Begin typing your search above and press return to search.

ਅਮਰੀਕਾ ਵਿਚ 2 ਪੰਜਾਬੀਆਂ ਨਾਲ ਅਣਹੋਣੀ

ਅਮਰੀਕਾ ਵਿਚ 2 ਪੰਜਾਬੀ ਨੌਜਵਾਨਾਂ ਨਾਲ ਅਣਹੋਣੀ ਵਾਪਰਨ ਦੀ ਦੁਖਦ ਖਬਰ ਸਾਹਮਣੇ ਆਈ ਹੈ।

ਅਮਰੀਕਾ ਵਿਚ 2 ਪੰਜਾਬੀਆਂ ਨਾਲ ਅਣਹੋਣੀ
X

Upjit SinghBy : Upjit Singh

  |  11 Feb 2025 7:00 PM IST

  • whatsapp
  • Telegram

ਕੈਲੇਫੋਰਨੀਆ : ਅਮਰੀਕਾ ਵਿਚ 2 ਪੰਜਾਬੀ ਨੌਜਵਾਨਾਂ ਨਾਲ ਅਣਹੋਣੀ ਵਾਪਰਨ ਦੀ ਦੁਖਦ ਖਬਰ ਸਾਹਮਣੇ ਆਈ ਹੈ। 24 ਸਾਲ ਦਾ ਸੁਖਵਿੰਦਰ ਸਿੰਘ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਪਿਛਲੇ ਸਾਲ ਹੀ ਅਮਰੀਕਾ ਪੁੱਜਾ ਸੀ ਜੋ ਦਰਦਨਾਕ ਸੜਕ ਹਾਦਸੇ ਦੌਰਾਨ ਦਮ ਤੋੜ ਗਿਆ। ਦੂਜੇ ਪਾਸੇ ਆਪਣੇ ਪਰਵਾਰ ਦਾ ਇਕੋ-ਸਹਾਰਾ ਮਨਪ੍ਰੀਤ ਸਿੰਘ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਿਆ। ਸੁਖਵਿੰਦਰ ਸਿੰਘ ਆਪਣੇ ਪਿੱਛੇ ਵਿਲਕਦੀ ਮਾਤਾ ਛੱਡ ਗਿਆ ਹੈ ਜਿਸ ਦੀਆਂ ਅੱਖਾਂ ਅੱਜ ਵੀ ਆਪਣੇ ਪੁੱਤ ਦੀ ਘਰ ਵਾਪਸੀ ਦੀ ਉਡੀਕ ਕਰ ਰਹੀਆਂ ਹਨ।

ਸੁਖਵਿੰਦਰ ਸਿੰਘ ਨੇ ਸੜਕ ਹਾਦਸੇ ਦੌਰਾਨ ਦਮ ਤੋੜਿਆ

ਸੁਖਵਿੰਦਰ ਸਿੰਘ ਦੀ ਦੇਹ ਭਾਰਤ ਭੇਜਣ ਲਈ ਬਣਾਏ ਗੋਫੰਡਮੀ ਪੇਜ ਮੁਤਾਬਕ ਬਿਰਧ ਮਾਂ ਨੇ ਆਪਣੇ ਪੁੱਤ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਸਭ ਕੁਝ ਦਾਅ ’ਤੇ ਲਾ ਦਿਤਾ ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਅਮਰੀਕਾ ਪੁੱਜਣ ਮਗਰੋਂ ਸੁਖਵਿੰਦਰ ਸਿੰਘ ਨੇ ਟਰੱਕ ਡਰਾਈਵਿੰਗ ਦੀ ਟ੍ਰੇਨਿੰਗ ਲਈ ਅਤੇ ਟ੍ਰਾਂਸਪੋਰਟ ਖੇਤਰ ਵਿਚ ਸਰਗਰਮ ਹੋ ਗਿਆ। ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਕਿ ਅਚਨਚੇਤ ਵਾਪਰੇ ਹਾਦਸੇ ਨੇ ਬਜ਼ੁਰਗ ਮਾਂ ਦੀ ਦੁਨੀਆਂ ਸੁੰਨੀ ਕਰ ਦਿਤੀ। ਯੂ.ਪੀ. ਦੇ ਬਿਲਾਸਪੁਰ ਜ਼ਿਲ੍ਹੇ ਨਾਲ ਸਬੰਧਤ ਸੁਖਵਿੰਦਰ ਸਿੰਘ ਦੇ ਚਚੇਰੇ ਭਰਾ ਅੰਤਰਪ੍ਰੀਤ ਸਿੰਘ ਵੱਲੋਂ ਵੱਧ ਤੋਂ ਵੱਧ ਸਹਾਇਤਾ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ ਤਾਂਕਿ ਬਿਰਧ ਮਾਂ ਆਪਣੇ ਪੁੱਤ ਨੂੰ ਆਖਰੀ ਵਾਰ ਦੇਖ ਸਕੇ। ਉਧਰ ਫਰਿਜ਼ਨੋ ਦੇ ਇਸ਼ਟਪ੍ਰੀਤ ਸਿੰਘ ਵੱਲੋਂ ਸਥਾਪਤ ਗੋਫੰਡਮੀ ਪੇਜ ਮੁਤਾਬਕ ਮਨਪ੍ਰੀਤ ਸਿੰਘ ਇਕ ਮਿਹਨਤੀ ਨੌਜਵਾਨ ਸੀ ਜੋ ਆਪਣੇ ਪਰਵਾਰ ਦੀ ਆਰਥਿਕ ਹਾਲਤ ਸੁਧਾਰਨ ਦੇ ਮਕਸਦ ਨਾਲ ਅਮਰੀਕਾ ਪੁੱਜਾ। ਆਪਣੇ ਪਰਵਾਰ ਲਈ ਖੁਸ਼ੀਆਂ-ਖੇੜੇ ਚਾਹੁਣ ਵਾਲੇ ਮਨਪ੍ਰੀਤ ਸਿੰਘ ਦੀ ਅਚਨਚੇਤ ਮੌਤ ਬਾਰੇ ਪਤਾ ਲੱਗਣ ’ਤੇ ਪਰਵਾਰ ਦੁੱਖਾਂ ਦੇ ਸਮੁੰਦਰ ਵਿਚ ਡੁੱਬ ਗਿਆ। ਇਸ਼ਟਪ੍ਰੀਤ ਸਿੰਘ ਮੁਤਾਬਕ ਗੋਫ਼ੰਡਮੀ ਪੇਜ ਰਾਹੀਂ ਇਕੱਤਰ ਹੋਣ ਵਾਲੀ ਰਕਮ ਮਨਪ੍ਰੀਤ ਦੀ ਦੇਹ ਭਾਰਤ ਭੇਜਣ ਅਤੇ ਹੋਰ ਪ੍ਰਬੰਧਾਂ ਉਤੇ ਖਰਚ ਕੀਤੀ ਜਾਵੇਗੀ।

