America ’ਚ 3 Punjabi ਟਰੱਕ ਡਰਾਈਵਰਾਂ ਨਾਲ ਭਾਣਾ
ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਉਤੇ ਇੰਮੀਗ੍ਰੇਸ਼ਨ ਵਾਲਿਆਂ ਦੇ ਨਾਲ-ਨਾਲ ਕੁਦਰਤ ਵੀ ਕਹਿਰ ਢਾਹ ਰਹੀ ਹੈ ਅਤੇ ਪਿੱਛੇ ਵਿਲਕਦੇ ਪਰਵਾਰਾਂ ਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ

By : Upjit Singh
ਟੈਕਸਸ : ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਉਤੇ ਇੰਮੀਗ੍ਰੇਸ਼ਨ ਵਾਲਿਆਂ ਦੇ ਨਾਲ-ਨਾਲ ਕੁਦਰਤ ਵੀ ਕਹਿਰ ਢਾਹ ਰਹੀ ਹੈ ਅਤੇ ਪਿੱਛੇ ਵਿਲਕਦੇ ਪਰਵਾਰਾਂ ਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ। ਜੀ ਹਾਂ, ਟੈਕਸਸ ਦੀ ਕਲੇਅ ਕਾਊਂਟੀ ਵਿਚ ਵਾਪਰੇ ਹੌਲਨਾਕ ਹਾਦਸੇ ਦੌਰਾਨ 34 ਸਾਲ ਦਾ ਸੰਦੀਪ ਸਿੰਘ ਦਮ ਤੋੜ ਗਿਆ ਜਦਕਿ ਵਾਇਓਮਿੰਗ ਸੂਬੇ ਦੇ ਗਰੀਨ ਰਿਵਰ ਇਲਾਕੇ ਵਿਚ ਦੋ ਟਰੱਕਾਂ ਦੀ ਟੱਕਰ ਨੇ 2 ਜਣਿਆਂ ਦੀ ਜਾਨ ਲੈ ਲਈ। ਵਾਇਓਮਿੰਗ ਵਾਲਾ ਹਾਦਸਾ ਬਿਲਕੁਲ ਹਰਜਿੰਦਰ ਸਿੰਘ ਵਾਲੇ ਹਾਦਸੇ ਨਾਲ ਮੇਲ ਖਾਂਦਾ ਦੱਸਿਆ ਜਾ ਰਿਹਾ ਹੈ ਕਿ ਜਿਥੇ ਇੰਟਰਸਟੇਟ 80 ’ਤੇ ਨਾਜਾਇਜ਼ ਤਰੀਕੇ ਨਾਲ ਸੱਜੇ ਹੱਥ ਟਰੱਕ ਰੋਕ ਦਿਤਾ ਗਿਆ ਅਤੇ ਪਿੱਛੋਂ ਆ ਰਿਹਾ ਤੇਜ਼ ਰਫ਼ਤਾਰ ਟਰੱਕ ਇਸ ਵਿਚ ਜਾ ਵੱਜਿਆ। ਹਾਦਸਾ ਐਨਾ ਦਿਲ ਕੰਬਾਊ ਸੀ ਕਿ ਇਕ ਵੱਡੇ ਧਮਾਕੇ ਮਗਰੋਂ ਅੱਗ ਲੱਗ ਗਈ ਅਤੇ ਦੋ ਜਣੇ ਜਿਊਂਦੇ ਸੜ ਗਏ। ਵਾਇਓਮਿੰਗ ਹਾਈਵੇਅ ਪੈਟਰੋਲ ਗਲਤ ਜਗ੍ਹਾ ਟਰੱਕ ਪਾਰਕ ਕਰਨ ਵਾਲੇ ਡਰਾਈਵਰ ਤਲਬ ਕੀਤਾ ਗਿਆ ਹੈ ਜਿਸ ਨੂੰ ਹਾਦਸੇ ਦੌਰਾਨ ਕੋਈ ਸੱਟ ਨਹੀਂ ਵੱਜੀ। ਹਾਦਸੇ ਮਗਰੋਂ ਇੰਟਰਸਟੇਟ 80 ’ਤੇ ਲੰਮਾ ਜਾਮ ਲੱਗ ਗਿਆ ਅਤੇ ਕਈ ਘੰਟੇ ਬਾਅਦ ਹੀ ਆਵਾਜਾਈ ਸ਼ੁਰੂ ਹੋ ਸਕੀ।
ਸੰਦੀਪ ਸਿੰਘ ਦੇ ਟਰੱਕ ਦੀ ਰੇਲਗੱਡੀ ਨਾਲ ਹੋਈ ਟੱਕਰ
