Begin typing your search above and press return to search.

ਅਮਰੀਕਾ-ਆਸਟ੍ਰੇਲੀਆ ’ਚ 3 ਪੰਜਾਬੀਆਂ ਦੀ ਮੌਤ

ਅਮਰੀਕਾ ਅਤੇ ਆਸਟ੍ਰੇਲੀਆ ਵਿਚ 2 ਪੰਜਾਬੀ ਟਰੱਕ ਡਰਾਈਵਰ ਦਰਦਨਾਕ ਹਾਦਸਿਆਂ ਦੌਰਾਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਜਦਕਿ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਵਿਚ ਰਹਿੰਦੇ ਦਮਨਪ੍ਰੀਤ ਸਿੰਘ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ।

ਅਮਰੀਕਾ-ਆਸਟ੍ਰੇਲੀਆ ’ਚ 3 ਪੰਜਾਬੀਆਂ ਦੀ ਮੌਤ
X

Upjit SinghBy : Upjit Singh

  |  17 March 2025 6:16 PM IST

  • whatsapp
  • Telegram

ਇੰਡਿਆਨਾਪੌਲਿਸ/ਬ੍ਰਿਸਬੇਨ : ਅਮਰੀਕਾ ਅਤੇ ਆਸਟ੍ਰੇਲੀਆ ਵਿਚ 2 ਪੰਜਾਬੀ ਟਰੱਕ ਡਰਾਈਵਰ ਦਰਦਨਾਕ ਹਾਦਸਿਆਂ ਦੌਰਾਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਜਦਕਿ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਵਿਚ ਰਹਿੰਦੇ ਦਮਨਪ੍ਰੀਤ ਸਿੰਘ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਦਮਨਪ੍ਰੀਤ ਸਿੰਘ ਦੀ ਲਾਸ਼ ਬ੍ਰਿਸਬੇਨ ਨਦੀ ਵਿਚੋਂ ਬਰਾਮਦ ਕੀਤੀ ਗਈ। ਅਮਰੀਕਾ ਵਿਚ ਜਾਨ ਗਵਾਉਣ ਵਾਲੇ ਟਰੱਕ ਡਰਾਈਵਰ ਦੀ ਸ਼ਨਾਖਤ ਦਲਜੀਤ ਸਿੰਘ ਵਜੋਂ ਕੀਤੀ ਗਈ ਹੈ ਜੋ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਇੰਡਿਆਨਾ ਸੂਬੇ ਵਿਚ ਰਹਿੰਦੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਦੇ ਅਚਨਚੇਤ ਵਿਛੋੜੇ ਨਾਲ ਉਸ ਦਾ ਪਰਵਾਰ ਕੱਖੋਂ ਹੌਲਾ ਹੋ ਗਿਆ ਹੈ। ਦਲਜੀਤ ਸਿੰਘ ਦੇ ਅੰਤਮ ਸਸਕਾਰ ਅਤੇ ਉਸ ਦੇ ਪਰਵਾਰ ਦੀ ਆਰਥਿਕ ਸਹਾਇਤਾ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।

ਦਲਜੀਤ ਸਿੰਘ ਤੇ ਤਰਜੀਤ ਸਿੰਘ ਨੇ ਸੜਕ ਹਾਦਸਿਆਂ ਦੌਰਾਨ ਦਮ ਤੋੜਿਆ

ਉਧਰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਵਿਚ ਬੇਗਾ ਕਸਬੇ ਨੇੜੇ ਸੜਕ ਹਾਦਸੇ ਦੌਰਾਨ 30 ਸਾਲ ਦੇ ਤਰਜੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿਸ ਸਨੋਈ ਮਾਊਂਟੇਨਜ਼ ਹਾਈਵੇਅ ’ਤੇ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਮੌਕੇ ’ਤੇ ਪੁੱਜੇ ਪੈਰਾਮੈਡਿਕਸ ਨੇ ਟਰੱਕ ਡਰਾਈਵਰ ਨੂੰ ਸੀ.ਪੀ.ਆਰ. ਰਾਹੀਂ ਹੋਸ਼ ਵਿਚ ਲਿਆਉਣ ਦਾ ਯਤਨ ਕੀਤਾ ਪਰ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ। ਇਸੇ ਦੌਰਾਨ ਕੁਈਨਜ਼ਲੈਂਡ ਸੂਬੇ ਦੇ ਟੂਵਾਂਬਾ ਵਿਖੇ ਰਹਿ ਰਹੇ ਦਮਨਪ੍ਰੀਤ ਸਿੰਘ ਦੀ ਲਾਸ਼ ਬ੍ਰਿਸਬੇਨ ਨਦੀ ਵਿਚੋਂ ਬਰਾਮਦ ਕੀਤੀ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਦਮਨਪ੍ਰੀਤ ਸਿੰਘ ਆਪਣੇ ਕੰਮ ਤੋਂ ਪਰਤਣ ਮਗਰੋਂ ਭੈਣ ਨੂੰ ਮਿਲਣ ਜਾ ਰਿਹਾ ਸੀ ਕਿ ਅਚਾਨਕ ਉਸ ਦਾ ਫੋਨ ਬੰਦ ਹੋ ਗਿਆ।

ਦਮਨਪ੍ਰੀਤ ਸਿੰਘ ਦੀ ਲਾਸ਼ ਬ੍ਰਿਸਬੇਨ ਨਦੀ ਵਿਚੋਂ ਮਿਲੀ

ਭੈਣ ਅਮਨਦੀਪ ਕੌਰ ਵੱਲੋਂ ਪੁਲਿਸ ਨੂੰ ਇਤਲਾਹ ਦਿਤੀ ਗਈ ਅਤੇ ਇਸੇ ਦੌਰਾਨ ਬ੍ਰਿਸਬੇਨ ਨਦੀ ਵਿਚੋਂ ਮਿਲੀ ਲਾਸ਼ ਦੀ ਸ਼ਨਾਖਤ ਦਮਨਪ੍ਰੀਤ ਸਿੰਘ ਵਜੋਂ ਹੋ ਗਈ। ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਕਸਬੇ ਦੇ ਮੁਹੱਲਾ ਪੰਡੋਰੀ ਨਾਲ ਸਬੰਧਤ ਦਮਨਪ੍ਰੀਤ ਸਿੰਘ ਦੇ ਪਿਤਾ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 7 ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਆਸਟ੍ਰੇਲੀਆ ਪੁੱਜਾ ਅਤੇ ਤਿੰਨ ਸਾਲ ਦਾ ਡਿਪਲੋਮਾ ਅਤੇ ਦੋ ਸਾਲ ਦੀ ਡਿਗਰੀ ਕਰਨ ਮਗਰੋਂ ਹੁਣ ਵਰਕ ਪਰਮਿਟ ’ਤੇ ਸੀ। ਜਗਜੀਤ ਸਿੰਘ ਵੱਲੋਂ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਦਮਨਪ੍ਰੀਤ ਸਿੰਘ ਦੀ ਦੇਹ ਪੰਜਾਬ ਲਿਆਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਉਧਰ ਦਮਨਪ੍ਰੀਤ ਸਿੰਘ ਦੀ ਭੈਣ ਅਮਨਦੀਪ ਕੌਰ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ ਜਦਕਿ ਪੁਲਿਸ ਵੱਲੋਂ ਦਮਨਪ੍ਰੀਤ ਸਿੰਘ ਦੀ ਮੌਤ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it