ਗਾਜ਼ਾ ਵਿਚ 23 ਲੱਖ ਲੋਕ ਦਰ-ਦਰ ਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ
ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਜਾਰੀ ਹਮਲਿਆਂ ਕਾਰਨ 23 ਲੱਖ ਤੋਂ ਵੱਧ ਲੋਕ ਦਰ-ਦਰ ਦੀਆਂ ਠੋਕਰਾ ਖਾ ਰਹੇ ਹਨ ਅਤੇ ਢਿੱਡ ਭਰਨ ਵਾਸਤੇ ਲੁੱਟ ਹੀ ਸੌਖਾ ਰਾਹ ਬਚਿਆ ਹੈ।
By : Upjit Singh
ਗਾਜ਼ਾ ਪੱਟੀ : ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਜਾਰੀ ਹਮਲਿਆਂ ਕਾਰਨ 23 ਲੱਖ ਤੋਂ ਵੱਧ ਲੋਕ ਦਰ-ਦਰ ਦੀਆਂ ਠੋਕਰਾ ਖਾ ਰਹੇ ਹਨ ਅਤੇ ਢਿੱਡ ਭਰਨ ਵਾਸਤੇ ਲੁੱਟ ਹੀ ਸੌਖਾ ਰਾਹ ਬਚਿਆ ਹੈ। ਸੰਯੁਕਤ ਰਾਸ਼ਟਰ ਵੱਲੋਂ ਗਾਜ਼ਾ ਵਾਸਤੇ ਭੇਜੀ ਜਾ ਰਹੀ ਰਾਹਤ ਸਮੱਗਰੀ ਨੂੰ ਰਾਹ ਵਿਚ ਹੀ ਲੁੱਟਿਆ ਜਾ ਰਿਹਾ ਹੈ ਅਤੇ ਪਿਛਲੇ ਢਾਈ ਮਹੀਨੇ ਦੌਰਾਨ ਰਾਸ਼ਨ ਨਾਲ ਲੱਦੇ 100 ਤੋਂ ਵੱਧ ਟਰੱਕ ਲੁੱਟੇ ਗਏ। ਆਕਸਫ਼ੈਮ ਦੀ ਰਿਪੋਰਟ ਮੁਤਾਬਕ ਗਾਜ਼ਾ ਦੇ ਉਤਰੀ ਇਲਾਕੇ ਵਿਚ ਰਾਸ਼ਨ ਵਾਲੇ ਸਿਰਫ਼ 12 ਟਰੱਕ ਹੀ ਪਹੁੰਚ ਸਕੇ ਅਤੇ ਜ਼ਿਆਦਾਤਰ ਟਰੱਕ ਨੂੰ ਲੁੱਟ ਲਿਆ ਗਿਆ। ਹਾਲਾਤ ਐਨੇ ਬਦਤਰ ਹੋ ਚੁੱਕੇ ਹਨ ਕਿ ਲੋਕਾਂ ਦੇ ਭੁੱਖੇ ਮਰਨ ਦੀ ਨੌਬਤ ਆ ਚੁੱਕੀ ਹੈ।
ਸੰਯੁਕਤ ਰਾਸ਼ਟਰ ਵੱਲੋਂ ਭੇਜੇ ਰਾਸ਼ਨ ਵਾਲੇ 100 ਟਰੱਕ ਲੁੱਟੇ