ਉਧਰ ਟੈਕਸਸ ਦੇ ਡਿਪਾਰਟਮੈਂਟ ਆਫ ਪਬਲਿਕ ਸੇਫ਼ਟੀ ਨੇ ਦੱਸਿਆ ਕਿ ਸੰਦੀਪ ਸਿੰਘ ਦਾ ਟਰੱਕ ਰੇਲਗੱਡੀ ਨਾਲ ਟੱਕਰ ਮਗਰੋਂ ਪਲਟ ਗਿਆ ਅਤੇ ਮੈਨਟੀਕਾ ਨਾਲ ਸਬੰਧਤ ਡਰਾਈਵਰ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ। ਟੈਕਸਸ ਹਾਈਵੇਅ ਪੈਟਰੋਲ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਸੰਦੀਪ ਸਿੰਘ ਆਪਣੇ ਪਤਨੀ ਅਤੇ ਛੇ ਮਹੀਨੇ ਦਾ ਬੱਚਾ ਛੱਡ ਗਿਆ ਹੈ ਅਤੇ ਆਪਣੇ ਪਰਵਾਰ ਵਿਚ ਉਹ ਇਕੱਲਾ ਕਮਾਉਣ ਵਾਲਾ ਸੀ। ਬੇਕਰਜ਼ਫ਼ੀਲਡ ਦੀ ਪਵਨਦੀਪ ਕੌਰ ਵੱਲੋਂ ਗੋਫ਼ੰਡਮੀ ਪੇਜ ਸਥਾਪਤ ਕਰਦਿਆਂ ਸੰਦੀਪ ਸਿੰਘ ਦੀਆਂ ਅੰਤਮ ਰਸਮਾਂ ਅਤੇ ਪਰਵਾਰ ਦੀ ਆਰਥਿਕ ਮਦਦ ਦਾ ਸੱਦਾ ਦਿਤਾ ਗਿਆ ਹੈ। ਭਾਵੇਂ ਆਰਥਿਕ ਮਦਦ ਨਾਲ ਸੰਦੀਪ ਸਿੰਘ ਦੇ ਪਰਵਾਰ ਦੀ ਮਾਮੂਲੀ ਤੌਰ ’ਤੇ ਸਹਾਇਤਾ ਹੋ ਜਾਵੇਗੀ ਪਰ ਉਸ ਦੀ ਪਤਨੀ ਅਤੇ ਬੱਚੇ ਲਈ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕਰਨਾ ਸੌਖਾ ਨਹੀਂ। ਦੂਜੇ ਪਾਸੇ, ਕੈਲੇਫੋਰਨੀਆ ਵਿਚ ਤੇਜ਼ ਰਫ਼ਤਾਰ ਕਾਰ ਦੀ ਟੱਕਰ ਮਗਰੋਂ 9 ਨਵੰਬਰ ਤੋਂ ਵੈਂਟੀਲੇਟਰ ’ਤੇ ਚੱਲ ਰਹੀ ਆਰਤੀ ਸਿੰਘ ਦੇ ਮਾਪਿਆਂ ਨੂੰ ਟਰੰਪ ਸਰਕਾਰ ਵੀਜ਼ਾ ਦੇਣ ਤੋਂ ਇਨਕਾਰੀ ਹੈ। ਆਰਤੀ ਸਿਘ ਸੈਨ ਹੋਜ਼ੇ ਵਿਖੇ ਇਕ ਸਮਾਗਮ ਵਿਚ ਸ਼ਾਮਲ ਹੋਣ ਮਗਰੋਂ ਆਪਣੇ ਘਰ ਜਾ ਰਹੀ ਸੀ ਜਦੋਂ ਸੜਕ ਪਾਰ ਕਰਦਿਆਂ ਇਕ ਕਾਰ ਨੇ ਟੱਕਰ ਮਾਰ ਦਿਤੀ। ਸੈਂਟਾ ਕਲਾਰਾ ਵੈਲੀ ਮੈਡੀਕਲ ਸੈਂਟਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਆਰਤੀ ਸਿੰਘ ਦੇ ਸਿਹਤਯਾਬ ਹੋਣ ਦੀਆਂ ਉਮੀਦਾਂ ਖ਼ਤਮ ਹੋ ਚੁੱਕੀਆਂ ਹਨ ਅਤੇ ਜਲਦ ਹੀ ਉਸ ਦਾ ਵੈਂਟੀਲੇਟਰ ਹਟਾ ਦਿਤਾ ਜਾਵੇਗਾ। ਆਰਤੀ ਦੇ ਪਿਤਾ ਸੁਮੀਰਨ ਸਿੰਘ ਮੁਤਾਬਕ ਨਵੀਂ ਦਿੱਲੀ ਸਥਿਤ ਯੂ.ਐਸ. ਅੰਬੈਸੀ ਉਨ੍ਹਾਂ ਦੀ ਪਤਨੀ ਸੁਧਾ ਸਿੰਘ ਅਤੇ ਦੋ ਬੱਚਿਆਂ ਅੰਜਲੀ ਸਿੰਘ ਤੇ ਆਸ਼ੀਸ਼ ਸਿੰਘ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਰਹੀ ਹੈ। ਅੰਬੈਸੀ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਕੋਈ ਵਾਪਸ ਨਹੀਂ ਆਵੇਗਾ ਜਦਕਿ ਪਰਵਾਰ ਦਾ ਕਹਿਣਾ ਹੈ ਕਿ ਉਹ ਸਿਰਫ਼ ਆਰਤੀ ਨੂੰ ਦੇਖਣਾ ਚਾਹੁੰਦੇ ਹਨ। 3 ਫ਼ਰਵਰੀ ਅਤੇ 5 ਫ਼ਰਵਰੀ ਨੂੰ ਹੋਈਆਂ ਇੰਟਰਵਿਊਜ਼ ਦਾ ਜ਼ਿਕਰ ਕਰਦਿਆਂ ਸੁਮੀਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇ ਰੋਂਦੇ ਕੁਰਲਾਉਂਦਿਆਂ ਵੀਜ਼ਾ ਦੇਣ ਦੇ ਵਾਸਤੇ ਪਾਏ ਪਰ ਸੁਰੱਖਿਆ ਗਾਰਡਾਂ ਨੇ ਫੜ ਕੇ ਦਫ਼ਤਰ ਤੋਂ ਬਾਹਰ ਕੱਢ ਦਿਤਾ।
ਟੈਕਸਸ ਅਤੇ ਵਾਇਓਮਿੰਗ ’ਚ ਵਾਪਰੇ ਹੌਲਨਾਕ ਹਾਦਸੇ
ਉਨ੍ਹਾਂ ਅੱਗੇ ਕਿਹਾ ਕਿ ਹਸਪਤਾਲ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਹੀ ਵੀਜ਼ਾ ਇੰਟਰਵਿਊ ਵਾਸਤੇ ਸੱਦਿਆ ਗਿਆ ਅਤੇ ਮੌਕੇ ’ਤੇ ਨਾਂਹ ਕਰ ਦਿਤੀ ਗਈ। ਲਾਚਾਰ ਪਿਉ ਨੇ ਆਪਣਾ ਦਰਦ ਬਿਆਨ ਕਰਦਿਆਂ ਆਖਿਆ ਕਿ ਆਰਤੀ ਦੇ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਪਰਵਾਰ ਉਸ ਨੂੰ ਆਖਰੀ ਵਾਰ ਦੇਖਣਾ ਚਾਹੁੰਦਾ ਹੈ। ਇਸੇ ਦੌਰਾਨ ਸੁਧਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਿਰਫ਼ ਇਕ ਮਹੀਨੇ ਦਾ ਵੀਜ਼ਾ ਮੰਗਿਆ ਪਰ ਅੰਬੈਸੀ ਨੇ ਇਸ ਤੋਂ ਵੀ ਨਾਂਹ ਕਰ ਦਿਤੀ। ਪ੍ਰਮਾਤਮਾ ਉਤੇ ਯਕੀਨ ਜ਼ਾਹਰ ਕਰਦਿਆਂ ਸੁਧਾਰ ਸਿੰਘ ਨੇ ਕਿਹਾ ਕਿ ਆਰਤੀ ਜਲਦ ਹੋਸ਼ ਵਿਚ ਆਵੇਗੀ ਉਹ ਵੀਡੀਓ ਕਾਲ ਰਾਹੀਂ ਉਸ ਨਾਲ ਗੱਲ ਕਰ ਸਕਣਗੇ। ਆਰਤੀ ਦੇ ਪਿਤਾ ਨੇ ਪਰਵਾਰ ਦੇ ਵੀਜ਼ੇ ਲਈ ਕੈਲੇਫੋਰਨੀਆ ਤੋਂ ਸੰਸਦ ਮੈਂਬਰ ਰੋਅ ਖੰਨਾ ਨਾਲ ਵੀ ਸੰਪਰਕ ਕੀਤਾ ਪਰ ਕੋਈ ਹੁੰਗਾਰਾ ਨਾ ਮਿਲ ਸਕਿਆ। ਇਥੇ ਦਸਣਾ ਬਣਦਾ ਹੈ ਕਿ ਹਾਦਸੇ ਦੌਰਾਨ ਆਰਤੀ ਦੇ ਸਿਰ ’ਤੇ ਡੂੰਘੀ ਸੱਟ ਵੱਜੀ ਅਤੇ ਉਹ ਬੋਲਣ ਦੇ ਸਮਰੱਥ ਨਹੀਂ। ਵੈਂਟੀਲੇਟਰ ਹਟਾਉਣ ’ਤੇ ਉਸ ਦੇ ਸਾਹ ਰੁਕਣ ਲਗਦੇ ਹਨ ਅਤੇ ਪੁਲਿਸ ਵੱਲੋਂ ਹੁਣ ਤੱਕ ਹਾਦਸੇ ਲਈ ਜ਼ਿੰਮੇਵਾਰ ਡਰਾਈਵਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।