ਮਨਪ੍ਰੀਤ ਸਿੰਘ ਦੀ ਮੌਤ ਕਾਰਨ ਪਰਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ

ਦੱਸਿਆ ਜਾ ਰਿਹਾ ਹੈ ਕਿ ਟਰੰਪ ਦੇ ਹੁਕਮਾਂ ’ਤੇ ਪ੍ਰਵਾਸੀਆਂ ਦੀ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਫੜੋ ਫੜੀ ਕਾਰਨ ਨਵੇਂ ਪੁੱਜੇ ਪੰਜਾਬੀ ਨੌਜਵਾਨਾਂ ਵਿਚ ਸਹਿਮ ਦਾ ਮਾਹੌਲ ਹੈ। ਕੈਲੇਫੋਰਨੀਆ ਦੇ ਅਟਾਰਨੀ ਜਸਪ੍ਰੀਤ ਸਿੰਘ ਮੁਤਾਬਕ ਟਰੰਪ ਵੱਲੋਂ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫ਼ੋਰਸਮੈਂਟ ਅਧਿਕਾਰੀਆਂ ਨੂੰ ਅਖਤਿਆਰ ਦੇ ਦਿਤਾ ਗਿਆ ਹੈ ਕਿ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਉਨ੍ਹਾਂ ਪ੍ਰਵਾਸੀਆਂ ਨੂੰ ਸਿੱਧੇ ਤੌਰ ’ਤੇ ਡਿਪੋਰਟ ਕਰ ਦਿਤਾ ਜਾਵੇ ਜਿਨ੍ਹਾਂ ਨੂੰ ਮੁਲਕ ਵਿਚ ਦਾਖਲ ਹੋਇਆ ਦੋ ਸਾਲ ਜਾਂ ਇਸ ਤੋਂ ਘੱਟ ਸਮਾਂ ਹੋਇਆ ਹੈ। ਹਾਲਾਂਕਿ ਟਰੰਪ ਦੇ ਇਨ੍ਹਾਂ ਕਾਰਜਕਾਰੀ ਹੁਕਮਾਂ ਨੂੰ ਅਮਰੀਕਾ ਦੇ ਇੰਮੀਗ੍ਰੇਸ਼ਨ ਐਕਟ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ ਕਿ ਪਰ ਕਿਸੇ ਫੈਡਰਲ ਅਦਾਲਤ ਵੱਲੋਂ ਰੋਕ ਲਾਏ ਜਾਣ ਤੱਕ ਆਈ.ਸੀ.ਈ. ਵਾਲੇ ਕਾਰਵਾਈ ਕਰ ਸਕਦੇ ਹਨ। ਟਰੰਪ ਵੱਲੋਂ ਦਿਤੇ ਅਖਤਿਆਰਾਂ ਤਹਿਤ ਇੰਮੀਗ੍ਰੇਸ਼ਨ ਅਦਾਲਤਾਂ ਵਿਚ ਅਸਾਇਲਮ ਦੇ ਕੇਸ ਦਾਖਲ ਕਰ ਚੁੱਕੇ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਅਜਿਹੇ ਪ੍ਰਵਾਸੀਆਂ ਦੇ ਦਾਅਵਿਆਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਦਾਅਵਾ ਜਾਇਜ਼ ਮਹਿਸੂਸ ਨਾ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿਤਾ ਜਾਵੇਗਾ। ਇਸੇ ਡਰ ਕਾਰਨ ਵੱਡੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੇ ਕੰਮ ’ਤੇ ਜਾਣਾ ਛੱਡ ਦਿਤਾ ਹੈ ਅਤੇ ਉਹ ਘਰਾਂ ਵਿਚ ਬੈਠਣ ਲਈ ਮਜਬੂਰ ਹਨ।

Next Story
ਤਾਜ਼ਾ ਖਬਰਾਂ
Share it