ਔਰਤਾਂ ਅਤੇ ਬੱਚੇ ਕੂੜੇ ਦੇ ਢੇਰਾਂ ਵਿਚੋਂ ਖਾਣ ਵਾਲੀਆਂ ਚੀਜ਼ਾਂ ਚੁਗਦੇ ਦੇਖੇ ਜਾ ਸਕਦੇ ਹਨ। ਆਕਸਫੈਮ ਨੇ ਦੋਸ਼ ਲਾਇਆ ਕਿ ਅਕਤੂਬਰ ਤੋਂ ਇਜ਼ਰਾਈਲ ਵੱਲੋਂ ਜਾਣਬੁੱਝ ਕੇ ਜਬਾਲੀਆ, ਬੇਤ ਲਾਹੀਆ ਅਤੇ ਬੇਤ ਹਨੂਨ ਇਲਾਕਿਆਂ ਵਿਚ ਫੌਜ ਦੀ ਘੇਰਾਬੰਦੀ ਵਧਾਈ ਜਾ ਰਹੀ ਹੈ ਅਤੇ ਅਜਿਹਾ ਕਰਦਿਆਂ ਰਾਹਤ ਸਮੱਗਰੀ ਪੁੱਜਣ ਤੋਂ ਪਹਿਲਾਂ ਹੀ ਰੋਕੀ ਜਾ ਰਹੀ ਹੈ। ਗਾਜ਼ਾ ਵਿਚ ਰਹਿ ਰਹੇ ਲੋਕਾਂ ਦਾ ਕਹਿਣਾ ਹੈਕਿ ਬੱਚਿਆਂ ਨੂੰ ਖੇਡਣ ਤੋਂ ਰੋਕਿਆ ਜਾਂਦਾ ਹੈ ਕਿ ਕਿਤੇ ਭੁੱਖ ਨਾਲ ਚੱਕਰ ਹੀ ਨਾ ਆ ਜਾਣ। 15 ਜਣਿਆਂ ਦੇ ਪਰਵਾਰ ਕੋਲ ਖਾਣ ਵਾਸਤੇ ਬਿਸਕਿਟ ਦਾ ਸਿਰਫ਼ ਇਕ ਪੈਕਟ ਨਜ਼ਰ ਆਇਆ। ਦੂਜੇ ਪਾਸੇ ਸਿਰ ਢਕਣ ਵਾਸਤੇ ਛੱਤ ਵੀ ਨਹੀਂ। ਇਕ ਤਰਪਾਲ ਦੀ ਕੀਮਤ 15 ਹਜ਼ਾਰ ਰੁਪਏ ਬਣਦੀ ਹੈ ਅਤੇ ਤੰਬੂ ਤਿਆਰ ਕਰਨ ਵਾਸਤੇ ਪੰਜ ਤਰਪਾਲਾਂ ਲੋੜੀਂਦੀਆਂ ਹਨ। ਇਕ ਆਂਡੇ ਦਾ ਭਾਅ 500 ਰੁਪਏ ਤੱਕ ਪੁੱਜ ਗਿਆ ਹੈ ਅਤੇ ਉਹ ਮਿਲਣਾ ਮੁਸ਼ਕਲ ਹੈ। ਇਸੇ ਦੌਰਾਨ ਟ੍ਰਾਂਸਪੋਰਟ ਨਾਲ ਸਬੰਧਤ ਲੋਕਾਂ ਨੇ ਦੱਸਿਆ ਕਿ ਗਾਜ਼ਾ ਵਿਚ ਸਭ ਤੋਂ ਵੱਡਾ ਲੁਟੇਰਾ ਗਿਰੋਹ ਯਾਸਰ ਅਬੂ ਸ਼ਬਾਬ ਦਾ ਹੈ। ਹਮਾਸ ਨੇ 25 ਨਵੰਬਰ ਨੂੰ ਛਾਪਾ ਮਾਰਿਆ ਤਾਂ ਯਾਸਰ ਦੇ ਭਰਾ ਸਣੇ 20 ਜਣੇ ਮਾਰੇ ਗਏ। ਹਮਾਸ ਦਾ ਦੋਸ਼ ਹੈ ਕਿ ਰਾਹਤ ਸਮੱਗਰੀ ਲੁੱਟਣ ਵਾਲਿਆਂ ਨੂੰ ਇਜ਼ਰਾਇਲੀ ਫੌਜ ਮਦਦ ਦੇ ਰਹੀ ਹੈ ਅਤੇ ਸਾਹਮਣੇ ਹੁੰਦੀ ਲੁੱਟ ਦੇਖ ਕੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।