America ’ਚ ਭਾਰਤੀ ਪਰਵਾਰ ਸਣੇ 3 ਹਜ਼ਾਰ Migrants ਕਾਬੂ
ਅਮਰੀਕਾ ਦੇ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਤਿੰਨ ਹਜ਼ਾਰ ਨਵੀਆਂ ਗ੍ਰਿਫ਼ਤਾਰੀਆਂ ਕਰਦਿਆਂ ਆਈਸ ਏਜੰਟਾਂ ਵੱਲੋਂ ਚਾਰ ਜੀਆਂ ਵਾਲੇ ਭਾਰਤੀ ਪਰਵਾਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ

By : Upjit Singh
ਵਾਸ਼ਿੰਗਟਨ : ਅਮਰੀਕਾ ਦੇ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਤਿੰਨ ਹਜ਼ਾਰ ਨਵੀਆਂ ਗ੍ਰਿਫ਼ਤਾਰੀਆਂ ਕਰਦਿਆਂ ਆਈਸ ਏਜੰਟਾਂ ਵੱਲੋਂ ਚਾਰ ਜੀਆਂ ਵਾਲੇ ਭਾਰਤੀ ਪਰਵਾਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਨੇ ਦੱਸਿਆ ਕਿ ਮਿਨੀਆਪੌਲਿਸ ਸ਼ਹਿਰ ਵਿਚੋਂ 10 ਹਜ਼ਾਰ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਕਾਬੂ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ ਤਿੰਨ ਹਜ਼ਾਰ ਦੀ ਗ੍ਰਿਫ਼ਤਾਰੀ ਆਪ੍ਰੇਸ਼ਨ ਮੈਟਰੋ ਸਰਜ ਦੌਰਾਨ ਕੀਤੀ ਗਈ। ਦੂਜੇ ਪਾਸੇ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿਚ ਬੰਦ ਪ੍ਰਵਾਸੀਆਂ ਦੀ ਗਿਣਤੀ 73 ਹਜ਼ਾਰ ਤੋਂ ਟੱਪ ਚੁੱਕੀ ਹੈ ਅਤੇ ਮਿਨੀਆਪੌਲਿਸ ਤੋਂ ਗ੍ਰਿਫ਼ਤਾਰ ਇਕ ਪ੍ਰਵਾਸੀ ਟੈਕਸਸ ਦੇ ਡਿਟੈਨਸ਼ਨ ਸੈਂਟਰ ਵਿਚ ਦਮ ਤੋੜ ਗਿਆ। ਆਈਸ ਦੀ ਹਿਰਾਸਤ ਵਿਚ ਹੁਣ ਤੱਕ 17 ਜਣੇ ਦਮ ਤੋੜ ਚੁੱਕੇ ਹਨ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਦੋਸ਼ ਲਾਇਆ ਹੈ ਕਿ ਗ੍ਰਿਫ਼ਤਾਰੀ ਕੀਤੇ ਜਾ ਰਹੇ ਪ੍ਰਵਾਸੀਆਂ ਨੂੰ ਅਣਮਨੁੱਖੀ ਹਾਲਾਤ ਵਿਚ ਰੱਖਿਆ ਜਾਂਦਾ ਹੈ।
ਯੂ.ਐਸ. ਸਿਟੀਜ਼ਨਜ਼ ਨੂੰ ਡਿਪੋਰਟ ਕਰਨ ਵਾਲਾ ਕਾਨੂੰਨ ਲਿਆ ਰਹੇ ਟਰੰਪ
ਇਸੇ ਦੌਰਾਨ ਟਰੰਪ ਸਰਕਾਰ ਵੱਲੋਂ ਨਵਾਂ ਕਾਨੂੰਨ ਲਿਆਉਣ ਦਾ ਐਲਾਨ ਕੀਤਾ ਗਿਆ ਹੈ ਜਿਸ ਰਾਹੀਂ ਫਰੌਡ ਵਰਗੇ ਅਪਰਾਧਾਂ ਵਿਚ ਸ਼ਾਮਲ ਯੂ.ਐਸ. ਸਿਟੀਜ਼ਨਜ਼ ਨੂੰ ਵੀ ਡਿਪੋਰਟ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ। ਮਜ਼ੂਰੀ ਸੂਬੇ ਤੋਂ ਸੈਨੇਟ ਮੈਂਬਰ ਐਰਿਕ ਸ਼ਮਿਟ ਵੱਲੋਂ ਬਿਲ ਦਾ ਖਰੜਾ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਅਮੈਰਿਕਨ ਸਿਟੀਜ਼ਨਸ਼ਿਪ ਦੀ ਦੁਰਵਰਤੋਂ ਰੋਕਣੀ ਬੇਹੱਦ ਲਾਜ਼ਮੀ ਹੋ ਚੁੱਕੀ ਹੈ। ਨਵੇਂ ਬਿਲ ਨੂੰ ਸਟੌਪ ਸਿਟੀਜ਼ਨਸ਼ਿਪ ਐਬਿਊਜ਼ ਐਂਡ ਮਿਸਰਿਪ੍ਰਜ਼ੈਂਟੇਸ਼ਨ ਐਕਟ ਜਾਂ ਸਕੈਮ ਐਕਟ ਦਾ ਨਾਂ ਦਿਤਾ ਗਿਆ ਜਿਸ ਰਾਹੀਂ ਗੰਭੀਰ ਅਪਰਾਧਾਂ ਵਿਚ ਸ਼ਾਮਲ ਨਾਗਰਿਕਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇਗੀ। ਅਮਰੀਕਾ ਵਿਚ ਪਿਛਲੇ ਸਮੇਂ ਦੌਰਾਨ 70 ਤੋਂ ਵੱਧ ਪ੍ਰਵਾਸੀਆਂ ਨੂੰ ਫ਼ਰੌਡ ਦਾ ਦੋਸ਼ੀ ਠਹਿਰਾਇਆ ਗਿਆ ਜਿਨ੍ਹਾਂ ਨੇ ਸਰਕਾਰੀ ਖਜ਼ਾਨੇ ਵਿਚੋਂ 250 ਮਿਲੀਅਨ ਡਾਲਰ ਦੀ ਰਕਮ ਠੱਗੀ। ਇੰਮੀਗ੍ਰੇਸ਼ਨ ਵਿਰੋਧੀ ਸੋਚ ਰੱਖਣ ਵਾਲੇ ਬਿਲ ਦੇ ਹੱਕ ਵਿਚ ਨਜ਼ਰ ਆਏ ਪਰ ਇੰਮੀਗ੍ਰੇਸ਼ਨ ਹਮਾਇਤੀਆਂ ਵੱਲੋਂ ਬਿਲ ਨੂੰ ਸੰਵਿਧਾਨ ਵਿਰੁੱਧ ਦੱਸਿਆ ਜਾ ਰਿਹਾ ਹੈ। ਬਿਲ ਨੂੰ ਵਾਈਟ ਹਾਊਸ ਦਾ ਥਾਪੜਾ ਹਾਸਲ ਹੈ ਅਤੇ ਡਿਪਟੀ ਚੀਫ਼ ਆਫ਼ ਸਟਾਫ਼ ਸਟੀਫ਼ਨ ਮਿਲਰ ਨੇ ਕਿਹਾ ਕਿ ਮਿਨੇਸੋਟਾ ਵਿਚ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਸਖ਼ਤ ਕਾਨੂੰਨ ਲਾਜ਼ਮੀ ਹੋ ਚੁੱਕੇ ਹਨ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਸਰਕਾਰ ਵੱਲੋਂ ਐਕੁਈਜ਼ਿਸ਼ਨ ਲੌਜਿਸਟਿਕਸ ਨਾਂ ਦੀ ਫ਼ਰਮ ਨੂੰ ਡਿਟੈਨਸ਼ਨ ਸੈਂਟਰ ਦੀ ਉਸਾਰੀ ਅਤੇ ਸੰਚਾਲਨ ਲਈ 124 ਕਰੋੜ ਡਾਲਰ ਦਾ ਠੇਕਾ ਦਿਤਾ ਗਿਆ ਹੈ ਪਰ ਕੰਪਨੀ ਨੂੰ ਡਿਟੈਨਸ਼ਨ ਸੈਂਟਰ ਚਲਾਉਣ ਦਾ ਕੋਈ ਤਜਰਬਾ ਨਹੀਂ।
ਆਈਸ ਦੀ ਹਿਰਾਸਤ ਵਿਚ ਹੁਣ ਤੱਕ 17 ਮੌਤਾਂ
ਇਸ ਦੇ ਨਾਲ ਟਰੰਪ ਸਰਕਾਰ ਵੱਲੋਂ ਡਿਟੈਨਸ਼ਨ ਸੈਂਟਰਾਂ ਦੀ ਸਮਰੱਥਾ ਵਧਾ ਕੇ ਇਕ ਲੱਖ ਕਰਨ ਦਾ ਟੀਚਾ ਵੀ ਮਿੱਥਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਕ ਪ੍ਰਵਾਸੀ ਦੀ 3 ਜਨਵਰੀ ਨੂੰ ਹੋਈ ਮੌਤ ਨੂੰ ਸੰਭਾਵਤ ਕਤਲ ਐਲਾਨਿਆ ਜਾ ਸਕਦਾ ਹੈ ਅਤੇ ਅਜਿਹਾ ਹੋਇਆ ਤਾਂ ਅਮਰੀਕਾ ਦੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵੱਡੇ ਵਿਵਾਦ ਵਿਚ ਘਿਰ ਜਾਣਗੇ। ਟੈਕਸਸ ਸਿਵਲ ਰਾਈਟਸ ਪ੍ਰੌਜੈਕਟ ਦੀ ਅਟਾਰਨੀ ਸ਼ਾਰਲੈਟ ਵਾਈਜ਼ ਨੇ ਦੱਸਿਆ ਕਿ ਪ੍ਰਵਾਸੀਆਂ ਨਾਲ ਸਰੀਰਕ ਧੱਕੇਸ਼ਾਹੀ ਕੀਤੀ ਜਾਂਦੀ ਹੈ ਅਤੇ ਡਿਟੈਨਸ਼ਨ ਸੈਂਟਰ ਦੇ ਗਾਰਡ ਜਾਨਵਰਾਂ ਵਰਗਾ ਸਲੂਕ ਕਰਦੇ ਹਨ। ਇਸ ਤੋਂ ਇਲਾਵਾ ਮੈਡੀਕਲ ਸਹਾਇਤਾ ਦੇ ਨਾਂ ’ਤੇ ਕੁਝ ਨਹੀਂ ਮਿਲਦਾ ਅਤੇ ਉਪਰੋਂ ਸੜਿਆ ਹੋਇਆ ਖਾਣਾ ਦਿਤਾ ਜਾਂਦਾ ਹੈ। ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਜਾ ਰਿਹਾ ਹੈ।


