ਅਮਰੀਕਾ ਦੇ ਵਰਜੀਨੀਆ ਸੂਬੇ ਦੀਆਂ ਚੋਣਾਂ ਵਿਚ 2 ਭਾਰਤੀ ਜੇਤੂ
ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਸਿੱਖ ਨੌਜਵਾਨ ਸਣੇ ਭਾਰਤੀ ਮੂਲ ਦੇ ਦੋ ਉਮੀਦਵਾਰ ਸੂਬਾਈ ਸੈਨੇਟ ਅਤੇ ਅਸੈਂਬਲੀ ਦੀ ਚੋਣ ਵਿਚ ਜੇਤੂ ਰਹੇ।
By : Upjit Singh
ਰਿਚਮੰਡ : ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਸਿੱਖ ਨੌਜਵਾਨ ਸਣੇ ਭਾਰਤੀ ਮੂਲ ਦੇ ਦੋ ਉਮੀਦਵਾਰ ਸੂਬਾਈ ਸੈਨੇਟ ਅਤੇ ਅਸੈਂਬਲੀ ਦੀ ਚੋਣ ਵਿਚ ਜੇਤੂ ਰਹੇ। ਜੇ.ਜੇ. ਸਿੰਘ ਸਟੇਟ ਹਾਊਸ ਆਫ਼ ਡੈਲੀਗੇਟਸ ਦੇ ਮੈਂਬਰ ਬਣੇ ਜਦਕਿ ਕੰਨਨ ਸ੍ਰੀਨਿਵਾਸਨ ਸੂਬਾ ਸੈਨੇਟ ਵਾਸਤੇ ਚੁਣੇ ਗਏ। ਵਰਜੀਨੀਆ ਸੂਬੇ ਦੀ ਚੋਣ ਵਿਚ ਇਕ ਹੋਰ ਭਾਰਤੀ ਮੂਲ ਦੇ ਉਮੀਦਵਾਰ ਰਾਮ ਵੈਂਕਟਾਚਲਮ ਦਾ ਨਾਂ ਵੀ ਉਭਰਿਆ ਜਿਸ ਨੂੰ ਜੇ.ਜੇ. ਸਿੰਘ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਜੇ.ਜੇ. ਸਿੰਘ ਸੂਬਾ ਅਸੈਂਬਲੀ ਦੇ ਮੈਂਬਰ ਚੁਣੇ ਗਏ
ਜੇ.ਜੇ. ਸਿੰਘ ਵੱਲੋਂ ਜਿੱਤੀ ਸੀਟ ਪਹਿਲਾਂ ਕੰਨਨ ਸ੍ਰੀਨਿਵਾਸਨ ਕੋਲ ਸੀ ਜਿਨ੍ਹਾਂ ਵੱਲੋਂ ਸੁਹਾਸ ਸੁਬਰਾਮਣੀਅਮ ਦੀ ਸੀਟ ਤੋਂ ਚੋਣ ਲੜਨ ਕਾਰਨ ਅਸਤੀਫ਼ਾ ਦਿਤਾ ਗਿਆ। ਸੁਹਾਸ ਸੁਬਰਾਮਣੀਅਮ ਵੱਲੋਂ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੀ ਚੋਣ ਲੜਨ ਵਾਸਤੇ ਸੂਬਾ ਸੈਨੇਟ ਦੀ ਸੀਟ ਛੱਡੀ ਗਈ। ਵਰਜੀਨੀਆ ਸੂਬੇ ਦੀ ਸੈਨੇਟ ਵਿਚ ਸ੍ਰੀਨਿਵਾਸਨ ਦੂਜੇ ਭਾਰਤੀ ਹੋਣਗੇ। ਇਸ ਤੋਂ ਪਹਿਲਾਂ ਹੈਦਰਾਬਾਦ ਵਿਚ ਜੰਮੀ ਗਜ਼ਾਲਾ ਹਾਸ਼ਮੀ ਸੈਨੇਟ ਦੀ ਮੈਂਬਰ ਹੈ। ਪੇਸ਼ੇ ਵਜੋਂ ਚਾਰਟਰਡ ਅਕਾਊਂਟੈਂਟ ਸ੍ਰੀਨਿਵਾਸਨ ਦੀ ਪਰਵਰਿਸ਼ ਤਾਮਿਲ ਨਾਡੂ ਵਿਚ ਹੋਈ। ਦੂਜੇ ਪਾਸੇ ਜੇ.ਜੇ. ਸਿੰਘ ਦਾ ਜਨਮ ਵਰਜੀਨੀਆ ਵਿਚ ਹੋਇਆ ਅਤੇ ਉਹ ਅਮਰੀਕਾ ਦੀ ਕਿਸੇ ਵੀ ਸੂਬਾਈ ਅਸੈਂਬਲੀ ਵਿਚ ਪਹਿਲੇ ਦਸਤਾਰਧਾਰੀ ਮੈਂਬਰ ਬਣੇ ਹਨ।
ਸ੍ਰੀਨਿਵਾਸਨ ਨੇ ਸੈਨੇਟ ਦੀ ਚੋਣ ਵਿਚ ਜਿੱਤ ਹਾਸਲ ਕੀਤੀ
ਜੇ.ਜੇ. ਸਿੰਘ ਨੇ ਬਰਾਕ ਓਬਾਮਾ ਦੇ ਕਾਰਜਕਾਲ ਵੇਲੇ ਵਾਈਟ ਹਾਊਸ ਵਿਚ ਦਫ਼ਤਰੀ ਮੈਨੇਜਮੈਂਟ ਵਜੋਂ ਕੰਮ ਕੀਤਾ। ਇਸ ਤੋਂ ਪਹਿਲਾਂ ਉਹ ਬੋਲੀਵੀਆ ਵਿਚ ਪੀਸ ਕੋਰ ਵਾਲੰਟੀਅਰ ਵੀ ਰਹੇ ਹਨ ਅਤੇ ਅਮਰੀਕਾ ਦੀ ਸੈਨੇਟ ਵਿਚ ਸਲਾਹਕਾਰ ਦੀ ਸੇਵਾ ਵੀ ਨਿਭਾਈ। ਤਾਜ਼ਾ ਚੋਣਾਂ ਡੈਮੋਕ੍ਰੈਟਿਕ ਪਾਰਟੀ ਵਾਸਤੇ ਬੇਹੱਦ ਅਹਿਮ ਸਨ ਜਿਨ੍ਹਾਂ ਨੂੰ ਹੁਣ ਦੋਹਾਂ ਸਦਨਾਂ ਵਿਚ ਬਹੁਮਤ ਹਾਸਲ ਹੋ ਗਿਆ ਹੈ। ਡੈਮੋਕ੍ਰੈਟਿਕ ਪਾਰਟੀ ਵੱਲੋਂ ਚੋਣਾਂ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਗਿਆ ਅਤੇ ਲੈਜਿਸਲੇਟਿਵ ਕੈਂਪੇਨ ਕਮੇਟੀ ਵੱਲੋਂ ਪਿਛਲੇ ਮਹੀਨੇ ਇਕ ਲੱਖ ਡਾਲਰ ਖਰਚ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ।