ਅਮਰੀਕਾ ਅਤੇ ਕੈਨੇਡਾ ਵਿਚ 3 ਪੰਜਾਬੀਆਂ ਨਾਲ ਅਣਹੋਣੀ
ਕੈਨੇਡਾ ਅਤੇ ਅਮਰੀਕਾ ਵਿਚ ਤਿੰਨ ਪੰਜਾਬੀਆਂ ਨਾਲ ਅਣਹੋਣੀ ਵਰਤਣ ਦੀ ਦੁਖਦ ਖਬਰ ਸਾਹਮਣੇ ਆਈ ਹੈ।
By : Upjit Singh
ਨਿਊ ਯਾਰਕ/ਬਰੈਂਪਟਨ : ਕੈਨੇਡਾ ਅਤੇ ਅਮਰੀਕਾ ਵਿਚ ਤਿੰਨ ਪੰਜਾਬੀਆਂ ਨਾਲ ਅਣਹੋਣੀ ਵਰਤਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸਾਹਿਬ ਸਿੰਘ ਅਮਰੀਕਾ ਦੇ ਨਿਊ ਜਰਸੀ ਵਿਖੇ ਸਦੀਵੀ ਵਿਛੋੜਾ ਦੇ ਗਿਆ ਜਦਕਿ ਨਿਊ ਯਾਰਕ ਦੇ ਨਿਊ ਹਾਈਡ ਪਾਰਕ ਵਿਚ ਕੰਸਟ੍ਰਕਸ਼ਨ ਵਰਕਰ ਦਾ ਕੰਮ ਕਰਦੇ ਚਮਕੌਰ ਸਿੰਘ ਦੀ ਅਚਨਚੇਤ ਮੌਤ ਹੋ ਗਈ। ਦੂਜੇ ਪਾਸੇ ਕੈਨੇਡਾ ਵਿਚ ਸਤਵੰਤ ਸਿੰਘ ਅਣਦੱਸੇ ਕਾਰਨਾਂ ਕਰ ਕੇ ਦਮ ਤੋੜ ਗਿਆ। ਨਿਊ ਜਰਸੀ ਦੇ ਸਾਊਥ ਪਲੇਨਫੀਲਡ ਨਾਲ ਸਬੰਧਤ ਮਨਦੀਪ ਸਿੰਘ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਸਾਹਿਬ ਸਿੰਘ ਦੀ ਦੇਹ ਪੰਜਾਬ ਭੇਜਣ ਲਈ ਮਦਦ ਦਾ ਸੱਦਾ ਦਿਤਾ ਗਿਆ ਹੈ।
ਨਿਊ ਜਰਸੀ ਵਿਚ ਸਾਹਿਬ ਸਿੰਘ ਅਤੇ ਨਿਊ ਯਾਰਕ ਵਿਖੇ ਚਮਕੌਰ ਸਿੰਘ ਦੀ ਮੌਤ
ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਆਪਣੇ ਪਿੱਛੇ ਦੋ ਨਿੱਕੀਆਂ ਧੀਆਂ ਛੱਡ ਗਿਆ ਹੈ ਜੋ ਸੁਨਹਿਰੀ ਭਵਿੱਖ ਦੀ ਭਾਲ ਵਿਚ ਅਮਰੀਕਾ ਪੁੱਜਾ ਸੀ ਪਰ ਬੀਤੀ 30 ਦਸੰਬਰ ਨੂੰ ਸਦੀਵੀ ਵਿਛੋੜਾ ਦੇ ਗਿਆ। ਦੂਜੇ ਪਾਸੇ 11 ਸਾਲ ਅਤੇ 15 ਸਾਲ ਦੀਆਂ ਧੀਆਂ ਦੇ ਪਿਤਾ ਚਮਕੌਰ ਸਿੰਘ ਦੀਆਂ ਅੰਤਮ ਰਸਮਾਂ ਲਈ ਆਰਥਿਕ ਸਹਾਇਤਾ ਦੀ ਅਪੀਲ ਕਰਦਿਆਂ ਗੁਰਵਿੰਦਰ ਕੌਰ ਨੇ ਕਿਹਾ ਕਿ ਪਰਵਾਰ ਵਾਸਤੇ ਮੁਸ਼ਕਲ ਦੀ ਇਸ ਘੜੀ ਦੌਰਾਨ ਆਪਣੇ ਆਪ ਨੂੰ ਸੰਭਾਲਣਾ ਬੇਹੱਦ ਮੁਸ਼ਕਲ ਹੈ। ਭਾਈਚਾਰੇ ਵੱਲੋਂ ਕੀਤੀ ਜਾਣ ਵਾਲੀ ਮਦਦ ਸਦਕਾ ਹੀ ਚਮਕੌਰ ਸਿੰਘ ਦੀਆਂ ਅੰਤਮ ਰਸਮਾਂ ਅਤੇ ਹੋਰ ਖਰਚੇ ਪੂਰੇ ਕੀਤੇ ਜਾ ਸਕਦੇ ਹਨ। ਦੋ ਧੀਆਂ ਨੂੰ ਆਪਣੇ ਦਮ ’ਤੇ ਪਾਲਣਾ ਇਕੱਲੀ ਮਾਂ ਵਾਸਤੇ ਸੌਖਾ ਨਹੀਂ।
ਕੈਨੇਡਾ ਵਿਚ ਸਤਵੰਤ ਸਿੰਘ ਨੇ ਅਚਨਚੇਤ ਦਮ ਤੋੜਿਆ
ਇਸੇ ਦੌਰਾਨ ਯੂ.ਕੇ. ਰਹਿੰਦੇ ਗੁਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸਤਵੰਤ ਸਿੰਘ ਤਕਰੀਬਨ ਅੱਠ ਸਾਲ ਪਹਿਲਾਂ ਕੈਨੇਡਾ ਆਇਆ ਪਰ ਪਿਛਲੇ ਦਿਨੀਂ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਸਤਵੰਤ ਸਿੰਘ ਦੇ ਦੋਸਤਾਂ ਵੱਲੋਂ ਉਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।