਤਸਕਰਾਂ ਵੱਲੋਂ 5 ਤੋਂ 6 ਹਜ਼ਾਰ ਡਾਲਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕਿਰਾਇਆ ਲੈ ਕੇ ਕਿਸ਼ਤੀਆਂ ਵਿਚ ਬਿਠਾ ਦਿਤਾ ਜਾਂਦਾ ਹੈ ਜਿਨ੍ਹਾਂ ਵਿਚੋਂ ਕਈ ਰਾਹ ਵਿਚ ਹੀ ਡੁੱਬ ਜਾਂਦੀਆਂ ਹਨ।